ਦੁਨੀਆ ਵਿੱਚ ਨੀਦਰਲੈਂਡ ਵਰਗੇ ਮੁਲਕ ਵੀ ਹਨ ਜਿਥੇ ਨਾ ਹੀ ਪੁਲਸ ਹੈ ਅਤੇ ਨਾ ਹੀ ਜੇਲਾਂ।,ਆਇਸਲੈਂਡ, ਆਇਰਲੈਂਡ, ਡੈਨਮਾਰਕ, ਆਦਿ ਬਹੁਤ ਸਾਰੇ ਅਜਿਹੇ ਮੁਲਕ ਹਨ ਜਿਥੇ ਲੋਕ ਕਦੇ ਵੀ ਲੜਦੇ ਝਗੜਦੇ ਨਹੀਂ, ਨਫ਼ਰਤ ਦੀ ਹਵਾ ਨਹੀਂ, ਇਗੋ ਨਾਂ ਦੀ ਕੋਈ ਚੀਜ਼ ਨਹੀਂ। ਉਹ ਲੋਕ ਆਪਣੇ ਸਾਰੇ ਮਸਲੇ ਇੱਕ ਛੋਟੇ ਜਿਹੇ ਸ਼ਬਦ ਸੌਰੀ ਨਾਲ ਹੱਲ ਕਰਨਾ ਜਾਣਦੇ ਹਨ। ਇਹ ਸ਼ਬਦ ਬੇਸ਼ੱਕ ਬਹੁਤ ਛੋਟਾ ਹੈ ਪਰ ਆਪਣੇ ਆਪ ਵਿੱਚ ਇਸਦੀ ਬੜੀ ਅਹਿਮੀਅਤ ਹੈ। ਦੁਨੀਆ ਵਿੱਚ ਬਹੁਤ ਸਾਰੇ ਇਹੋ ਜਿਹੇ ਦੇਸ਼ ਵੀ ਹਨ ਜਿਥੇ ਲੋਕਾਂ ਨੂੰ ਸੌਰੀ ਦੀ ਵਜ੍ਹਾ ਕਰਕੇ ਥਾਣੇ ਜਾ ਕਚਹਿਰੀਆ ਵਿੱਚ ਖੱਜਲ ਖੁਆਰ ਨਹੀਂ ਹੋਣਾ ਪੈਂਦਾ। ਜਿਹੜੇ ਦੇਸ਼ ਸੌਰੀ ਸ਼ਬਦ ਨੂੰ ਪਿਆਰ ਕਰਦੇ ਹਨ, ਉਹ ਬੜੀ ਸ਼ਾਂਤੀ ਨਾਲ ਰਹਿ ਰਹੇ ਹਨ।
ਪਿਛੇ ਜਿਹੇ ਮੈਂ ਇੱਕ ਅਜਿਹੇ ਵਿਅਕਤੀ ਦੀ ਇੰਟਰਵਿਊ ਸੁਣ ਰਿਹਾ ਸੀ ਜਿਹੜਾ ਇਕ ਕਤਲ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਕੇ ਆਇਆ ਸੀ ਅਤੇ ਵਾਰ ਵਾਰ ਲੋਕਾਂ ਨੂੰ ਸੰਦੇਸ਼ ਦੇ ਰਿਹਾ ਸੀ ਕਿ ਇੱਕ ਛੋਟੀ ਜਿਹੀ ਗਲਤੀ ਨਾਲ ਮੇਰੀ ਪੂਰੀ ਜ਼ਿੰਦਗੀ ਤਬਾਹ ਹੋ ਗਈ ਜਦੋਂ ਕਿ ਇਸ ਗਲਤੀ ਨੂੰ ਸਾਡੇ ਦੋਨਾਂ ਵਿਚੋਂ ਸੌਰੀ ਕਹਿ ਕੇ ਟਾਲਿਆ ਜਾ ਸਕਦਾ ਸੀ। ਜੇਕਰ ਅਸੀਂ ਇਗੋ ਜਾ ਹਾਉਮੇ ਦੀ ਗੱਲ ਕਰੀਏ ਆਪਣੇ ਆਪ ਹੋਣ ਦੇ ਅਹਿਸਾਸ ਨੂੰ ਹੀ ਹਉਮੈ ਕਹਿ ਸਕਦੇ ਹਾਂ। ਆਪਣੇ ਆਪ ਨੂੰ ਹੋਰਾਂ ਨਾਲੋਂ ਵੱਖਰਾ, ਉਚੇਰਾ, ਵਿਸ਼ੇਸ਼ ਅਤੇ ਸ਼ਕਤੀਸ਼ਾਲੀ ਸਮਝਣ, ਹੋਰਾਂ ਵਿੱਚ ਰਲਣ ਅਤੇ ਹੋਰਾਂ ਨਾਲ ਚੱਲਣ ਤੋਂ ਇਨਕਾਰ ਹੰਕਾਰ ਕਹਾਉਂਦਾ ਹੈ। ਹਉਮੈ ਲੁਕਾਈ ਜਾਂਦੀ ਹੈ, ਲੁਕੀ ਹੁੰਦੀ ਹੈ, ਹੰਕਾਰ ਵਿਖਾਇਆ ਜਾਂਦਾ ਹੈ, ਦਿਸਦਾ ਹੈ। ਹਉਮੈ ਸਲੀਕੇ ਨਾਲ ਪ੍ਰਗਟਾਈ ਜਾਂਦੀ ਹੈ। ਨਿਮਰਤਾ ਵਿੱਚ ਵੀ ਹਉਮੈ ਹੁੰਦੀ ਹੈ। ਹਉਮੈ ਹਰ ਥਾਂ ਹੁੰਦੀ ਹੈ, ਹਰ ਕਿਸੇ ਵਿੱਚ ਹੁੰਦੀ ਹੈ। ਇਹ ਹੋਰ ਭਾਵਨਾਵਾਂ ਵਾਂਗ ਹੀ ਲਾਜ਼ਮੀ ਹੁੰਦੀ ਹੈ। ਇਹ ਸਾਡੇ ਰੋਜ਼ਾਨਾ ਜੀਵਨ ਵਿੱਚ ਹਰ ਵੇਲੇ ਕਾਰਜਸ਼ੀਲ ਹੁੰਦੀ ਹੈ।
ਜਿਨੇ ਵੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਛੋਟੇ ਤੋਂ ਲੈ ਕੇ ਵੱਡੇ ਪੱਧਰ ਤੱਕ ਲੜਾਈ ਝਗੜੇ ਹੁੰਦੇ ਹਨ ਉਨ੍ਹਾਂ ਵਿੱਚ ਕਿਤੇ ਨਾ ਕਿਤੇ ਸਾਡੀ ਹਾਉਮੇ, ਇਗੋ ਅਤੇ ਹੰਕਾਰ ਛੁਪਿਆ ਹੁੰਦਾ ਹੈ। ਅਸੀਂ ਬਹੁਤ ਵਾਰੀ ਛੋਟੀਆਂ ਛੋਟੀਆਂ ਗੱਲਾਂ 'ਤੇ ਉਤੇਜਿਤ ਹੋ ਜਾਂਦੇ ਹਾਂ। ਸਾਨੂੰ ਲਗਦਾ ਹੈ ਕਿ ਮੈਂ ਠੀਕ ਹਾਂ ਸਾਹਮਣੇ ਵਾਲਾ ਗਲਤ ਹੈ ਕਿਸੇ ਨੇ ਥੋੜਾ ਉਚਾ ਬੋਲਿਆ ਤਾਂ ਅਸੀਂ ਉਸ ਤੋਂ ਉਚਾ ਬੋਲਦੇ ਹਾਂ ਫਿਰ ਝਗੜਾ ਵਧਦਾ ਹੈ। ਉਹ ਕੁਝ ਸੈਕਿੰਡ ਬੰਦੇ ਲਈ ਬੜੇ ਅਹਿਮ ਹੁੰਦੇ ਹਨ ਇਥੋਂ ਤੱਕ ਵਿਚਾਰ ਆ ਜਾਂਦੇ ਹਨ ਕਿ ਕੋਈ ਗੱਲ ਨਹੀਂ ਮੈਂ 20 ਸਾਲੀ ਸਜ਼ਾ ਕੱਟ ਆਵਾਂਗਾ ਪਰ ਜਦੋਂ ਅਸਲੀਅਤ 'ਚ ਬੰਦਾ ਕੋਰਟ ਕਚਹਿਰੀਆਂ, ਥਾਣਿਆਂ ਦੇ ਚੱਕਰ ਲਾ ਲਾ ਕੇ ਪ੍ਰੇਸ਼ਾਨ ਹੋ ਜਾਂਦਾ ਹੈ ਫਿਰ ਉਸਨੂੰ ਮਹਿਸੂਸ ਹੁੰਦਾ ਹੈ ਕਿ ਉਸਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਇਸ ਨੂੰ ਟਾਲਿਆ ਜਾ ਸਕਦਾ ਸੀ ਪਰ ਉਸ ਵਕਤ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਬਚਦਾ। ਬਹੁਤ ਸਾਰੇ ਸਿਆਣੇ ਲੋਕ ਸੌਰੀ ਕਹਿਕੇ ਵੱਡੇ ਵੱਡੇ ਮਸਲੇ ਸੁਲਝਾ ਲੈਂਦੇ ਹਨ।
ਸਾਡੇ ਪਰਿਵਾਰਾਂ ਵਿੱਚ ਵੀ ਛੋਟੇ ਮੋਟੇ ਕਿੰਤੂ ਪ੍ਰੰਤੂ ਨੂੰ ਲੈ ਕੇ ਝਗੜੇ ਇਨ੍ਹੇ ਵਧ ਜਾਂਦੇ ਹਨ ਕਿ ਪਰਿਵਾਰ ਬਿਖ਼ਰ ਜਾਂਦੇ ਹਨ। ਛੋਟੇ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਂਦਾ ਹੈ ਜਦ ਕਿ ਆਪਣੀ ਇਗੋ, ਜ਼ਿੱਦ ਅਤੇ ਹਾਊਮੈ ਨੂੰ ਥੋੜ੍ਹਾ ਘੱਟ ਕਰਕੇ ਇਸ ਸਥਿਤੀ ਨੂੰ ਬਚਾਇਆ ਜਾ ਸਕਦਾ ਹੈ। ਬਹੁਤ ਵਾਰੀ ਲੜਾਈ ਝਗੜਿਆਂ ਦੇ ਕੇਸਾਂ ਵਿੱਚ ਅਸੀਂ ਥਾਣਿਆਂ ਅਤੇ ਕਚਹਿਰੀਆਂ ਵਿੱਚ ਪੈਸਾ ਬਰਬਾਦ ਕਰਨ ਤੋਂ ਬਾਅਦ ਸੌਰੀ ਕਹਿਕੇ ਸਮਝੌਤਾ ਕਰਨ ਵਿੱਚ ਹੀ ਬਹਿਤਰੀ ਸਮਝਦੇ ਹਾਂ। ਕਾਸ਼ ਇਹ ਸ਼ਬਦ ਅਸੀਂ ਪਹਿਲਾਂ ਹੀ ਕਹੇ ਹੁੰਦੇ ਤਾਂ ਸ਼ਾਇਦ ਸਾਡਾ ਪੈਸਾ ਅਤੇ ਸਮਾਂ ਦੋਨੋ ਬਚ ਸਕਦੇ ਸਨ। ਇਸਦਾ ਮਤਲਬ ਇਹ ਵੀ ਨਹੀਂ ਕਿ ਕੋਈ ਤੁਹਾਡੇ ਨਾਲ ਧੱਕਾ ਕਰੇ , ਤੁਹਾਨੂੰ ਵਾਰ ਵਾਰ ਤੰਗ ਕਰੇ, ਤੁਹਾਡੇ ਤੇ ਜ਼ੁਲਮ ਕਰੇ ਇਸ ਸਥਿਤੀ ਵਿੱਚ ਦੂਜਾ ਰੂਪ ਦਿਖਾਉਣ ਦੀ ਕਲਾ ਵੀ ਹੋਣੀ ਜ਼ਰੂਰੀ ਹੈ। ਫਿਰ ਵੀ ਕੋਸ਼ਿਸ਼ ਕਰਿਏ ਆਪਣੇ ਗੁੱਸੇ 'ਤੇ ਕਾਬੂ ਰੱਖਿਆ ਜਾਵੇ। ਗੁੱਸਾ ਚੰਡਾਲ ਹੁੰਦਾ ਹੈ। ਉਸ ਸਮੇਂ ਬੰਦੇ ਦਾ ਦਿਮਾਗ਼ ਕੰਮ ਨਹੀਂ ਕਰਦਾ। ਫਿਰ ਨਾ ਹੀ ਬੰਦਾ ਕਿਸੇ ਸਿਆਣੇ ਦੀ ਗੱਲ ਮੰਨਦਾ ਹੈ ਅਤੇ ਨਾ ਹੀ ਕਿਸੇ ਵੱਡੇ ਛੋਟੇ ਦਾ ਲਿਹਾਜ ਕਰਦਾ ਹੈ। ਜੇ ਅਸੀਂ ਸਾਰੇ ਹੀ ਇਨਸਾਨ ਹਾਂ ਤਾਂ ਫਿਰ ਅਸੀਂ ਕਿਉਂ ਦੂਜਿਆਂ ਨਾਲ ਚੰਗਾ ਵਿਉਹਾਰ ਨਹੀਂ ਕਰਦੇ? ਕਿਉਂ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ? ਕਿਉਂ ਅਸੀਂ ਦੂਜੇ ਨੂੰ ਜਲੀਲ ਕਰਦੇ ਹਾਂ? ਅਸੀ ਦੂਸਰੇ ਨੂੰ ਗੁਲਾਮ ਬਣਾ ਕੇ ਆਪਣੀ ਮਰਜ਼ੀ ਉਸ 'ਤੇ ਥੋਪਣਾ ਚਾਹੁੰਦੇ ਹਾਂ।
ਅਸੀਂ ਕਿਉਂ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ 'ਤੇ ਨਹੀਂ ਚੱਲਦੇ? ਦੂਸਰੇ ਦਾ ਅਪਮਾਨ ਕਰਨਾ ਆਪਣਾ ਸਨਮਾਨ ਘਟਾਉਣਾ ਹੈ। ਜੇ ਅਜਿਹੇ ਮੌਕੇ 'ਤੇ ਅਸੀਂ ਰਲ ਮਿਲ ਕੇ ਬੈਠ ਕੇ ਆਪਸ ਵਿਚ ਕੋਈ ਸੁਖਾਵਾਂ ਸਮਝੋਤਾ ਕਰ ਲਈਏ ਤਾਂ ਆਪਸੀ ਵੈਰ ਵਿਰੋਧ ਅਤੇ ਦੁਸ਼ਮਣੀ ਖ਼ਤਮ ਹੋ ਸਕਦੀ ਹੈ ਤੇ ਅਸੀਂ ਬਿਨਾ ਕਿਸੇ ਡਰ ਖੌਫ਼ ਤੋਂ ਆਪਣੀ ਜ਼ਿੰਦਗੀ ਬਸਰ ਕਰ ਸਕਦੇ ਹਾ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਦੁਨੀਆ ਬਹੁਤ ਬੁਰੀ ਹੈ। ਇੱਥੋਂ ਦੇ ਲੋਕ ਵੀ ਬਹੁਤ ਬੁਰੇ ਹਨ ਜੋ ਹਮੇਸ਼ਾ ਲੜਾਈ ਝਗੜੇ ਵਿਚ ਫਸ ਕੇ ਖ਼ੂਨ ਖਰਾਬਾ ਕਰਦੇ ਰਹਿੰਦੇ ਹਨ ,ਇੱਥੇ ਰਹਿਣਾ ਦੁਭਰ ਹੋ ਗਿਆ ਹੈ। ਕੀ ਇਸ ਮਾਹੌਲ ਨੂੰ ਠੀਕ ਕਰਨ ਦੀ ਕੋਈ ਗੁੰਜਾਇਸ਼ ਨਹੀਂ? ਜ਼ਰਾ ਆਪਣੇ ਦਿਲ ਨੂੰ ਪੁੱਛ ਕੇ ਦੇਖੋ.......ਜੇ ਦੁਨੀਆ ਬੁਰੀ ਹੈ ਤਾਂ ਅਸੀਂ ਤਾਂ ਬੁਰੇ ਨਾ ਬਣੀਏ......ਅਸੀਂ ਖ਼ੁਦ ਤਾਂ ਸੁਧਰੀਏ.......ਜੇ ਐਸਾ ਹੋ ਗਿਆ ਤਾਂ ਇਸ ਬੁਰਿਆਂ ਵਿਚੋਂ ਇਕ ਬੁਰਾ ਤਾਂ ਘਟ ਹੀ ਜਾਵੇਗਾ। ਫਿਰ ਦੇਖਣਾ, ਹੋ ਸਕਦਾ ਹੈ ਸਾਡੇ ਨਾਲ ਕੁਝ ਹੋਰ ਲੋਕ ਵੀ ਆ ਕੇ ਜੁੜ ਜਾਣ......ਜੇ ਇਸ ਤਰ੍ਹਾਂ ਚੰਗੇ ਵਿਚਾਰਾਂ ਦੇ ਲੋਕ ਸਾਡੇ ਨਾਲ ਜੁੜਦੇ ਗਏ ਤਾਂ ਇਸ ਦੁਨੀਆ ਦਾ ਕੁਝ ਤਾਂ ਸੁਧਾਰ ਹੋ ਹੀ ਸਕਦਾ ਹੈ।
ਅੰਗਰੇਜ਼ੀ ਜੁਬਾਨ ਵਿਚ ਕੁਝ ਸ਼ਬਦ ਐਸੇ ਪਿਆਰੇ ਤੇ ਮਿੱਠੇ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਨੇ ਅਪਣਾ ਲਿਆ ਹੈ। ਜਿਵੇ ਸੌਰੀ Sorry (ਮੈਨੂੰ ਅਫ਼ਸੋਸ ਹੈ)। ਸਾਡੀ ਕਿਸੇ ਗ਼ਲਤੀ ਲਈ ਸੌਰੀ ਕਹਿਣ ਤੇ ਦੂਸਰੇ ਨੂੰ ਠੰਡ ਪੈ ਜਾਂਦੀ ਹੈ ਅਤੇ ਅਸੀਂ ਕਈ ਝਗੜਿਆਂ ਤੋਂ ਬਚ ਜਾਂਦੇ ਹਾਂ। ਇਸੇ ਤਰ੍ਹਾਂ Thanks, ਥੈਂਕਸ (ਧੰਨਵਾਦ ਜਾਂ ਸ਼ੁਕਰੀਆ) ਕਹਿਣ ਨਾਲ ਦੂਸਰਾ ਬੰਦਾ ਆਪਣੀ ਵਡਿਆਈ ਸਮਝਦਾ ਹੈ। Please, ਪਲੀਜ਼ (ਸ਼੍ਰੀ ਮਾਨ ਜੀ) ਅਤੇ ਕਾਇੰਡਲੀ Kindly (ਮੇਹਰਬਾਨੀ ਕਰ ਕੇ) ਕਹਿਣ ਤੇ ਦੂਸਰਾ ਬੰਦਾ ਆਪਣੇ ਆਪ ਨੂੰ ਦਿਆਲੂ ਸਮਝਦਾ ਹੈ ਤੇ ਸਾਡਾ ਕੰਮ ਆਸਾਨੀ ਨਾਲ ਕਰ ਦਿੰਦਾ ਹੈ। ਆਪਣੀ ਗਲਤੀ ਤੇ ਸੌਰੀ ਕਹਿਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਸਗੋਂ ਉਸਦੀ ਇੱਜਤ ਹੋਰ ਵੱਧ ਜਾਂਦੀ ਹੈ ਅਤੇ ਛੋਟੇ ਮੋਟੇ ਝਗੜਿਆਂ ਤੋਂ ਬਚਿਆਂ ਜਾ ਸਕਦਾ ਹੈ।
ਕੁਲਦੀਪ ਸਿੰਘ ਰਾਮਨਗਰ
ਵਿਸ਼ਵ ਰੇਡੀਓ ਦਿਵਸ 'ਤੇ ਵਿਸ਼ੇਸ਼ : ਲੋਕ ਦਿਲਾਂ 'ਚ ਵੱਖਰੀ ਥਾਂ ਰੱਖਦਾ ਹੈ 'ਮਨ ਦਾ ਥੀਏਟਰ'
NEXT STORY