“ਰੈਡ ਕਰਾਸ ਨਸ਼ਾ ਛੁਡਾਊ ਹਸਪਤਾਲ, ਸੰਗਰੂਰ''
ਉਂਝ ਤਾਂ ਸੰਗਰੂਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨੂੰ ਸ਼੍ਰੀ ਮੋਹਨ ਸ਼ਰਮਾਂ ਦੀ ਯੋਗ ਅਗਵਾਈ ਮਿਲਨ ਦਾ ਮਾਣ ਹਾਸਿਲ ਹੈ ਪਰ ਇਹਨਾਂ ਵਿਚੋਂ ਮੁੱਖ ਹੈ “ਰੈਡ ਕਰਾਸ ਨਸ਼ਾ ਛੁਡਾਊ ਹਸਪਤਾਲ, ਸੰਗਰੂਰ'' ਅੱਜ ਦੇ ਯੁਗ ਵਿਚ ਜਿੱਥੇ ਇਹ ਹਸਪਤਾਲ ਨਸ਼ਿਆਂ ਦੀ ਵਰਤੋਂ ਕਾਰਨ ਕੁਰਾਹੇ ਪਏ ਨੌਜਵਾਨਾਂ ਨੂੰ ਉਹਨਾਂ ਦਾ ਅਸਲ ਮਕਸਦ ਚੇਤੇ ਕਰਾ, ਸਹੀ ਰਾਹ ਤੇ ਲਿਆਉਣ ਦੇ ਸਾਰਥਕ ਯਤਨ ਕਰ ਰਿਹੈ ਉੱਥੇ ਹੀ ਇੱਥੋਂ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਮੋਹਨ ਸ਼ਰਮਾਂ ਦੀ ਯੋਗ ਅਗਵਾਈ ਅਤੇ ਅਣਥੱਕ ਮਿਹਨਤ ਸਦਕਾ ਅਨੇਕਾ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਉਹਨਾਂ ਦੀ ਜਿੰਦਗੀ ਨੂੰ ਪੁਨਰਵਾਸ ਦੇ ਕਾਬਿਲ ਬਣਾਉਣ 'ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ, ਇਸੇ ਕਰਕੇ ਹੀ ਪੰਜਾਬ ਦੇ ਹਰ ਕੋਨੇ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਨਸ਼ਿਆ ਦੀ ਗ੍ਰਿਫਤ ਵਿਚ ਆਏ ਨੌਜਵਾਨ ਇਸ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਇਹ ਹਸਪਤਾਲ ਨਸ਼ੇ ਦੀ ਗ੍ਰਿਫਤ ਵਿਚ ਆਏ ਹਜਾਰਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦੌਰਾਨ ਪ੍ਰਾਪਤ ਹੋਏ ਸਫਲ ਨਤੀਜਿਆਂ ਕਰਕੇ ਹੀ ਪੰਜਾਬ ਭਰ ਦੇ ਨਸ਼ਾ ਛੁਡਾਊ ਹਸਪਤਾਲਾਂ 'ਚੋਂ ਪਹਿਲੇ ਨੰਬਰ ਤੇ ਰਿਹਾ ਹੈ।
ਇਸ ਹਸਪਤਾਲ ਵਿਚ ਮਰੀਜਾਂ ਨੂੰ ਪ੍ਰਾਈਵੇਟ ਸੈਂਟਰਾਂ ਦੀ ਤਰਾਂ ਹੱਸਣ ਖੇਡਣ, ਇਕ-ਦੂਜੇ ਨਾਲ ਗੱਲਬਾਤ ਕਰਨ, ਛੋਟੀ-ਮੋਟੀ ਗਲਤੀ ਕਰਨ ਜਾਂ ਰੋਟੀ ਵੱਧ-ਘੱਟ ਮੰਗ ਲੈਣ ਕਾਰਨ ਦਿੱਤੇ ਜਾਂਦੇ ਸਰੀਰਕ ਤਸੀਹਿਆਂ ਦੀ ਬਜਾਏ ਘਰ ਵਰਗਾ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ ਜਿੱਥੇ ਮਰੀਜ ਅਨੁਸ਼ਾਸ਼ਨ ਵਿਚ ਰਹਿ ਕੇ ਹੱਸਣ ਖੇਡਣ ਅਤੇ ਜ਼ਰੂਰੀ ਗਤੀਵਿਧੀਆ ਕਰਨ ਦਾ ਪੂਰਾ ਆਨੰਦ ਮਾਣ ਸਕਦੇ ਹਨ। ਇੱਥੇ ਮਰੀਜਾਂ ਨੂੰ ਅੱਜਕਲ ਦੇ ਇਹਨਾਂ ਪ੍ਰਾਈਵੇਟ ਨਸ਼ਾ ਛੁਡਾਉ ਸੈਂਟਰਾਂ ਵਾਂਗ ਨਸ਼ੇ ਦੀ ਤੋੜ ਕਾਰਨ ਰੋਂਦੇ ਵਿਲਕਦੇ ਅਤੇ ਕੇਵਲ ਪ੍ਰਨਾਮਾਂ ਜਾਂ ਸਜਾਵਾਂ ਦੇ ਸਿਰ ਤੇ ਨਾਂ ਛੱਡਦੇ ਹੋਏ ਤਿੰਨ ਟਾਈਮ ਦਵਾਈ ਦੀ ਸੁਵਿਧਾ ਦਿੱਤੀ ਜਾਂਦੀ ਹੈ ਅਤੇ ਮਰੀਜ਼ ਦੀ ਅਚਨਚੇਤ ਬਣੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਲੋੜੀਂਦੀ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਨੌਜਵਾਨਾਂ ਵਲੋਂ ਕੀਤੇ ਜਾਂਦੇ ਨਸ਼ਿਆ ਦੇ ਸੇਵਨ ਦਾ ਭਰਭੂਰ ਫਾਇਦਾ ਪ੍ਰਾਈਵੇਟ ਨਸ਼ਾ ਛੁਡਾਊ ਕੇਦਰਾਂ ਵਲੋਂ ਇਸ ਕਰਕੇ ਵੀ ਉਠਾਇਆ ਜਾਂਦਾ ਹੈ ਕਿਉਂਕਿ ਵੀ.ਆਈ.ਪੀ ਕਲਚਰ ਨੂੰ ਅਪਣਾਉਂਦੇ ਹੋਏ ਖੁਦ ਮਾਂ ਬਾਪ ਅਤੇ ਰਿਸ਼ਤੇਦਾਰ ਨਸ਼ਿਆਂ ਦੀ ਦਲਦਲ ਵਿਚ ਧਸੀ ਆਪਣੀ ਔਲਾਦ ਨੂੰ ਇਹਨਾਂ ਥਾਂ-ਥਾਂ ਖੁੱਲ੍ਹੇ ਪ੍ਰਾਈਵੇਟ ਨਸ਼ਾਂ ਛੁਡਾਊ ਸੈਂਟਰਾਂ ਵਿਚ ਦਾਖਲ ਕਰਵਾਉਣ ਨੂੰ ਹੀ ਤਰਜੀਹ ਦਿੰਦੇ ਹਨ ਜਿਸ ਕਾਰਨ ਇਹਨਾਂ ਸੈਂਟਰਾਂ ਦੇ ਠੇਕੇਦਾਰਾਂ ਵਲੋਂ ਵੀ ਪਹਿਲਾਂ ਮਾਂ-ਬਾਪ ਨੂੰ ਸਿਰਫ ਕਾਗਜਾਂ ਵਿਚ ਦਰਜ ਮਹਿੰਗੀਆਂ ਤੇ ਵੀ.ਆਈ.ਪੀ ਸਹੂਲਤਾਂ ਦਾ ਹਵਾਲਾ ਦੇਕੇ ਔਲਾਦ ਦੇ ਇਲਾਜ ਬਦਲੇ ਮੋਟੀ ਰਕਮ ਵਸੂਲ ਕਰ ਲਈ ਜਾਂਦੀ ਹੈ ਅਤੇ ਬਾਅਦ ਵਿਚ ਇਸ ਰਕਮ ਦੇ ਬਦਲੇ ਦਾਖਲ ਕੀਤੇ ਨਸ਼ਈ ਮਰੀਜ਼ ਨੂੰ ਚਾਰ-ਛੇ ਮਹੀਨੇ ਜੇਲ ਵਰਗੇ ਮਾਹੌਲ ਵਿਚ ਕੇਵਲ ਮਾਰ ਕੁਟਾਈ ਹੇਠ ਸਮਾਂ ਲੰਘਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇੱਥੇ ਮਾਂ ਬਾਪ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਗੁੰਡਾਗਰਦੀ ਦੇ ਠੇਕੇਦਾਰਾਂ ਵੱਲੋਂ ਚਲਾਏ ਜਾਂਦੇ ਇਹਨਾਂ ਪ੍ਰਾਈਵੇਟ ਸੈਂਟਰਾਂ ਦੇ ਮੁਕਾਬਲੇ ਇਸ ਹਸਪਤਾਲ ਵਿਚ ਬੇਲੋੜੀਆਂ ਵੀ.ਆਈ.ਪੀ ਸੁਵਿਧਾਵਾਂ ਬੇਸ਼ੱਕ ਘੱਟ ਹੋਣ ਪਰ ਇੱਥੇ ਮਹਿਜ ਪੈਸੇ ਨੂੰ ਤਰਜੀਹ ਨਾਂ ਦਿੰਦੇ ਹੋਏ ਨਸ਼ਈ ਦੀ ਅਣਮੁੱਲੀ ਜਾਨ ਬਚਾਉਣ ਲਈ ਉਸ ਦੀ ਦਿਸ਼ਾ ਹੀਣਤਾਂ ਨੂੰ ਦੇਖਦੇ ਹੋਏ ਬਿਨਾਂ ਕਿਸੇ ਸਰੀਰਕ ਤਸ਼ੱਦਦ ਤੋਂ ਉਸ ਦਾ ਨੈਤਿਕ ਅਤੇ ਬੌਧਿਕ ਵਿਕਾਸ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ।
ਅੱਜ ਦੇ ਸਮੇਂ ਨਸ਼ਈ ਨੌਜਵਾਨਾਂ ਦਾ ਇਕ ਅਫਸੋਸਜਨਕ ਪਹਿਲੂ ਇਹ ਵੀ ਹੈ ਕਿ ਉਹਨਾਂ ਅੰਦਰ ਕੁਝ ਨਿਮਨਲਿਖਤ ਗੱਲਾਂ ਨੇ ਅਜਿਹਾ ਘਰ ਕਰਿਆ ਹੋਇਆ ਹੈ ਕਿ ਉਹ ਇਹਨਾਂ ਗੱਲਾਂ ਦੇ ਵਹਿਮਾਂ ਤੋਂ ਡਰਦੇ ਹੀ ਨਸ਼ਾਂ ਮੁਕਤ ਜ਼ਿੰਦਗੀ ਦੀ ਕਾਮਨਾ ਵੀ ਨਹੀਂ ਕਰ ਪਾਉਂਦੇ ਅਤੇ ਅਕਸਰ ਉਹਨਾਂ ਦੀਆਂ ਇਹ ਕਾਲਪਨਿਕ ਗੱਲਾਂ ਨਸ਼ਾ ਤਿਆਗਣ ਦਾ ਇਰਾਦਾ ਕਰਨ ਸਮੇਂ ਰਾਹ ਦਾ ਰੋੜਾ ਵੀ ਬਣ ਜਾਂਦੀਆਂ ਹਨ: (ਨਸ਼ਈ ਸੋਚ ਦੀਆਂ ਗੱਲਾਂ ਤੇ ਇਹਨਾਂ ਦੀ ਅਸਲ ਸੱਚਾਈ)
1. ਜੇਕਰ ਮੈਂ ਇਕ ਦਮ ਨਸ਼ਾ ਛੱਡਿਆ ਤਾਂ ਮੈਂ ਕਿਤੇ ਮੰਜੇ ਤੇ ਹੀ ਨਾਂ ਪੈ ਜਾਵਾਂ।(ਨਸ਼ਈ ਸੋਚ)
ਜੇਕਰ ਨਸ਼ੱਈ ਵਿਅਕਤੀ ਲਗਾਤਾਰ ਇਸੇ ਤਰਾਂ ਨਸ਼ਾ ਕਰਦਾ ਰਿਹਾ ਤਾਂ ਉਸ ਦਾ ਛੇਤੀ ਹੀ ਕਿਸੇ ਬੀਮਾਰੀ ਕਾਰਨ ਜਾਂ ਨਸ਼ੇ 'ਚ ਗੁਲਤਾਨ ਹੋਕੇ ਵਾਪਰੀ ਕਿਸੇ ਦੁਰਘਟਨਾ ਕਾਰਨ ਮੰਜੇ ਤੇ ਪੈਣਾ ਲਾਜ਼ਮੀ ਹੈ।
2. ਜੇਕਰ ਮੈਂ ਨਸ਼ਾ ਛੱਡਿਆ ਤਾਂ ਕਿਤੇ ਮੈਨੂੰ ਵਾਰ-ਵਾਰ ਦੌਰੇ ਨਾਂ ਪੈਣ ਲੱਗ ਜਾਣ।(ਨਸ਼ਈ ਸੋਚ)
ਨਸ਼ਾ ਤਿਆਗਣ ਉਪਰੰਤ ਹਰੇਕ ਵਿਅਕਤੀ ਨੂੰ ਦੌਰੇ ਪੈਣ ਦੀ ਸੰਭਾਵਨਾ ਨਹੀਂ ਹੁੰਦੀ ਅਤੇ ਇਹ ਸਮੱਸਿਆ ਉਹਨਾਂ ਕੁਝ ਵਿਅਕਤੀਆਂ ਵਿਚ ਆ ਸਕਦੀ ਹੈ ਜਿਹਨਾਂ ਵਿਚ ਨਸ਼ੇ ਦੀ ਜ਼ਿਆਦਾ ਮਾਤਰਾ ਖਾਂਦੇ ਰਹਿਣ ਕਾਰਨ ਬੇਹੱਦ ਸਰਰੀਕ ਕਮਜ਼ੋਰੀ ਆ ਗਈ ਹੋਵੇ ਸੋ ਨਸ਼ਈ ਵਿਅਕਤੀ ਨੂੰ ਇਸ ਸਮੱਸਿਆ ਨੂੰ ਇਲਾਜ ਦਾ ਹੀ ਹਿੱਸਾ ਸਮਝਣਾ ਚਾਹੀਦਾ ਹੈ ਤੇ ਨਾਲ ਹੀ ਇਸ ਗੱਲ ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਜੇਕਰ ਨਸ਼ਈ ਇਸੇ ਤਰਾਂ ਨਸ਼ੇ ਕਰਦਾ ਰਿਹਾ ਤਾਂ ਉਸ ਨੂੰ ਦੌਰੇ ਪੈਣ ਦੀ ਸੰਭਾਵਨਾਂ 100% ਪੱਕੀ ਤੇ ਲਾਇਲਾਜ ਹੈ।(ਅਸਲ ਸੱਚਾਈ)
3. ਜੇਕਰ ਮੈਂ ਨਸ਼ਾ ਛੱਡਿਆ ਤਾਂ ਕਿਤੇ ਮੇਰੇ ਸਰੀਰ ਦਾ ਕੋਈ ਅੰਗ ਪੈਰ ਹੀ ਨਕਾਰਾ ਨਾਂ ਹੋ ਜਾਵੇ।(ਨਸ਼ਈ ਸੋਚ)
ਨਸ਼ੇ ਦਾ ਤਿਆਗ ਕਰਨ ਨਾਲ ਕਿਸੇ ਵੀ ਨਸ਼ੱਈ ਵਿਅਕਤੀ ਦਾ ਕੋਈ ਅੰਗ ਪੈਰ ਨਕਾਰਾ ਨਹੀਂ ਹੁੰਦਾ ਸਗੋਂ ਨਸ਼ੇ ਦਾ ਤਿਆਗ ਕਰਨ ਨਾਲ ਤਾਂ ਇਹ ਅੰਗ-ਪੈਰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਦੇ ਹੋਏ ਨਰੋਏ ਤੇ ਤੰਦਰੁਸਤ ਹੋਣਗੇ ਪਰੰਤੂ ਜੇਕਰ ਨਸ਼ਈ ਇਸੇ ਤਰਾਂ ਨਸ਼ਾ ਕਰਦਾ ਰਿਹਾ ਤਾਂ ਉਸ ਦੇ ਸ਼ਰੀਰ ਦੇ ਬਾਹਰੀ ਅੰਗਾਂ ਦੇ ਨਾਲ-ਨਾਲ ਛੇਤੀ ਹੀ ਉਸ ਦੇ ਅੰਦਰੂਨੀ ਅੰਗ ਵੀ ਨਕਾਰਾ ਹੋ ਜਾਣਗੇ।(ਅਸਲ ਸੱਚਾਈ)
4. ਜੇਕਰ ਮੈਂ ਨਸ਼ਾ ਛੱਡਿਆ ਤਾਂ ਮੇਰੀਆਂ ਲੱਤਾਂ-ਬਾਹਾਂ 'ਚ, ਅਸਿਹਣ ਦਰਦ ਹੋਵੇਗਾ ਅਤੇ ਮੈਨੂੰ ਬੇਹੱਦ ਸਰੀਰਕ ਤਕਲੀਫ ਝੱਲਣੀ ਪਵੇਗੀ।(ਨਸ਼ਈ ਸੋਚ)
ਨਸ਼ਈ ਵਿਅਕਤੀ ਦੀਆਂ ਲੱਤਾਂ-ਬਾਹਾਂ ਚ ਹੋਣ ਵਾਲੀ ਤਕਲੀਫ ਅਸਥਾਈ ਤੇ ਕੁਝ ਦਿਨਾਂ ਲਈ ਇਲਾਜ ਦਾ ਹਿੱਸਾ ਹੁੰਦੀ ਹੈ ਪਰੰਤੂ ਜੇਕਰ ਨਸ਼ੱਈ ਵਿਅਕਤੀ ਸੋਚੇ ਤਾਂ ਉਸ ਦੀ ਇਹ ਤਕਲੀਫ ਉਸ ਵੱਲੋਂ ਆਪਣੇ ਮਾਂ-ਬਾਪ, ਪਤਨੀ, ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਹਰ ਰੋਜ ਦਿੱਤੀਆਂ ਜਾ ਰਹੀਆਂ ਸਰੀਰਕ ਅਤੇ ਮਾਨਸਿਕ ਤਕਲੀਫਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ।(ਅਸਲ ਸੱਚਾਈ)
5. ਮੈਂ ਤਾਂ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਕਰ ਰਿਹਾ ਹਾਂ, ਮੈਂ ਇਸ ਨੂੰ ਇੱਕ ਦਮ ਨਹੀਂ ਬਲਕਿ ਘੱਟ ਕਰ ਕੇ ਛੱਡ ਦੇਵਾਗਾਂ।(ਨਸ਼ਈ ਸੋਚ)
ਇਹ ਨਸ਼ੱਈ ਵਿਅਕਤੀ ਦਾ ਵਹਿਮ ਹੈ ਕੋਈ ਵੀ ਨਸ਼ਈ ਉਸ ਵੱਲੋਂ ਖਾਧੇ ਜਾਣ ਵਾਲੇ ਨਸ਼ੇ ਦੀ ਮਾਤਰਾ ਨੂੰ ਘੱਟ ਕਰਕੇ ਕਦੇ ਵੀ ਨਸ਼ਾ ਨਹੀਂ ਛੱਡ ਸਕਦਾ ਕਿਉਂਕਿ ਲੰਬੇ ਸਮੇਂ ਤੋਂ ਨਸ਼ਾ ਕਰਦੇ ਰਹਿਣ ਕਾਰਨ ਉਸ ਦੇ ਸ਼ਰੀਰ ਦੇ ਨਾਲ ਨਾਲ ਉਸ ਦੀ ਮਾਨਸਿਕਤਾ ਵੀ ਨਸ਼ੇ ਦੀ ਨਿਰਧਾਰਤ ਕੀਤੀ ਖੁਰਾਕ ਤੇ ਲੱਗ ਚੁੱਕੀ ਹੁੰਦੀ ਹੈ ਅਤੇ ਇਸ ਮਾਨਸਿਕਤਾ ਦੇ ਡੂੰਘੇ ਅਸਰ ਕਰਕੇ ਉਸ ਵਿਅਕਤੀ ਨੂੰ ਆਪਣੀ ਨਿਰਧਾਰਤ ਖੁਰਾਕ ਖਾਧੇ ਬਿਨਾਂ ਕਦੇ ਵੀ ਸਬਰ ਨਹੀਂ ਆ ਸਕਦਾ। ਸੋ ਅਜਿਹਾ ਸੋਚਣਾ ਮਹਿਜ ਮਨ ਦਾ ਵਹਿਮ ਹੈ, ਇਰਾਦਾ ਦ੍ਰਿੜ ਕਰਕੇ ਕਰੜੇ ਮਨ ਨਾਲ ਇੱਕ ਦਮ ਵੀ ਨਸ਼ਾ ਛੱਡਿਆ ਜਾ ਸਕਦਾ ਹੈ ਤੇ ਅਜਿਹੇ ਅਨੇਕਾਂ ਹੀ ਨੌਜਵਾਨਾਂ ਦੀਆਂ ਉਦਾਹਰਣਾ ਇਸੇ ਹਸਪਤਾਲ ਚੋਂ ਮਿਲਦੀਆਂ ਹਨ।
(ਅਸਲ ਸੱਚਾਈ)
6. ਜੇਕਰ ਮੈਂ ਨਸ਼ਾ ਛੱਡਿਆ ਤਾਂ ਮੇਰੇ ਵਿਅਹੁਤਾ ਜੀਵਨ ਤੇ ਬਹੁਤ ਮਾੜਾ ਅਸਰ ਪਵੇਗਾ ਅਤੇ ਮੈਂ ਨਿਪੁੰਸਕ ਜੋ ਜਾਵਾਗਾਂ।(ਨਸ਼ਈ ਸੋਚ)
90% ਨਸ਼ੱਈ ਵਿਅਕਤੀਆਂ ਦੇ ਮਨ ਅੰਦਰ ਉਕਤ ਵਹਿਮ ਨੇ ਘਰ ਕਰਿਆ ਹੋਇਆ ਹੈ ਅਤੇ ਜਿਆਦਾਤਰ ਨਸ਼ੱਈ ਇਸੇ ਗੱਲੋਂ ਹੀ ਨਸ਼ਾ ਨਹੀਂ ਛੱਡਦੇ ਕਿ ਨਸ਼ਾ ਛੱਡਣ ਤੋਂ ਬਾਅਦ ਉਹਨਾਂ ਦੀ ਮਰਦਾਨਾ ਤਾਕਤ ਤੇ ਬੁਰਾ ਅਸਰ ਪਵੇਗਾ ਜਾਂ ਉਹ ਨਿਪੁੰਸਕ ਜੋ ਜਾਣਗੇ ਪਰੰਤੂ ਨਸ਼ੱਈ ਵਿਅਕਤੀ ਲਈ ਇਹ ਜਾਣ ਲੈਣਾ ਬੇਹੱਦ ਜਰੂਰੀ ਹੈ ਕਿ ਨਿਰੰਤਰ ਨਸ਼ਾਂ ਕਰਦੇ ਰਹਿਣ ਨਾਲ ਤਾਂ ਉਸ ਨੂੰ ਉਕਤ ਸਮੱਸਿਆ ਆਉਣ ਦੀ ੧੦੦% ਸੰਭਾਵਨਾਂ ਹੁੰਦੀ ਹੈ ਤੇ ਮੌਜੂਦਾ ਸਮੇਂ ਚੱਲ ਰਹੇ ਖਤਰਨਾਕ ਨਸ਼ਿਆਂ ਦੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਕਾਰਨ ਜਿਆਦਾਤਰ ਨੌਜਵਾਨ ਇਸ ਸਮੱਸਿਆ ਤੋਂ ਪੀੜਿਤ ਵੀ ਹਨ ਜਿਸ ਦਾ ਅੰਦਾਜਾ ਇਸ ਸਬੰਧੀ ਰੋਜਾਨਾਂ ਅਖਬਾਰਾਂ, ਮੈਗਜੀਨਾਂ ਵਿੱਚ ਛਪਣ ਵਾਲੀਆਂ ਖਬਰਾਂ ਜਾਂ ਸਮੇਂ ਸਮੇਂ ਤੇ ਇਸ ਸਬੰਧੀ ਕੀਤੇ ਸਰਵਿਆਂ ਤੋਂ ਪ੍ਰਾਪਤ ਹੋਏ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਸੋ ਨਸ਼ਈ ਵਿਅਕਤੀ ਨੂੰ ਇਸ ਵਹਿਮ ਦਾ ਕਰੜੇ ਮਨ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਨਸ਼ਾ ਤਿਆਗਣ ਉਪਰੰਤ ਜੇਕਰ ਇਸ ਸਬੰਧੀ ਕੋਈ ਸਮੱਸਿਆ ਅਉਂਦੀ ਵੀ ਹੈ ਤਾਂ ਉਸ ਦਾ ਕੁਝ ਨਾਰਮਲ ਦਵਾਈਆਂ ਦੀ ਮਦਦ ਨਾਲ ਸਥਾਈ ਅਤੇ ਠੋਸ ਹੱਲ ਕੀਤਾ ਜਾ ਸਕਦਾ ਹੈ। (ਅਸਲ ਸੱਚਾਈ)
7. ਜੇਕਰ ਮੈਂ ਇਕੱਲੇ ਨੇ ਨਸ਼ਾ ਛੱਡ ਦਿੱਤਾ ਤਾਂ ਮੇਰੇ ਨਾਲ ਦੇ ਯਾਰ ਬੇਲੀ ਤਾਂ ਪਹਿਲਾਂ ਵਾਂਗ ਨਸ਼ੇ ਦੀ ਲੋਰ ਚ, ਰਹਿ ਕੇ ਨਜਾਰੇ ਲੈਣਗੇ ਅਤੇ ਮੈਂ ਤਾਂ ਇਸ ਲੋਰ ਤੋਂ ਵਾਝਾਂ ਜੋ ਜਾਵਾਗਾਂ।(ਨਸ਼ਈ ਸੋਚ)
ਜੇਕਰ ਨਸ਼ੱਈ ਵਿਅਕਤੀ ਗੰਭੀਰਤਾ ਨਾਲ ਸੋਚੇ ਤਾਂ ਉਸ ਨੇ ਆਪਣੇ ਨਸ਼ੇ ਦੇ ਯਾਰ ਬੇਲੀਆਂ ਦਾ ਸਾਥ ਛੱਡ ਕੇ ਵਾਝਾਂ ਨਹੀਂ ਬਲਕਿ ਸੁਲੱਖਣਾ ਹੋਣਾ ਹੈ ਅਤੇ ਉਸ ਦੇ ਨਸ਼ੇ ਦੇ ਯਾਰ ਬੇਲੀ ਇਸ ਲੋਰ ਦਾ ਅਸਥਾਈ ਸਕੂਨ ਮਾਣਦੇ ਹੋਏ ਛੇਤੀ ਹੀ ਜ਼ਿੰਦਗੀ ਤੋਂ ਵਾਝੇਂ ਹੋ ਜਾਣਗੇ।(ਅਸਲ ਸੱਚਾਈ)
ਸੋ ਨਸ਼ਈ ਵਿਅਕਤੀ ਨੂੰ ਇਕ ਵਾਰ ਇਹਨਾਂ ਕਾਲਪਨਿਕ ਗੱਲਾਂ ਤੇ ਇਹਨਾਂ ਨਾਲ ਜੁੜੇ ਵਹਿਮਾਂ ਦੀ ਅਸਲ ਸੱਚਾਈ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਆਪਣੇ ਮਨ ਅੰਦਰ ਕਦੇ ਵੀ ਨਸ਼ਾ ਮੁਕਤ ਨਾਂ ਹੋ ਸਕਣ ਦੇ ਘਰ ਕੀਤੇ ਹੋਏ ਵਹਿਮ ਨੂੰ ਸਦਾ ਵਾਸਤੇ ਮਨ 'ਚੋਂ ਕੱਢਣ ਲਈ ਆਪਣੀ ਨਵੀਂ ਨਸ਼ਾਂ ਮੁਕਤ ਜ਼ਿੰਦਗੀ ਦਾ ਪਹਿਲਾ ਕਦਮ ਇਸ ਹਸਪਤਾਲ ਚੋਂ ਪੱਟਦੇ ਹੋਏ ਤੁਰੰਤ ਇੱਥੇ ਦਾਖਲ ਹੋ ਜਾਣਾ ਚਾਹੀਦਾ ਹੈ।
ਇੱਥੇ ਨਸ਼ਈ ਮਰੀਜ ਨੂੰ ਨਸ਼ਾ ਮੁਕਤ ਹੋਣ ਦੇ ਯੋਗ ਬਣਾਉਣ ਲਈ ਨਿਰਧਾਰਤ ਸਮਾਂ ਸਾਰਣੀ ਮੁਤਾਬਿਕ ਕਈ ਜਰੂਰੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਜਿਹਨਾਂ ਨਾਲ ਨਸ਼ਈ ਮਰੀਜ ਦੀ ਸਹਿਣਸ਼ੀਲਤਾਂ, ਬਿਲ ਪਾਵਰ ਅਤੇ ਸੋਚ ਨੂੰ ਵਿਕਸਤ ਕੀਤਾ ਜਾਂਦਾ ਹੈ। ਸਵੇਰ ਦੇ ਸਮੇਂ ਪਾਠ ਕਰਵਾਉਣ ਦੀ ਗਤੀਵਿਧੀ ਨਸ਼ਈ ਮਰੀਜ ਨੂੰ ਕੁਝ ਸਮਾਂ ਪ੍ਰਮਾਤਮਾਂ ਦੀ ਭਗਤੀ ਵਿਚ ਲੀਨ ਹੋ ਕੇ ਉਸ ਵੱਲੋਂ ਜਾਣੇ-ਅਣਜਾਣੇ ਵਿਚ ਕੀਤੇ ਗਏ ਮੰਦੇ ਕੰਮਾਂ ਦਾ ਪਸ਼ਚਾਤਾਪ ਕਰਨ ਲਈ ਅਤੇ ਪ੍ਰਮਾਤਮਾਂ ਤੇ ਭਰੋਸਾ ਰੱਖਦੇ ਹੋਏ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਮਕਸਦ ਵਜੋਂ ਕਰਵਾਈ ਜਾਂਦੀ ਹੈ। ਇਸ ਤੋਂ ਬਾਅਦ ਮੋਮਬੱਤੀਆਂ ਬਣਾਉਣ ਦੀ ਗਤੀਵਿਧੀ ਮਰੀਜਾਂ ਨੂੰ ਵਿਹਲਾ ਬਹਿ ਕੇ ਖਾਣ ਦੀ ਬਜਾਏ ਆਪਣੇ ਹੱਥੀ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰਨ ਲਈ ਇਕ ਜ਼ਿੰਮੇਵਾਰ ਪੁੱਤ, ਪਿਤਾ ਅਤੇ ਪਤੀ ਬਣਨ ਲਈ ਪ੍ਰੇਰਿਤ ਕਰਦੀ ਹੈ। ਦੁਪਿਹਰ ਦੇ ਸਮੇਂ ਹਿੰਦੀ, ਪੰਜਾਬੀ ਅਤੇ ਅੰਗਰੇਜੀ ਅਖਬਾਰਾਂ ਨੂੰ ਪੜਨ ਦੀ ਗਤੀਵਿਧੀ ਮਰੀਜਾਂ ਨੂੰ ਇਲਾਜ ਦੌਰਾਨ ਬਾਹਰ ਦੀਆਂ ਮੁੱਖ ਸਮਾਜਿਕ ਅਤੇ ਰਾਜਨਿਤੀਕ ਖਬਰਾਂ ਦੇ ਨਾਲ ਨਾਲ ਦੇਸ਼ ਚ ਵਾਪਰ ਰਹੀਂ ਹਰ ਛੋਟੀ ਵੱਡੀ ਘਟਨਾਂ ਬਾਰੇ ਜਾਣਕਾਰੀ ਰੱਖਣ 'ਚ, ਸਹਾਈ ਸਿੱਧ ਹੁੰਦੀ ਹੈ। ਦਿਨ ਢਲੇ ਸਾਫ-ਸਫਾਈ ਦੀ ਗਤੀਵਿਧੀ ਮਰੀਜਾਂ ਨੂੰ ਗੰਦਗੀ ਤੋਂ ਪੈਦਾ ਹੋਣ ਵਾਲੀਆਂ ਭਿਆਨਕ ਬੀਮਾਰੀਆਂ ਤੋਂ ਬਚਣ ਲਈ ਆਲਸੀ ਨਾਂ ਹੁੰਦੇ ਹੋਏ ਆਪਣਾ ਆਲਾ-ਦੁਆਲਾ ਅਤੇ ਰਹਿਣ ਬਸੇਰਾ ਸਾਫ ਸੁਥਰਾ-ਰੱਖਣ ਦੇ ਮਕਸਦ ਵਜੋਂ ਕਰਵਾਈ ਜਾਂਦੀ ਹੈ। ਇਸ ਤੋਂ ਬਾਅਦ ਸ਼ਾਮ ਦੇ ਸਮੇਂ ਖੁਦ ਪ੍ਰੋਜੈਕਟਰ ਡਾਇਰੈਕਟਰ ਵਲੋਂ ਯੋਗਾ ਅਤੇ ਮੈਡੀਟੇਸ਼ਨ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਮੈਡੀਟੇਸ਼ਨ ਦੀ ਮਦਦ ਨਾਲ ਜਿੱਥੇ ਮਰੀਜਾਂ ਨੂੰ ਆਪਣਾ ਧਿਆਨ ਇਕਾਗਰ ਕਰਨਾ ਸਿਖਾਇਆ ਜਾਂਦਾ ਹੈ ਉੱਥੇ ਹੀ ਯੋਗਾ ਦੀ ਸਹਾਇਤਾ ਨਾਲ ਉਹਨਾਂ ਨੂੰ ਮਾਨਸਿਕ ਕਮਜੋਰੀ ਨੂੰ ਦੂਰ ਕਰਨ ਲਈ ਅਤੇ ਸਰੀਰਕ ਤੋੜ ਤੇ ਕਾਬੂ ਪਾਉਣ ਲਈ ਕਈ ਕਾਰਗਰ ਆਸਣ ਕਰਵਾਏ ਜਾਂਦੇ ਹਨ। ਇਸ ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਵਲੋਂ ਮਰੀਜਾਂ ਵਿਚ ਨਿੱਜੀ ਦਿਲਚਸਪੀ ਲੈਂਦੇ ਹੋਏ ਮਰੀਜਾਂ ਨੂੰ ਨਸ਼ਾਂ ਮੁਕਤ ਕਰਕੇ ਇਕ ਚੰਗਾ ਨਾਗਰਿਕ ਬਣਾਉਣ ਦੇ ਨਾਲ-ਨਾਲ ਯੋਗਤਾ ਅਨੁਸਾਰ ਰੋਜਗਾਰ ਦੇ ਸਾਧਣ ਮੁੱਹਈਆਂ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਅਜਿਹੀਆਂ ਕਈ ਆਪਬੀਤੀਆਂ ਇਸ ਹਸਪਤਾਲ ਵਿਚੋਂ ਸਫਲ ਇਲਾਜ ਕਰਵਾਉਣ ਉਪਰੰਤ ਰੋਜ਼ਗਾਰ ਤੇ ਲੱਗੇ ਨੌਜਵਾਨਾਂ ਵਲੋਂ ਇੱਥੇ ਦਾਖਲ-ਮਰੀਜਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਆਪਣੀ ਬਦਤਰ ਤੋਂ ਬਿਹਤਰ ਹੋਈ ਜ਼ਿੰਦਗੀ ਦੀ ਦਾਸਤਾਨ ਸੁਣਾਉਂਦੇ ਹੋਏ ਆਪਣੇ ਮੂੰਹੋਂ ਦੱਸੀਆਂ ਜਾਂਦੀਆਂ ਹਨ। ਇੱਥੇ ਨਸ਼ੇ ਦੇ ਆਦੀ ਮਰੀਜ ਦਾ 45 ਦਿਨ ਡਾਕਟਰੀ ਤੇ ਮਾਨਸਿਕ ਇਲਾਜ ਕਰਨ ਤੋਂ ਬਾਅਦ ਇਲਾਜ ਕਰਵਾ ਚੁੱਕੇ ਵਿਅਕਤੀ ਦਾ ਹੌਸਲਾਂ ਵਧਾਉਣ ਲਈ ਅਤੇ ਪੂਰੀ ਜਿੰਦਗੀ ਨਸ਼ਿਆਂ ਨੂੰ ਤਿਆਗ ਕੇ ਰੱਖਣ ਦੀ ਸੋਚ ਨੂੰ ਵਿਕਸਤ ਕਰਨ ਲਈ ਉਸ ਨੂੰ ਪੂਰੇ ਮਾਨਸੰਮਾਨ ਸਮੇਤ ਕਈ ਉੱਚ ਸਖਸ਼ੀਅਤਾਂ ਦੀ ਹਾਜਰੀ ਵਿਚ ਡਿਸਚਾਰਜ ਕੀਤਾ ਜਾਂਦਾ ਹੈ ਤਾਂ ਜੋ ਵਿਅਕਤੀ ਇਸ ਹਸਪਤਾਲ 'ਚੋਂ ਮਿਲੀ ਨਵੀਂ ਨਸ਼ਾ ਮੁਕਤ ਜਿੰਦਗੀ ਦੀ ਅਸਲ ਕੀਮਤ ਹਮੇਸ਼ਾ ਯਾਦ ਰੱਖ ਸਕੇ। ਇਸ ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾ ਹੇਠ ਇੱਥੋਂ ਦੀ ਮੈਨੇਜਮੈਂਟ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੀ ਹੈ ਜਿਹਨਾਂ ਵਿਚ ਕੋਂਸਲਰ ਪਰਮਜੀਤ ਸਿੰਘ (ਪੰਮੀ), ਕੋਂਸਲਰ ਗੁਰਜੀਤ ਸਿੰਘ, ਮੈਡੀਕਲ ਸਹਾਇਕ ਮੈਡਮ ਨੀਰੂ ਅਤੇ ਕੁਝ ਹੋਰ ਡਿਊਟੀ ਕਰਮਚਾਰੀਆਂ ਵਲੋਂ ਹਸਪਤਾਲ ਮੁਖੀ ਦੀ ਗੈਰ-ਮੌਜੂਦਗੀ ਦੌਰਾਨ ਪੂਰਨ ਜਿੰਮੇਵਾਰੀ ਨਿਭਾਉਂਦੇ ਹੋਏ ਦਾਖਲ ਮਰੀਜਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਂਦੀ।
ਅੱਜਕਲ ਦੇ ਗਰਜਾਂ ਮਾਰੇ ਸਮਾਜ ਵਿਚ ਜਿੱਥੇ ਇਹ ਹਸਪਤਾਲ ਇਕ ਸੱਚੇ ਸੁੱਚੇ ਤੇ ਸੁਲਝੇ ਹੋਏ ਮੁਖੀ (ਸ਼੍ਰੀ ਮੋਹਨ ਸ਼ਰਮਾਂ) ਦੀ ਅਣਥੱਕ ਮਿਹਨਤ ਸਦਕਾ ਬਿਨਾਂ ਕਿਸੇ ਗਰਜ ਤੋਂ ਆਪਣੀਆਂ ਸਰਵ ਉੱਤਮ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਉੱਥੇ ਹੀ ਲੋੜ ਹੈ ਨਸ਼ਈ ਨੌਜਵਾਨਾਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਅਜਿਹੇ ਹਸਪਤਾਲਾਂ ਦਾ ਪੂਰਨ ਲਾਭ ਉਠਾਉਣ ਦੀ ਅਤੇ ਔਲਾਦ ਪ੍ਰਤੀ ਗੰਭੀਰ ਹੋਕੇ ਫੈਸਲੇ ਲੈਣ ਦੀ ਤਾਂ ਜੋ ਉਹਨਾਂ ਵੱਲੋਂ ਜਲਦਬਾਜੀ ਵਿਚ ਆਪਣੀ ਔਲਾਦ ਨੂੰ ਅਜਿਹੇ ਹੱਥਾਂ ਦੇ ਹਵਾਲੇ ਕਰਨ ਤੋਂ ਬਚਿਆ ਜਾਵੇ ਜਿੱਥੇ ਨਸ਼ਈ ਨੌਜਵਾਨ ਬਣਾਵਟੀ ਮਾਹੌਲ ਵਿਚ ਸਮਾਂ ਲੰਘਾਉਂਦੇ ਹੋਏ ਨਸ਼ਾ ਛੱਡਣ ਦੀ ਗੱਲ ਤਾਂ ਇਕ ਪਾਸੇ ਉਲਟਾ ਆਪਣੇ ਤੇ ਹੋਏ ਅਤਿਆਚਾਰਾਂ ਦੇ ਸਿੱਟੇ ਵਜੋਂ ਘੋਰ ਹਿੰਸਕ ਹੋ ਕੇ ਘਰਾਂ ਨੂੰ ਪਰਤਣ।
ਦਵਿੰਦਰ ਸਿੰਘ
ਮੋਬਾਇਲ : 9464243000
(ਰੈਡ ਕਰਾਸ ਨਸ਼ਾ ਛੁਡਾਊ ਹਸਪਤਾਲ, ਸੰਗਰੂਰ)
ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਅਤੇ ਸੁਪਰ ਐਸਐਮਐਸ ਤਕਨੀਕ ਦੇ ਵਪਾਰੀਕਰਨ ਲਈ ਪੀਏਯੂ ਨੇ ਕੀਤੀ ਸੰਧੀ
NEXT STORY