ਚੌਵੀ-ਚੌਵੀ ਘੰਟੇ ਕਰਕੇ ਇੱਕ ਹਫ਼ਤਾ ਲੰਘ ਚੁੱਕਾ ਸੀ। ਹਾਲੇ ਪ੍ਰਨਾਲਾ ਉੱਥੇ ਦਾ ਉੱਥੇ ਸੀ।
ਕੁੱਝ ਮਰੀਜ਼ਾਂ ਦੇ ਵਾਰਿਸ ਰਾਮ ਨਾਥ ਨੂੰ ਸਮਝਾਉਣ ਲੱਗੇ।
“ਇਹ ਹਸਪਤਾਲ ਨਾਂ ਦਾ ਹੀ ਵੱਡਾ ਹੈ। ਸਰਕਾਰੀ ਹਸਪਤਾਲਾਂ ਵਾਂਗ ਇਥੋਂ ਦੇ ਡਾਕਟਰਾਂ ਨੂੰ ਵੀ ਰਿਸ਼ਵਤ ਦੀ ਝਾਕ ਰਹਿੰਦੀ ਹੈ। ਇਨ੍ਹਾਂ ਡਾਕਟਰਾਂ ਨੇ ਇਸ ਲੁੱਟ ਦਾ ਨਾਂ ‘ਕਨਸਲਟੇਸ਼ਨ ਫੀ’ ਰੱਖਿਆ ਹੋਇਆ ਹੈ। ਕੋਠੀ ਜਾ ਕੇ ਡਾਕਟਰ ਦੀ ਮੁੱਠੀ ਗਰਮ ਕਰੋ। ਡਾਕਟਰ ਫੇਰ ਮੂੰਹ ਖੋਲ੍ਹਣਗੇ।”
ਲੋਕਾਂ ਦੇ ਤੁਨੇ ਤਨਾਏ ਰਾਮ ਨਾਥ ਇੱਕ ਹਜ਼ਾਰ ਰੁਪਿਆ ਲੈ ਕੇ ਸੀਨੀਅਰ ਡਾਕਟਰ ਦੀ ਕੋਠੀ ਪਹੁੰਚ ਗਿਆ। ਮਰੀਜ਼ ਦੀ ਹਾਲਤ ਸੰਬੰਧੀ ਕੁੱਝ ਸਵਾਲ ਪੁੱਛ ਕੇ ਉਸਨੇ ਰਾਏ ਮਸ਼ਵਰੇ ਵਾਲੀ ਫ਼ੀਸ ਉਸ ਵੱਲ ਵਧਾਈ।
“ਹਸਪਤਾਲ ਵਿੱਚ ਦਾਖ਼ਲ ਮਰੀਜ਼ ਦੀ ਹਾਲਤ ਸੰਬੰਧੀ ਪੁੱਛਣ ਦੀ ਕੋਈ ਫ਼ੀਸ ਨਹੀਂ ਲਗਦੀ। ਜਦੋਂ ਮਰੀਜ਼ ਠੀਕ ਹੋ ਕੇ ਘਰ ਚਲਾ ਗਿਆ ਅਤੇ ਫੇਰ ਕਦੇ ਦਿਖਾਉਣ ਆਏ ਫੇਰ ਫ਼ੀਸ ਲਵਾਂਗੇ।”
ਆਖਕੇ ਡਾਕਟਰ ਨੇ ਰਾਮ ਨਾਥ ਦਾ ਹੱਥ ਮੋੜ ਦਿੱਤਾ। ਰਾਮ ਨਾਥ ਦੀ ਸਮੱਸਿਆ ਉਸੇ ਤਰ੍ਹਾਂ ਕਾਇਮ ਸੀ।
ਨਿਓਰੋ ਵਾਰਡ ਦੇ ਕੁੱਝ ਮਰੀਜ਼ ਰਾਮ ਨਾਥ ਨੂੰ ਡਰਾਉਣ ਲੱਗੇ। ਹੱਡਾਂ ਤੇ ਬੀਤੀ ਦੇ ਆਧਾਰ ’ਤੇ ਉਹ ਆਖ ਸਕਦੇ ਸਨ ਕਿ ਨੀਲਮ ਦੀ ਹਾਲਤ ਦਿਨੋ-ਦਿਨ ਨਿਘਰਦੀ ਜਾ ਰਹੀ ਸੀ। ਡਾਕਟਰ ਮਰੀਜ਼ ਦੇ ਮਰਨ ਤਕ ਕਿਸੇ ਨੂੰ ਰਾਹ ਨਹੀਂ ਦੇਣਗੇ। ਉਨ੍ਹਾਂ ਦਾ ਟੈਸਟਾਂ ਅਤੇ ਫੀਸਾਂ ਵਿੱਚ ਹਿੱਸਾ ਸੀ। ਮਰੀਜ਼ ਦੀ ਜਾਨ ਨਾਲੋਂ ਉਨ੍ਹਾਂ ਨੂੰ ਆਪਣੀ ਫ਼ੀਸ ਪਿਆਰੀ ਸੀ। ਉਹ ਦੁਹਾਈ ਦੇ ਆਖ ਰਹੇ ਸਨ, ਮਰੀਜ਼ ਨੂੰ ਕਿਧਰੇ ਹੋਰ ਦਿਖਾਓ।
ਹੋਰ ਉਹ ਕਿਸ ਨੂੰ ਦਿਖਾਉਣ? ਦਯਾਨੰਦ ਹਸਪਤਾਲ ਉੱਤਰੀ ਭਾਰਤ ਦੇ ਗਿਣਵੇਂ ਹਸਪਤਾਲਾਂ ਵਿਚੋਂ ਇੱਕ ਸੀ। ਇਸ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਨੀਲਮ ਦਾ ਇਲਾਜ ਹੋ ਰਿਹਾ ਸੀ। ਇਸ ਹਸਪਤਾਲ ਦੇ ਡਾਕਟਰ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਸਨ। ਕਿਸੇ ਨਾ ਕਿਸੇ ਬਾਹਰਲੇ ਦੇਸ਼ ਦਾ ਉਨ੍ਹਾਂ ਨੂੰ ਆਪਣੇ ਤਜਰਬੇ ਉਸ ਦੇਸ਼ ਦੇ ਡਾਕਟਰਾਂ ਨਾਲ ਸਾਂਝੇ ਕਰਨ ਦਾ ਸੁਨੇਹਾ ਆਇਆ ਹੀ ਰਹਿੰਦਾ ਸੀ। ਨੀਲਮ ਆਈ. ਸੀ. ਯੂ. ਵਿੱਚ ਪਈ ਸੀ। ਉਸਨੂੰ ਬਚਾਉਣ ਲਈ ਹਰ ਆਧੁਨਿਕ ਤਕਨੀਕ ਦੀ ਵਰਤੋਂ ਹੋ ਰਹੀ ਸੀ। ਇਸ ਤੋਂ ਵੱਧ ਇਲਾਜ ਕੀ ਹੋ ਸਕਦਾ ਸੀ?
“ਇਕ ਵਾਰ ਅਪੋਲੋ ਦੇ ਡਾਕਟਰਾਂ ਦੀ ਰਾਏ ਲੈ ਲਓ। ਪਿੱਛੋਂ ਆਪਾਂ ਨੂੰ ਪਛਤਾਉਣਾ ਨਾ ਪਏ?”
ਕਮਲ ਦੇ ਇੱਕ ਦੋਸਤ ਦੇ ਪਿਤਾ ਨੇ, ਜਿਹੜਾ ਕਿ ਕਈ ਦਿਨਾਂ ਤੋਂ ਨੀਲਮ ਦਾ ਪਤਾ ਕਰਨ ਆ ਰਿਹਾ ਸੀ, ਇਹ ਗੱਲ ਆਖੀ ਤਾਂ ਰਾਮ ਨਾਥ ਦਾ ਮਨ ਡੋਲ ਗਿਆ।
ਰਾਮ ਨਾਥ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਭੈਣ ਭਰਾਵਾਂ ਨੂੰ ਇਕੱਠੇ ਕੀਤਾ। ਸਭ ਨੀਲਮ ਦੇ ਸ਼ੁਭ-ਚਿੰਤਕ ਸਨ। ਹਰ ਕੀਮਤ ਤੇ ਉਸਦੀ ਜਾਨ ਬਚਣੀ ਚਾਹੀਦੀ ਸੀ। ਸਭ ਦੀ ਇਹੋ ਰਾਏ ਸੀ।
ਉਪਰੋਂ ਸਭ ਰਿਸ਼ਤੇਦਾਰ ਦਿੱਲੀ ਲਿਜਾਣ ਦੀਆਂ ਸਲਾਹਾਂ ਦੇ ਰਹੇ ਸਨ ਪਰ ਖ਼ੁਦ ਦਿੱਲੀ ਜਾਣ ਤੋਂ ਡਰ ਰਹੇ ਸਨ। ਦਿੱਲੀ ਜਾ ਕੇ ਇੱਕ ਨਹੀਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਸੀ।
ਸਭ ਤੋਂ ਗੰਭੀਰ ਸਮੱਸਿਆ ਪੈਸੇ ਦੀ ਸੀ। ਇਸ ਹਸਪਤਾਲ ਦੇ ਖ਼ਰਚਿਆਂ ਨੇ ਹੀ ਉਨ੍ਹਾਂ ਨੂੰ ਕੰਗਾਲ ਬਣਾ ਦਿੱਤਾ ਸੀ। ਅਪੋਲੋ ਹਸਪਤਾਲ ਇਸ ਨਾਲੋਂ ਕਈ ਗੁਣਾ ਮਹਿੰਗਾ ਸੀ। ਇਥੇ ਰੋਟੀ-ਟੁੱਕ ਦਾ ਖ਼ਰਚਾ ਬਚ ਜਾਂਦਾ ਸੀ। ਆਉਂਦਾ ਜਾਂਦਾ ਕੋਈ ਰਿਸ਼ਤੇਦਾਰ ਰੋਟੀ ਨਾਲ ਲੈ ਆਉਂਦਾ ਸੀ। ਉਥੇ ਖਾਣੇ ਦਾ ਬਿੱਲ ਕਈ ਸੈਂਕੜਿਆਂ ਦਾ ਬਣਿਆ ਕਰਨਾ ਸੀ। ਇਥੋਂ ਪਿੰਡ ਬਹੁਤੇ ਦੂਰ ਨਹੀਂ ਸਨ। ਵੇਲੇ-ਕੁਵੇਲੇ ਘਰ ਜਾ ਕੇ ਪਿਛਲਿਆਂ ਦੀ ਸਾਰ ਆਸਾਨੀ ਨਾਲ ਲਈ ਜਾ ਸਕਦੀ ਸੀ। ਦਿੱਲੀ ਦੇ ਕਰਾਏ ਭਰਦੇ ਰਿਸ਼ਤੇਦਾਰ ਜੇਬਾਂ ਖਾਲੀ ਕਰ ਬੈਠਣਗੇ। ਉਥੇ ਗਿਆ ਰਿਸ਼ਤੇਦਾਰ ਦਿੱਲੀ ਜੋਗਾ ਰਹਿ ਜਾਏਗਾ। ਪਿਛਲਿਆਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।
ਕਿਸੇ ਨਾ ਕਿਸੇ ਢੰਗ ਨਾਲ ਪੈਸੇ ਦੀ ਸਮੱਸਿਆ ਹੱਲ ਹੋ ਸਕਦੀ ਸੀ। ਹੁਣ ਤਕ ਪੈਸਾ ਰਿਸ਼ਤੇਦਾਰਾਂ ਦਾ ਲੱਗਿਆ ਸੀ। ਹੁਣ ਨੇਹਾ ਬੋਲਣ-ਚਾਲਣ ਲਗ ਗਈ ਸੀ। ਸਾਫ਼ ਗੱਲ ਦੱਸ ਕੇ ਉਸ ਕੋਲੋਂ ਪੈਸਾ ਮੰਗਿਆ ਜਾ ਸਕਦਾ ਸੀ। ਪਰ ਉਸ ਕੋਲ ਦਿੱਲੀ ਕੌਣ ਰਹੇਗਾ? ਇਹ ਸਮੱਸਿਆ ਹੱਲ ਹੋਣੀ ਮੁਸ਼ਕਲ ਜਾਪ ਰਹੀ ਸੀ।
ਦਿਮਾਗ਼ੀ ਮਰੀਜ਼ਾਂ ਦੇ ਇਲਾਜ ਲੰਬੇ ਹੁੰਦੇ ਹਨ। ਇਸ ਵਾਰਡ ਵਿੱਚ ਕਈ ਮਰੀਜ਼ ਛੇ-ਛੇ ਮਹੀਨੇ ਤੋਂ ਪਏ ਸਨ। ਕੀ ਪਤਾ ਹੈ ਕਿੰਨਾ ਚਿਰ ਦਿੱਲੀ ਬੈਠਣਾ ਪਏ?
ਸੁਸ਼ਮਾ ਇੱਕ ਹਫ਼ਤੇ ਵਿੱਚ ਹੀ ਅੱਕ ਗਈ ਸੀ। ਆਨੇ-ਬਹਾਨੇ ਉਹ ਘਰ ਜਾਣ ਦੀ ਇੱਛਾ ਪ੍ਰਗਟਾਅ ਚੁੱਕੀ ਸੀ। ਉਸ ਦੀਆਂ ਕਈ ਮਜਬੂਰੀਆਂ ਸਨ। ਉਸਦੀ ਨੌਕਰੀ ਕੱਚੀ ਸੀ। ਉਸਨੂੰ ਲੰਬੀ ਛੁੱਟੀ ਨਹੀਂ ਸੀ ਮਿਲ ਰਹੀ। ਉਸਨੂੰ ਡਰ ਸੀ ਕਿਧਰੇ ਲੰਬੀ ਛੁੱਟੀ ਪੱਕੀ ਛੁੱਟੀ ਵਿੱਚ ਨਾ ਬਦਲ ਜਾਏ। ਉਸ ਦੀਆਂ ਟਿਊਸ਼ਨਾਂ ਖਰਾਬ ਹੋ ਰਹੀਆਂ ਸਨ। ਸੱਸ ਬੀਮਾਰ ਸੀ। ਸੁਸ਼ਮਾ ਮਾਇਆ ਨਗਰ ਮਸਾਂ ਦਿਨ ਕੱਟ ਰਹੀ ਸੀ। ਦਿੱਲੀ ਜਾਣਾ ਉਸ ਲਈ ਸੰਭਵ ਨਹੀਂ ਸੀ।
ਰਾਮ ਨਾਥ ਦਾ ਪੁਲਸ ਖਹਿੜਾ ਨਹੀਂ ਸੀ ਛੱਡ ਰਹੀ। ਕਦੇ ਮੌਕਾ ਦੇਖਣ ਆ ਜਾਂਦੀ ਸੀ, ਕਦੇ ਗਵਾਹ ਖੜ੍ਹੇ ਕਰਾਉਣ। ਕਦੇ ਉਹ ਚੋਰੀ ਹੋਏ ਸਮਾਨ ਦੀ ਲਿਸਟ ਮੰਗ ਲੈਂਦੀ ਸੀ, ਕਦੇ ਚੋਰੀ ਹੋਏ ਸਮਾਨ ਦੇ ਬਿੱਲ। ਕਦੇ ਥਾਣੇ ਆ ਕੇ ਦੋਸ਼ੀਆਂ ਦੀ ਸ਼ਨਾਖ਼ਤ ਕਰੋ।
ਕਦੇ ਫੜੇ ਸਮਾਨ ਦੀ। ਤਿੰਨਾਂ ਭਰਾਵਾਂ ਵਿਚੋਂ ਇੱਕ ਭਰਾ ਦਾ ਸ਼ਹਿਰ ਰਹਿਣਾ ਵੀ ਜ਼ਰੂਰੀ ਸੀ। ਤਿੰਨਾਂ ਭਰਾਵਾਂ ਦੇ ਬੱਚੇ ਸ਼ਹਿਰ ਸਨ। ਇਕੱਲੇ ਬੱਚੇ ਓਦਰ ਜਾਂਦੇ ਸਨ। ਡਰ ਜਾਂਦੇ ਸਨ। ਉਨ੍ਹਾਂ ਦੀ ਦੇਖਭਾਲ ਲਈ ਅਸ਼ਵਨੀ ਨੂੰ ਸ਼ਹਿਰ ਛੱਡਿਆ ਗਿਆ ਸੀ।
“ਤੁਸੀਂ ਡਾਕਟਰਾਂ ਤੋਂ ਇਹ ਪੁੱਛੋ ਕਿ ਉਹ ਦਿੱਲੀ ਲਿਜਾਣ ਜੋਗੀ ਹੈ ਜਾਂ ਨਹੀਂ? ਕੁੜੀ ਮਾਰਨੀ ਨਹੀਂ। ਮੈਂ ਰਹੂੰ ਉਸ ਕੋਲ!”
ਜਦੋਂ ਕਿਸੇ ਹੋਰ ਨੇ ਹੱਥ ਨਾ ਫੜਾਇਆ ਤਾਂ ਸੰਗੀਤਾ ਨੇ ਵੱਡੀ ਭਰਜਾਈ ਹੋਣ ਦੇ ਨਾਤੇ ਦਿੱਲੀ ਰਹਿਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਗੱਲ ਨਬੇੜੀ।
ਇਸ ਬਾਰੇ ਡਾਕਟਰਾਂ ਤੋਂ ਪੁੱਛੇ ਕੌਣ? ਮਰੀਜ਼ ਨੂੰ ਇਥੋਂ ਲਿਜਾਣ ਬਾਰੇ ਸੁਣਕੇ ਉਨ੍ਹਾਂ ਸੂਈ ਬਘਿਆੜੀ ਵਾਂਗ ਪੈਣਾ ਸੀ।
ਕਮਲ ਦੇ ਦੋਸਤ ਦੇ ਪਿਤਾ ਨੇ ਉਨ੍ਹਾਂ ਦੀ ਇਹ ਸਮੱਸਿਆ ਹੱਲ ਕਰ ਦਿੱਤੀ। ਉਸ ਦਾ ਤਾਇਆ ਅਪੋਲੋ ਹਸਪਤਾਲ ਦੇ ਡਰੱਗ ਸਟੋਰ ਦਾ ਠੇਕੇਦਾਰ ਸੀ। ਸਾਰੇ ਡਾਕਟਰਾਂ ਨਾਲ ਉਸਦੀ ਜਾਣ ਪਹਿਚਾਣ ਸੀ। ਜੇ ਨੀਲਮ ਦੇ ਟੈਸਟਾਂ ਦੀਆਂ ਰਿਪੋਰਟਾਂ ਅਤੇ ਦਵਾਈਆਂ ਦੀ ਲਿਸਟ ਮਿਲ ਜਾਵੇ ਤਾਂ ਉਹ ਘਰ ਬੈਠੇ ਉਨ੍ਹਾਂ ਦੀ ਰਾਏ ਹਾਸਲ ਕਰ ਕੇ ਦੇ ਸਕਦਾ ਸੀ।
ਅੰਨ੍ਹਾ ਕੀ ਭਾਲੇ ਦੋ ਅੱਖਾਂ! ਤੁਰੰਤ ਰਿਕਾਰਡ ਦਿੱਲੀ ਪੁੱਜਦਾ ਕੀਤਾ ਗਿਆ। ਦਿੱਲੀ ਵਾਲੇ ਡਾਕਟਰਾਂ ਨੇ ਦਯਾਨੰਦ ਹਸਪਤਾਲ ਦੇ ਡਾਕਟਰਾਂ ਨਾਲ ਫ਼ੋਨ ’ਤੇ ਗੱਲ ਕਰ ਲਈ। ਸ਼ਾਮ ਤਕ ਨਤੀਜਾ ਆ ਗਿਆ।
“ਫ਼ਿਕਰ ਵਾਲੀ ਕੋਈ ਗੱਲ ਨਹੀਂ ਸੀ। ਇਲਾਜ ਉਹੋ ਹੋ ਰਿਹਾ ਸੀ ਜੋ ਅਪੋਲੋ ਹਸਪਤਾਲ ਹੋਣਾ ਸੀ। ਮਰੀਜ਼ ਦੀ ਹਾਲਤ ਤਸੱਲੀ-ਬਖਸ਼ ਸੀ। ਦੋ ਦਿਨਾਂ ਬਾਅਦ ਉਸ ਨੂੰ ਜਨਰਲ ਵਾਰਡ ਭੇਜ ਦਿੱਤਾ ਜਾਣਾ ਸੀ।”
ਸੱਮਮੁੱਚ ਇੰਝ ਹੀ ਹੋਇਆ।
ਦੋ ਦਿਨਾਂ ਬਾਅਦ ਉਸਨੂੰ ਖਤਰੇ ਤੋਂ ਬਾਹਰ ਘੋਸ਼ਿਤ ਕਰ ਦਿੱਤਾ ਗਿਆ। ਆਈ.ਸੀ.ਯੂ.ਵਿਚੋਂ ਕੱਢ ਕੇ ਜਨਰਲ ਵਾਰਡ ਵਿੱਚ ਭੇਜ ਦਿੱਤਾ ਗਿਆ।
ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ ਪੁਰਾਣੀਆਂ ਕਿਸ਼ਤਾਂ ਪੜ੍ਹ ਸਕਦੇ ਹੋ। ਇਸ ਨਾਵਲ ਬਾਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਹੇਠ ਦਿੱਤੇ ਲਿੰਕ ’ਤੇ ਜਾ ਕੇ ਕਲਿੱਕ ਕਰੋ ਅਤੇ ਪੜ੍ਹੋ...
ਨਾਵਲ ਕੌਰਵ ਸਭਾ : ਕਾਂਡ- 11
ਨਾਵਲ ਕੌਰਵ ਸਭਾ : ਕਾਂਡ- 10
ਨਾਵਲ ਕੌਰਵ ਸਭਾ : ਕਾਂਡ- 9
ਪੰਜਾਬ ਬੰਦ ’ਚ ਵੱਖ-ਵੱਖ ਮਹਿਕਮਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਲਿਆ ਵੱਧ ਚੜ੍ਹ ਕੇ ਹਿੱਸਾ
NEXT STORY