ਸੰਸਾਰ ਦੀਆਂ ਵਿਸ਼ਵ ਸ਼ਕਤੀਆਂ ਮੰਨੇ ਜਾਂਦੇ ਦੇਸ਼ਾਂ ਨੇ ਹੁਣ ਤਕ ਜਿਸ ਤਰ੍ਹਾਂ ਸੰਸਾਰ ਦੇ ਗਰੀਬ ਤੇ ਪਿਛੜੇ ਮੁਲਕਾਂ ਤੇ ਅਪਣੀ ਚੌਧਰਾਹਟ ਤੇ ਦਬਦਬਾ ਬਣਾ ਕੇ ਅਕਸਰ ਇਹਨ੍ਹਾਂ ਦਾ ਸੋਸ਼ਣ ਕੀਤਾ ਹੈ ਉਹ ਸਭ ਜਾਣਦੇ ਹਨ । ਇਹਨ੍ਹਾਂ ਸਭਿਅਕ ਸਮਝੇ ਜਾਂਦੇ ਦੇਸ਼ਾਂ ਨੇ ਅਪਣੇ ਸੋੜੇ ਹਿੱਤਾਂ ਦੀ ਪੂਰਤੀ ਲਈ ਕਿੰਨੇ ਹੀ ਕਿਸਮ-2 ਦੇ ਮਾਰੂ ਹਥਿਆਰ ਤਿਆਰ ਕਰ ਰੱਖੇ ਹਨ ਤੇ ਹਥਿਆਰ ਵੀ ਇਨੀ ਵੱਡੀ ਗਿਣਤੀ ਵਿਚ ਕਿ ਜਿਹਨਾਂ ਰਾਹੀਂ ਦੁਨੀਆ ਇਕ ਵਾਰ ਨਹੀਂ ਸਗੋਂ ਕਈ ਵਾਰ ਖਤਮ ਕੀਤੀ ਜਾ ਸਕਦੀ ਹੈ।
ਹਥਿਆਰਾਂ ਦੀ ਦੌੜ 'ਚ ਅਨ੍ਹੇਵਾਹ ਇਕ-ਦੂਜੇ ਤੋਂ ਬਰਤਰੀ ਹਾਸਲ ਕਰਨ ਵਾਲੇ ਇਹਨ੍ਹਾਂ ਮੁਲਕਾਂ ਦਾ ਅਸੱਭਿਅਕ ਵਿਵਹਾਰ ਪ੍ਰਤੱਖ ਰੂਪ ਵਿਚ ਉਸ ਸਮੇਂ ਵੇਖਣ ਨੂੰ ਮਿਲਦਾ ਹੈ ਜਦ ਕੋਈ ਦੂਸਰਾ ਛੋਟਾ ਮੁਲਕ ਇਹਨਾਂ ਅਖੋਤੀ ਦੇਸ਼ਾਂ ਦੀ ਹਮਸਰੀ ਕਰਨ ਜਾਂ ਇਨ੍ਹਾਂ ਦੀਆਂ ਅੱਖਾਂ 'ਚ ਅੱਖਾਂ ਪਾਉਣ ਦੀ ਹਿੰਮਤ ਕਰਦਾ ਹੈ ।
ਇਹ ਵਿਕਸਤ ਦੇਸ਼ ਅਕਸਰ ਦੂਜੇ ਵਿਕਾਸ-ਸ਼ੀਲ ਦੇਸ਼ਾਂ ਨੂੰ “ਨਿਸ਼ਸ਼ਤਰੀਕਰਨ'' ਦੀ ਤੇ ਅਮਲ ਕਰਨ ਦਾ ਸਬਕ ਦਿੰਦੇ ਹਨ ਪਰ ਆਪ ਕਦੇ ਵੀ ਉਸ ਤੇ ਅਮਲ ਕਰਦੇ ਨਜ਼ਰ ਨਹੀਂ ਆਉਂਦੇ ।ਹਾਂ... ਦੁਨੀਆ ਦੇ ਸਾਹਮਣੇ ਆਪਣੇ ਗਥਿਆਰਾਂ 'ਚ ਕਟੋਤੀ ਕਰਨ ਦਾ, ਜੇ ਇਹ ਐਲਾਨ ਵੀ ਕਰਦੇ ਹਨ ਤਾਂ ਮਾਹਿਰੀਨ ਦਾ ਖਿਆਲ ਹੈ ਕਿ ਉਸ ਵਿਚ ਵੀ ਵਿਖਾਵਾ ਵਧ ਤੇ ਅਮਲ ਘਟ ਹੁੰਦਾ ਹੈ ਜਾਂ ਇੰਝ ਕਹਿ ਲਵੋ ਕਿ “ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ..!“ਵਾਲਾ ਮੁਹਾਵਰਾ ਸੱਚਾ ਸਾਬਤ ਹੁੰਦਾ ਹੈ।
ਪਿਛਲੇ ਦੋ ਦਹਾਕਿਆਂ ਦੌਰਾਨ ਵਿਸ਼ਵ ਦੇ ਇਹਨ੍ਹਾਂ ਠੇਕੇਦਾਰ ਮੁਲਕਾਂ ਨੇ ਜਿਸ ਪਰਕਾਰ ਦੁਨੀਆਂ ਦੇ ਵੱਖ-2 ਮੁਲਕਾਂ ਤੇ ਜੈਵਿਕ,ਰਸਾਇਣਕ ਜਾਂ ਐਟਮੀ ਹਥਿਆਰ ਆਦਿ ਰੱਖਣ ਦੇ ਮਨ-ਘੜਤ(ਦੋਸ਼) ਇਲਜ਼ਾਮ ਲਗਾ-2 ਇਹਨਾਂ ਦੇਸ਼ਾਂ ਖਿਲਾਫ ਇਕ ਪਾਸੜ ਜੰਗਾਂ ਛੇੜ ਕੇ ਜੋ ਜਾਨੀ ਤੇ ਮਾਲੀ ਤਬਾਹੀ ਮਚਾਈ ਹੈ ਉਸਦੀ ਉਦਾਹਰਨ ਨਹੀਂ ਮਿਲਦੀ। ਅਰਥਾਤ ਜਿਸ ਛੋਟੇ ਮੁਲਕ ਦੇ ਹਾਕਿਮ ਨੇ ਵੀ ਇਹਨਾਂ ਖਿਲਾਫ ਥੋੜ੍ਹਾ ਜਿਹਾ ਬੋਲਣ ਦੀ ਜੁਰੱਅਤ ਕੀਤੀ ਤਾਂ ਉਹਨਾਂ ਦੇ ਚੰਗੇ ਭਲੇ ਚਲਦੇ ਮੁਲਕਾਂ ਉੱਪਰ ਬਿਨਾ ਵਜ੍ਹਾ ਬੰਬਾਰੀਆਂ ਕਰ ਉਹਨ੍ਹਾਂ ਦੇ ਤਖਤੇ ਪਲਟਦਿਆਂ ਆਪਣੀ ਮਰਜ਼ੀ ਦੀਆਂ ਕਠਪੁਤਲੀ ਸਰਕਾਰਾਂ ਬਣਾ ਛੱਡੀਆਂ।
ਇਰਾਕ, ਲਿਬਨਾਨ ,ਮਿਸਰ,ਸੀਰੀਆ ਅਤੇ ਅਫਗਾਨਿਸਤਾਨ ਤੇ ਫਲਸਤੀਨ ਆਦਿ ਅਜਿਹੇ ਮੁਲਕਾਂ ਦੀਆਂ ਸੱਜਰੀਆਂ ਉਦਾਹਰਨਾਂ ਹਨ ਜਿਹਨਾਂ ਨੂੰ ਜੰਗ ਦੇ ਅਖਾੜੇ ਬਣਾ ਜਾਂ ਇੰਝ ਕਹਿ ਲਵੋ ਕਿ ਆਪਣੇ ਬੰਬਾਂ ਨੂੰ ਵਰਤਣ ਦੀ ਤਜ਼ਰਬਾ-ਗਾਹ ਬਣਾ ਤਬਾਹ-ਓ-ਬਰਬਾਦ ਕਰ ਕੇ ਰੱਖ ਦਿੱਤਾ । ਇਹਨ੍ਹਾਂ ਮੁਲਕਾਂ ਦੇ ਅਵਾਮ ਅੱਜ ਵੀ ਬਿਨ੍ਹਾਂ ਵਜਾਹ ਥੋਪੀਆਂ ਜੰਗਾਂ ਦੇ ਜ਼ਖਮ ਆਪਣੇ ਪਿੰਡੇ ਤੇ ਹੰਢਾ ਰਹੇ ਹਨ ਤੇ ਜੋ ਜਾਨੀ ਤੇ ਮਾਲੀ ਨੁਕਸਾਨ ਇਹਨਾਂ ਮੁਲਕਾਂ ਨੂੰ ਬਰਦਾਸ਼ਤ ਕਰਨਾ ਪਿਆ ਉਸਦੀ ਤਲਾਫੀ ਜਾਂ ਭਰਪਾਈ ਤਾਂ ਸ਼ਾਇਦ ਕਦੀ ਵੀ ਨਹੀਂ ਹੋ ਸਕਦੀ।ਤੇਲ ਭੰਡਾਰਾ ਤੇ ਕਬਜ਼ਾ ਕਰਨ ਲਈ ਇਹਨਾਂ ਵਿਸ਼ਵ ਤਾਕਤਾਂ ਨੇ ਕਿੰਨੇ ਦੇਸ਼ਾਂ ਨੂੰ ਤਬਾਹ ਕੀਤਾ ਹੈ ਉਹ ਸਭ ਭਲੀਭਾਂਤ ਜਾਣਦੇ ਹਨ।
ਇਹ ਵੀ ਦੁਖਾਂਤ ਹੈ ਕਿ ਜੋ ਮੁਲਕ ਇਹਨ੍ਹਾਂ ਨਾਲ ਦਬ ਕੇ ਜਾਂ ਡਰ ਕੇ ਗਲ੍ਹ ਕਰਦਾ ਹੈ ਉੇਸਨੂੰ ਇਹ ਹੋਰ ਦਬਾਉਂਦੇ ਹਨ ।ਜਿਹੜਾ ਮੁਲਕ (ਉੱਤਰੀ ਕੋਰੀਆ) ਵਾਂਗ ਇਹਨ੍ਹਾਂ ਦੀਆਂ ਅੱਖਾਂ 'ਚ ਅੱਖਾਂ ਪਾ ਗਲ ਕਰਦਾ ਹੈ ਉਸ ਨਾਲ ਅਮਨ ਵਾਰਤਾ ਕਰਨ ਲਈ ਵੀ ਰਸਤੇ ਖੋਲ੍ਹ ਲੈਂਦੇ ਹਨ । ਇੱਕੋ ਮਸਲੇ ਤੇ ਦੂਹਰੇ ਰੱਵਈਏ ਅਪਨਾਉਣ ਵਾਲੇ ਇਹਨਾਂ ਦੇਸ਼ਾਂ ਦੀ ਜੇਕਰ ਕਥਨੀ ਤੇ ਕਰਨੀ ਇਕ ਹੋਵੇ ਤਾਂ ਯਕੀਨਨ ਇਸ ਦੁਨੀਆ ਵਧੇਰੇ ਅਮਨ-ਓ-ਅਮਾਨ ਵਾਲਾ ਮਾਹੌਲ ਪੈਦਾ ਹੋ ਸਕਦਾ ਹੈ।ਕਹਿੰਦੇ ਹਨ ਕਿ ਸੁਲਝੇ ਹੋਏ ਲੋਕ ਹੀ ਉਲਝਣਾ ਪੈਦਾ ਕਰਦੇ ਹਨ ਭਾਵ ਇਹ ਦੇਸ਼ ਆਪਣੇ ਸੋੜੇ ਹਿੱਤਾਂ ਦੀ ਪੂਰਤੀ ਦਾ ਖਿਆਲ ਤਿਆਗ ਦੇਣ ਤਾਂ ਸਮੁੱਚੀ ਦੁਨੀਆਂ ਦੀਆਂ ਬੇਸ਼ਤਰ ਸਮੱਸਿਆਵਾਂ ਦਾ ਹਲ ਬਹੁਤ ਜਲਦ ਹੋ ਸਕਦਾ ਹੈ।
ਉਕਤ ਜੰਗਾਂ ਤੇ ਹਥਿਆਰਾਂ ਦੀ ਧੌਂਸ ਨਾਲ ਦੁਨੀਆਂ ਨੂੰ ਆਪਣੇ ਜ਼ੇਰ(ਹੇਠ) ਕਰਨ ਵਾਲੇ ਇਹਨ੍ਹਾਂ ਖੁਦ-ਗ਼ਰਜ਼ ਦੇਸ਼ਾਂ ਦੇ ਸੁਰ ਹੁਣ ਨਰਮ ਪੈਣ ਲੱਗੇ ਹਨ ਸ਼ਾਇਦ ਅੱਜ ਇਹ ਦੁਨੀਆਂ 'ਚ ਅਮਨ ਦੀ ਅਹਿਮੀਅਤ ਤੇ ਕਦਰ-ਓ-ਕੀਮਤ ਨੂੰ ਸਮਝਣ ਲੱਗੇ ਹਨ ।ਰਾਹਤ ਇੰਦੋਰੀ ਨੇ ਕਿੰਨਾ ਸੋਹਣਾ ਕਿਹਾ ਹੈ ਕਿ
ਲਗੇ ਗੀ ਆਗ ਤੋ ਆਏਂਗੇ ਕਈ ਘਰ ਜ਼ਦ ਮੇਂ,
ਯਾਹਾਂ ਪਰ ਅਕੇਲੇ ਹਮਾਰਾ ਮਕਾਨ ਥੋੜ੍ਹੇ ਹੈ।।
ਸ਼ਾਇਦ ਇਹੋ ਕਾਰਨ ਹੈ ਕਿ ਪਿਛਲੇ 7-7 ਦਹਾਕਿਆਂ ਤੋਂ(ਉੱਤਰੀ ਕੋਰੀਆ ਤੇ ਦੱਖਣੀ ਕੋਰੀਆ) ਇਕ ਦੂਜੇ ਦੇ ਲਗਾਤਾਰ ਘੋਰ ਵਿਰੋਧੀ ਚਲੇ ਆ ਰਹੇ ਦੇਸ਼ ਵੀ ਅੱਜ ਅਮਨ ਵਾਰਤਾ ਵਿਚ ਯਕੀਨ ਕਰਨ ਲੱਗੇ ਹਨ।ਯਕੀਨਨ ਇਹ ਸਮੁੱਚੀ ਦੁਨੀਆ ਦੇ ਅਮਨ ਪਸੰਦ ਲੋਕਾਂ ਲਈ ਵੱਡੀ ਖੁਸ਼ੀ ਵਾਲੀ ਗੱਲ ਹੈ ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹਨ੍ਹਾਂ ਦੇਸ਼ਾਂ ਦੇ ਸ਼ਾਸ਼ਕ ਪਿਛਲੇ ਸਾਲ ਇਕ-ਦੂਜੇ ਦੇ ਮੁਲਕਾਂ ਨੂੰ ਦੁਨੀਆਂ ਦੀ ਹਸਤੀ ਤੋਂ ਮਿਟਾਉਣ ਦੀਆਂ ਬੜਕਾਂ ਮਾਰ ਸੰਸਾਰ ਦੇ ਅਮਨ ਪਸੰਦ ਮੁਲਕਾਂ ਦੀ ਨੀਂਦ ਹਰਾਮ ਕਰੀ ਜਾ ਰਹੇ ਸਨ ਅੱਜ ਉਹਨ੍ਹਾਂ ਦੇਸ਼ਾਂ ਦੇ ਹੀ ਹੁਕਮਰਾਨ ਅਮਨ ਦੀਆਂ ਸਿਖਰ-ਵਾਰਤਾਵਾਂ 'ਚ ਇਕ-ਦੂਜੇ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ । ਸ਼ਾਇਦ ਇਹਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਜੰਗ ਕਿਸੇ ਸਮੱਸਿਆ ਦਾ ਸਦੀਵੀ ਹਲ ਨਹੀਂ .. ! ਜਾਂ ਫਿਰ ਇਹਨ੍ਹਾਂ ਅਮਨ ਵਾਰਤਾਵਾਂ ਪਿੱਛੇ ਇਹਨਾਂ ਤਾਕਤਾਂ ਦੀ ਕੋਈ ਕੋਝੀ ਸਾਜ਼ਿਸ਼ ਹੋਵੇ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਤਿਹਾਸ ਗਵਾਹੀ ਭਰਦਾ ਹੈ ਕਿ ਇਹਨਾਂ ਜਿਸ ਨਾਲ ਜੱਫੀ ਪਾਈ ਉਸੇ ਦੀ ਪਿੱਠ 'ਚ ਛੁਰਾ ਮਾਰਿਆ ਹੈ।ਇਸ ਲਈ ਵਿਸ਼ਵਾਸ ਨਾਲ ਇਨ੍ਹਾਂ ਵਾਰਤਾਵਾਂ ਦੇ ਸਾਕਾਰਾਤਮਕ ਜਾਂ ਨਕਾਰਾਤਮਕ ਨਤੀਜਿਆਂ ਬਾਰੇ ਕੁੱਝ ਵੀ ਕਹਿਣਾ ਹਾਲ ਦੀ ਘੜੀ ਜਲਦ ਬਾਜ਼ੀ ਹੋਵੇਗੀ ਪਰ ਹਾਂ ਇਹਨਾਂ ਦੀ ਹਰ ਹਰਕਤ ਤੇ ਅਮਲ ਤੋਂ ਚੌਕੰਨੇ ਰਹਿਣ ਦੀ ਲੋੜ ਹੈ।ਗਾਲਿਬ ਨੇ ਕਿਯਾ ਖੂਬ ਕਿਹਾ ਹੈ ਕਿ
ਬੇ-ਖੁਦੀ, ਬੇ-ਸਬਬ ਨਹੀਂ ਗਾਲਿਬ..!
ਕੁੱਛ ਤੋ ਹੈ! ਜਿਸਕੀ ਪਰਦਾ-ਦਾਰੀ ਹੈ।
ਪਰ ਸ਼ਾਇਦ ਵਿਸ਼ਵ ਸ਼ਕਤੀਆਂ ਨੂੰ ਅੱਜ ਇਹ ਵੀ ਅਹਿਸਾਸ ਹੋ ਚੁੱਕਾ ਹੈ ਕਿ ਦੁਨੀਆ ਦਾ ਹਰ ਮਸਲਾ ਜੰਗ ਕੀਤਿਆਂ ਹਲ ਨਹੀਂ ਹੋ ਸਕਦਾ, ਜੰਗ ਸਮੱਸਿਆਵਾਂ ਵਿਚ ਵਾਧਾ ਤਾਂ ਬੇਸ਼ੱਕ ਕਰ ਦੇਵੇ ਪਰ ਸੰਸਾਰ 'ਚ ਵਿਕਰਾਲ ਰੂਪ ਧਾਰਨ ਕਰ ਰਹੀ ਮੰਦੀ, ਬੇਰੁਜ਼ਗਾਰੀ, ਗ਼ਰੀਬੀ ਅਤੇ ਭ੍ਰਿਸ਼ਟਾਚਾਰ ਤੇ ਫ੍ਰਿਕਾਪ੍ਰਸਤੀ ਤੇ ਕਾਬੂ ਨਹੀਂ ਪਾ ਸਕਦੀ।
ਜਿਵੇਂ ਗੰਦਗੀ ਨੂੰ ਕਦੀ ਗੰਦਗੀ ਨਾਲ ਸਾਫ ਨਹੀਂ ਕੀਤਾ ਜਾ ਸਕਦਾ, ਉਸਨੂੰ ਸਾਫ ਕਰਨ ਲਈ ਸਾਫ ਤੇ ਸ਼ੁੱਧ ਪਾਣੀ ਦੀ ਲੋੜ ਹੁੰਦੀ ਹੈ ।ਇਸੇ ਤਰ੍ਹਾਂ ਬੁਰਾਈ ਨੂੰ ਬੁਰਾਈ ਨਾਲ ਨਹੀਂ ਸਗੋਂ ਅੱਛਾਈ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ।
ਸ਼ੁਕਰ ਹੈ ਅੱਜ ਦੁਨੀਆ ਦੇ ਦੇਸ਼ਾ ਦੀ ਜ਼ਹਿਨੀਅਤ ਬਦਲ ਰਹੀ ਹੈ ਭਾਵ ਘੋਰ ਵਿਰੋਧੀ ਚਲੇ ਆ ਰਹੇ ਦੇਸ਼ ਵੀ ਅੱਜ ਅਮਨ ਵਾਰਤਾ ਵਿਚ ਯਕੀਨ ਕਰਨ ਲੱਗੇ ਹਨ। ਤਾਜ਼ਾ ਉਦਾਹਰਨ ਸਿੰਗਾਪੁਰ ਵਿਖੇ ਸੰਪਨ ਹੋਈ ਟਰੰਪ-ਕਿਮ ਜੌਂਗ ਉਨ ਦੀ ਵਾਰਤਾ ਹੈ ਜਿਸ ਉੱਪਰ ਕੁੱਲ 100 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਉੱਥੇ ਹੀ ਇਸ ਇਤਿਹਾਸਕ ਮਿਲਣੀ ਦੇ ਗਵਾਹ ਬਨਣ ਲਈ ਭਾਵ ਕਵਰੇਜ ਲਈ ਦੁਨੀਆ ਭਰ ਚੋਂ ਲਗਭਗ 3000 ਪੱਤਰਕਾਰ ਪਹੁੰਚੇ ਸਨ।
ਇਸ ਸਿਖਰ-ਵਾਰਤਾ ਉਪਰੰਤ ਜਿਹਨਾਂ ਗੱਲਾਂ ਦੀ ਦੋਵਂੇ ਦੇਸ਼ਾਂ ਨੇ ਹਾਮੀ ਭਰੀ ਹੈ ਉਸ ਅਨੁਸਾਰ ਕਿੰਮ ਜੌਂਗ ਉਨ ਨੇ ਵਿਸ਼ਵਾਸ ਦਿਵਾਇਆਂ ਕਿ ਉਹ “ਮੁਕੰਮਲ ਨਿਸ਼ਸ਼ਤਰੀਕਰਨ'' ਦੇ ਕੰਮ ਨੂੰ ਨੇਪਰੇ ਚਾੜੇਗਾ ਇਸ ਦੇ ਵੱਟੇ ਉਸਨੇ ਅਮਰੀਕਾ ਪਾਸੋਂ ਵੀ ਸੁਰੱਖਿਆ ਦੀ ਗਾਰੰਟੀ ਮੰਗੀ। ਇਸ ਸੰਦਰਭ ਵਿਚ ਟਰੰਪ ਨੇ ਵੀ ਯਕੀਨ ਦਿਵਾਇਆ ਕਿ ਉਹ ਹੁਣ ਦੱਖਣ ਕੋਰੀਆ ਵਿਖੇ ਅਪਣੇ ਵਲੋਂ ਕੋਈ ਵੀ ਯੁੱਧ ਅਭਿਆਸ ਨਹੀਂ ਕਰੇਗਾ ਜਿਸ ਨਾਲ ਇਸ ਪ੍ਰਾਇਦੀਪ ਵਿਚ ਤਨਾਤਨੀ ਜਾਂ ਜੰਗ ਵਾਲਾ ਮਾਹੌਲ ਪੈਦਾ ਹੋਵੇ ਪਰ ਨਾਲ ਹੀ ਟਰੰਪ ਨੇ ਦੱਖਣੀ ਕੋਰੀਆ ਵਿਚ ਤਾਇਨਾਤ ਅਪਣੇ 3200 ਫੌਜੀਆਂ ਨੂੰ ਹਾਲ ਦੀ ਘੜੀ ਵਾਪਸ ਬਲਾਉਣ ਤੋਂ ਇਨਕਾਰ ਕੀਤਾ ਤੇ ਉਤਰੀ ਕੋਰੀਆ ਤੇ ਆਇਦ ਆਰਥਿਕ ਪਾਬੰਦੀਆਂ ਨੂੰ ਵੀ ਹਾਲ ਦੀ ਘੜੀ ਨਹੀਂ ਹਟਾਇਆ ।ਇਸ ਸਭ ਦੇ ਬਾਵਜੂਦ ਕੁਲ ਮਿਲਾ ਕਿ ਇਸ ਵਾਰਤਾ ਦੇ ਸਫਲਤਾ ਪੂਰਵਕ ਸੰਪਨ ਹੋਣ ਤੇ ਦੁਨੀਆ ਦੇ ਬੇਸ਼ਤਰ ਅਮਨ ਪਸੰਦ ਦੇਸ਼ਾਂ ਨੇ ਸੁੱਖ ਦਾ ਸਾਹ ਲਿਆ ਹੈ ਇਸ ਦੇ ਨਾਲ ਹੀ ਯੂ.ਐਨ.ਓ ਦੇ ਜਨਰਲ ਸਕੱਤਰ ਨੇ ਵੀ ਇਸ ਟਰੰਪ-ਕਿੰਮ ਵਾਰਤਾ ਦਾ ਸੁਆਗਤ ਕਰਦਿਆਂ ਦੁਨੀਆਂ ਦੇ ਦੂਜੇ ਦੇਸ਼ਾਂ ਨੂੰ ਖੁਲ੍ਹੇ ਦਿਲ ਨਾਲ ਇਸ ਅਮਨ ਪੇਸ਼ਕਦਮੀ ਦੇ ਸੁਆਗਤ ਕਰਨ ਦੀ ਪ੍ਰੇਰਣਾ ਦਿੱਤੀ ਹੈ ।ਵਿਸ਼ਵ ਦੇ ਵੱਡੇ ਦੇਸ਼ਾਂ ਚੀਨ, ਜਾਪਾਨ ਅਤੇ ਭਾਰਤ ਸਮੇਤ ਲਗਭਗ ਸਾਰੇ ਹੀ ਦੇਸ਼ਾਂ ਨੇ ਇਸ ਅਮਨ-ਵਾਰਤਾ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਬਿਨ੍ਹਾਂ ਸ਼ੱਕ ਅਜਿਹੀਆਂ ਅਮਨ ਵਾਰਤਾਵਾਂ ਦਾ ਜਿੰਨਾ ਵੀ ਸੁਆਗਤ ਕੀਤਾ ਜਾਵੇ ਘਟ ਹੈ।ਯਕੀਨਨ ਅੱਜ ਦੁਨੀਆ ਨੂੰ ਜੰਗਾਂ ਦੀ ਨਹੀਂ ਬਲਕਿ ਅਮਨ ਦੀ ਲੋੜ ਹੈ।ਅਜਿਹਾ ਅਮਨ ਜਿਸ ਵਿਚ ਦੁਨੀਆ ਦੇ ਹਰ ਛੋਟੇ–ਵੱਡੇ ਦੇਸ਼ ਦੇ ਨਾਗਰਿਕ ਸੁੱਖ-ਸ਼ਾਂਤੀ ਦਾ ਸਾਹ ਲੈ ਸਕਣ..!
ਮੁਹੰਮਦ ਅੱਬਾਸ ਧਾਲੀਵਾਲ
ਮਾਲੇਰਕੋਟਲਾ ।
ਸੰਪਰਕ:9855259650