ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਕਿਉਂਕਿ ਇਨ੍ਹਾਂ ਬੱਚਿਆਂ ਨੇ ਹੀ ਪੜ੍ਹ ਲਿਖ ਕੇ ਡਾਕਟਰ, ਇੰਜੀਨੀਅਰ, ਅਧਿਆਪਕ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨੀ ਹੁੰਦੀ ਹੈ। ਸਾਰੇ ਮਾਪਿਆਂ ਦਾ ਇਹ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਵਧੀਆ ਸਿੱਖਿਆ ਲੈ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਜ਼ਰੂਰ ਪਾਉਣ। ਅੱਜ ਦੀ ਪੜ੍ਹਾਈ ਲਿਖਾਈ ਕਿਤੇ ਨਾ ਕਿਤੇ ਤਕਨਾਲਜੀ ਨਾਲ ਜੁੜੀ ਹੋਈ ਹੈ ਅਤੇ ਅੱਜ ਇਸ ਤਕਨਾਲੋਜੀ ਦਾ ਸਭ ਤੋਂ ਵੱਡਾ ਤੋਹਫਾ ਮੋਬਾਇਲ ਹੈ ਜੋ ਕਿ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਦੇ ਨਾਲ ਨਾਲ ਵਿਹਲੇ ਸਮੇਂ ਵਿਚ ਉਨ੍ਹਾਂ ਦਾ ਮਨੋਰੰਜਨ ਵੀ ਕਰਦਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਮੋਬਾਇਲ ਸਹੂਲਤ ਦੇਣ ਦੀ ਥਾਂ ਬੱਚਿਆਂ ਅਤੇ ਮਾਤਾ-ਪਿਤਾ ਦੀ ਪ੍ਰੇਸ਼ਾਨੀ ਦਾ ਕਾਰਣ ਬਣ ਰਿਹਾ ਹੈ। ਜਿਸ ਦਾ ਮੁੱਖ ਕਾਰਨ ਬੱਚਿਆਂ ਵੱਲੋਂ ਪੜ੍ਹਾਈ ਦੌਰਾਨ ਮਦਦ ਨਾ ਲੈ ਕੇ ਆਪਣੇ ਮਨੋਰੰਜਨ ਲਈ ਘੰਟਿਆਂ ਬੱਧੀ ਇਸਦੀ ਵਰਤੋਂ ਕਰਨਾ ਹੈ ਜਿਸ ਨਾਲ ਜਿੱਥੇ ਬੱਚੇ ਇਕਲਾਪੇ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਹੀ ਉਨ੍ਹਾਂ ਦੀ ਸਿਹਤ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਮੋਬਾਇਲ ਦੀ ਜ਼ਰੂਰਤ ਅਨੁਸਾਰ ਵਰਤੋਂ-ਅੱਜ ਦੇ ਭੱਜ ਦੌੜ ਦੇ ਸਮੇਂ ਵਿਚ ਮਾਪਿਆਂ ਕੋਲ ਸਮੇਂ ਦੀ ਘਾਟ ਹੁੰਦੀ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ। ਬੱਚਿਆਂ ਵਲੋਂ ਸਮੇਂ ਦੀ ਮੰਗ ਕਰਨ ਤੇ ਮਾਤਾ-ਪਿਤਾ ਵੱਲੋਂ ਬੱਚਿਆਂ ਨੂੰ ਮੋਬਾਇਲ ਦੇ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕਰਨ ਪਰ ਅਜਿਹਾ ਕਰਦੇ ਵੇਲੇ ਉਹ ਇਹ ਭੁੱਲ ਜਾਂਦੇ ਹਨ ਕਿ ਇਹ ਸਮਾਂ ਬੱਚਿਆਂ ਦੇ ਵਧਣ ਫੁੱਲਣ ਦਾ ਹੈ ਅਤੇ ਇਸ ਪ੍ਰਕਾਰ ਮੋਬਾਇਲ ਦੀ ਬੇਲੋੜੀ ਵਰਤੋਂ ਜਿੱਥੇ ਬੱਚਿਆਂ ਨੂੰ ਘਰ ਵਿਚ ਕੈਦ ਰੱਖਣ ਨੂੰ ਉਤਸ਼ਾਹਤ ਕਰੇਗੀ ਉੱਥੇ ਹੀ ਬੱਚਿਆਂ ਨੂੰ ਬਾਹਰ ਮੈਦਾਨ ਵਿਚ ਖੇਡਣ ਤੋਂ ਵੀ ਰੋਕੇਗੀ। ਲਗਭਗ ਸਾਰੇ ਹੀ ਬੱਚਿਆਂ ਵਲੋਂ ਮੋਬਾਇਲ ਫੜਨ ਸਾਰ ਉਸ ਉੱਤੇ ਗੇਮ ਖੇਡਣ ਦੀ ਮੰਗ ਕੀਤੀ ਜਾਂਦੀ ਹੈ ਜਿਸ ਉੱਤੇ ਬੱਚਾ ਘੰਟਿਆਂ ਬੱਧੀ ਆਪਣਾ ਸਮਾਂ ਬਤੀਤ ਕਰਦਾ ਹੈ ਇਸ ਤੋਂ ਇਲਾਵਾ ਯੂ ਟਿਊਬ ਉੱਤੇ ਬਾਲ ਕਵਿਤਾਵਾਂ, ਕਹਾਣੀਆਂ ਦੇਖਣ ਲਈ ਵੀ ਕਈ ਕਈ ਘੰਟੇ ਬਿਤਾਏ ਜਾਂਦੇ ਹਨ। ਲਗਾਤਾਰ ਮੋਬਾਇਲ ਦੀ ਵਰਤੋਂ ਕਰਨ ਨਾਲ ਬੱਚੇ ਦੇ ਦਿਲ, ਦਿਮਾਗ ਅਤੇ ਅੱਖਾਂ ਉੱਤੇ ਮਾੜਾ ਅਸਰ ਪੈਂਦਾ ਹੈ ਇਸੇ ਕਰਕੇ ਅੱਜ ਛੋਟੀ ਉਮਰ ਦੇ ਬੱਚਿਆਂ ਨੂੰ ਨਜਰ ਦੀਆਂ ਐਨਕਾਂ ਲੱਗ ਰਹੀਆਂ ਹਨ। ਕੁਝ ਸਮਾਂ ਪਹਿਲਾਂ ਹੋਈ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਤਕਨਾਲੋਜੀ ਬੱਚਿਆਂ ਨੂੰ ਲਾਭ ਦੇਣ ਦੀ ਥਾਂ ਤੇ ਨੁਕਸਾਨ ਦੇ ਰਹੀ ਹੈ । ਮੋਬਾਇਲ ਦੀ ਬੇਲੋੜੀ ਵਰਤੋ ਕਰਕੇ ਹੀ ਬੱਚਿਆਂ ਵਿਚ ਤਣਾਅ, ਆਟਿਜਮ, ਬਾਈਪੋਲਰ ਡਿਸਆਰਡਰ, ਮੋਟਾਪਾ, ਨੀਂਦ ਦੀ ਕਮੀ, ਮੋਬਾਇਲ ਦੀ ਲਤ ਲੱਗਣਾ, ਮਨੋਵਿਗਿਆਨਿਕ ਸਮੱਸਿਆਵਾਂ ਵੱਧ ਰਹੀਆਂ ਹਨ ਫਿਰ ਵੀ ਪਤਾ ਨਹੀਂ ਕਿਉਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸਦੀ ਵਰਤੋਂ ਕਰਨ ਦੀ ਖੁੱਲ੍ਹ ਦੇ ਰਹੇ ਹਨ।
ਕਿੰਝ ਕਰੀਏ ਬਚਾਅ
ਪੜ੍ਹਾਈ ਵਿਚ ਮਦਦ-ਮਾਪਿਆਂ ਨੂੰ ਆਪਣੇ ਰੁਝੇਵਿਆਂ ਵਿਚੋਂ ਕੁੱਝ ਨਾ ਕੁੱਝ ਸਮਾਂ ਆਪਣੇ ਬੱਚਿਆਂ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਮੋਬਾਇਲ ਦੀ ਮਦਦ ਲੈਣ ਦੀ ਥਾਂ ਖੁਦ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ। ਮੈਦਾਨ ਵਿਚ ਖੇਡਣ ਲਈ ਉਤਸ਼ਾਹਿਤ ਕਰਨਾ-ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਮੈਦਾਨ ਵਿਚ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਨਾਲੋਂ ਨਾਲ ਬੱਚਿਆਂ ਨੂੰ ਮਹਾਨ ਖਿਡਾਰੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ।
ਬੱਚਿਆਂ ਵੱਲ ਪੂਰਾ ਧਿਆਨ ਦੇਣਾ-ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਭਾਵੇਂ ਕਿ ਉਨ੍ਹਾਂ ਕੋਲ ਕਿੰਨੇ ਹੀ ਰੁਝੇਵੇਂ ਕਿਉਂ ਨਾ ਹੋਣ। ਮਾਤਾ-ਪਿਤਾ ਦੀ ਸਭ ਤੋਂ ਵੱਡੀ ਦੌਲਤ ਉਨ੍ਹਾਂ ਦੀ ਔਲਾਦ ਹੈ ਅਤੇ ਜੇਕਰ ਪੈਸੇ ਕਮਾਉਂਦੇ-ਕਮਾਉਂਦੇ ਉਹ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਹੀ ਨਾ ਦੇ ਸਕੇ ਜਾਂ ਬੱਚੇ ਉਨ੍ਹਾਂ ਦੇ ਕਹਿਣੇ ਵਿਚ ਹੀ ਨਾ ਰਹੇ ਤਾਂ ਅਜਿਹੇ ਪੈਸਿਆਂ ਦਾ ਕੀ ਲਾਭ? ਪਦਾਰਥਵਾਦੀ ਚੀਜ਼ਾਂ ਦੇ ਨਾਲ-ਨਾਲ ਬੱਚਿਆਂ ਨੂੰ ਮਾਤਾ-ਪਿਤਾ ਦੇ ਪਿਆਰ ਦੀ ਲੋੜ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਉਨ੍ਹਾਂ ਨੂੰ ਪੂਰਨ ਸਮਾਂ ਦਿੱਤਾ ਜਾਵੇ ਤਾਂ ਜੋ ਬੱਚੇ ਵੱਡੇ ਹੋ ਕੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਪ੍ਰਿੰਸ ਅਰੋੜਾ ਮਲੌਦ
9855483000
ਕੁੱਝ ਅਣ-ਕਹੇ ਜਜ਼ਬਾਤ
NEXT STORY