ਕੁਦਰਤੀ ਨਿਆਂ ਸਭ ਲਈ ਬਰਾਬਰ ਹੈ ਪਰੰਤੁ ਸਮਾਜ ਵਿਚ ਫੈਲੀ ਸਮਾਜਿਕ, ਆਰਥਿਕ ਅਤੇ ਧਾਰਮਿਕ ਤੋਰ ਤੇ ਊਚ ਨੀਚ ਅਤੇ ਛੋਟੇ ਵੱਡੇ ਦੀ ਭਾਵਨਾਂ ਕਾਰਨ ਸਮਾਜਿਕ ਅਨਿਆਂ ਦੀ ਭਾਵਨਾ ਵਿਕਸਿਤ ਹੁੰਦੀ ਹੈ। ਕਦੋਂ ਰੁਕੇਗੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਸਮਾਜਿਕ ਅਨਿਆਂ ਦੀ ਗੱਡੀ। ਬਹੁਤ ਦੂਰ ਹੈ ਅਜੇ ਵੀ ਸਮਾਜਿਕ ਨਿਆਂ ਦੀ ਮੰਜ਼ਿਲ।
ਸਮਾਜਿਕ ਨਿਆਂ ਬਹੁਤ ਹੀ ਵਿਆਪਕ ਸ਼ਬਦ ਹੈ ਅਤੇ ਇਸ ਵਿਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਤੋਂ ਲੈ ਕੇ ਗਰੀਬੀ ਅਤੇ ਅਨਪੜਤਾ ਨੂੰ ਖਤਮ ਕਰਨ ਸਬੰਧੀ ਸਭ ਕੁੱਝ ਸ਼ਾਮਿਲ ਹੈ। ਇਸਦਾ ਭਾਵ ਸਿਰਫ ਕਾਨੂੰਨ ਸਾਹਮਣੇ ਸਭਦਾ ਬਰਾਬਰ ਹੋਣਾ ਅਤੇ ਸੁਤੰਤਰ ਨਿਆਂਪਾਲਿਕਾ ਹੋਣਾ ਜਿਵੇਂ ਕਿ ਪੱਛਮੀ ਵਿਕਸਿਤ ਦੇਸ਼ਾਂ ਵਿਚ ਹੈ ਨਹੀਂ ਹੈ ਸਗੋਂ ਇਸਦਾ ਸਬੰਧ ਸਮਾਜਿਕ ਕੁਰੀਤੀਆਂ ਗਰੀਬੀ, ਬੇਕਾਰੀ, ਭੁੱਖਮਰੀ, ਬੀਮਾਰੀ ਆਦਿ ਜਿਸ ਨਾਲ ਵਿਕਾਸਸ਼ੀਲ ਦੇਸ਼ ਪ੍ਰਭਾਵਿਤ ਹੋ ਰਹੇ ਹਨ ਨੂੰ ਵੀ ਦੂਰ ਕਰਨਾ ਹੈ। ਕੁਦਰਤ ਵਲੋਂ ਹਰ ਇਨਸਾਨ ਨੂੰ ਇੱਕ ਬਰਾਬਰ ਹੀ ਮੰਨਿਆਂ ਜਾਂਦਾ ਹੈ ਅਤੇ ਕੁਦਰਤੀ ਨਿਆਂ ਸਭ ਲਈ ਬਰਾਬਰ ਹੈ ਪਰੰਤੁ ਸਮਾਜ ਵਿਚ ਫੈਲੀ ਸਮਾਜਿਕ, ਆਰਥਿਕ ਅਤੇ ਧਾਰਮਿਕ ਤੋਰ ਤੇ ਊਚ ਨੀਚ ਅਤੇ ਛੋਟੇ ਵੱਡੇ ਦੀ ਭਾਵਨਾਂ ਕਾਰਨ ਸਮਾਜਿਕ ਅਨਿਆਂ ਦੀ ਭਾਵਨਾ ਵਿਕਸਿਤ ਹੁੰਦੀ ਹੈ। ਸਮਾਜਿਕ ਨਿਆਂ ਦਾ ਭਾਵ ਬਿਨਾਂ ਕਿਸੇ ਭੇਦ ਭਾਵ ਦੇ ਸਭ ਨੂੰ ਜੀਉਣ ਅਤੇ ਵਿਕਸਿਤ ਹੋਣ ਦੇ ਇੱਕੋ ਜਿਹੇ ਮੋਕੇ ਪ੍ਰਦਾਨ ਕਰਨਾ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਰਗ ਵਿਕਾਸ ਦੀ ਦੋੜ ਵਿਚ ਪਿੱਛੇ ਨਾਂ ਰਹਿ ਜਾਵੇ। ਸਮਾਜਿਕ ਨਿਆਂ ਦਾ ਮੋਜੂਦਾ ਸੰਕਲਪ 1840 ਵਿਚ ਜੇਸੂਇਟ ਲੁੜਗੀ ਟਪਰੇਲੀ ਨੇ ਥਾਮਸ ਏਕਵੈਨਸ ਦੀ ਸਿੱਖਿਆ ਨੀਤੀ ਦੇ ਅਧਾਰ ਤੇ ਪੇਸ਼ ਕੀਤਾ ਸੀ ਜਿਸਨੂੰ ਬਾਦ ਵਿਚ ਐਨਟਾਨੀਓ ਰੋਸਮਿਨੀ ਸਰਵਾਤੀ ਨੇ ਵੀ 1848 ਵਿਚ ਪੇਸ਼ ਕੀਤਾ। ਸੰਖੇਪ ਵਿਚ ਸਮਾਜਿਕ ਨਿਆਂ ਮਨੁੱਖੀ ਅਧਿਕਾਰਾਂ ਅਤੇ ਬਰਾਬਰਤਾ ਦੇ ਸੰਕਲਪ ਤੇ ਹੀ ਅਧਾਰਿਤ ਹੈ। ਸਮਾਜਿਕ ਨਿਆਂ ਵਿਚ ਭੋਤਿਕ ਸਾਧਨਾ ਦੀ ਬਰਾਬਰ ਵੰਡ, ਸਮਾਜਿਕ,ਸਰੀਰਕ, ਆਰਥਿਕ, ਮਾਨਸਿਕ ਵਿਕਾਸ ਆਦਿ ਸ਼ਾਮਲ ਹੈ। ਸੰਯੁਕਤ ਰਾਸ਼ਟਰ ਨੇ 20 ਫਰਵਰੀ ਦਾ ਦਿਨ ਸਮਾਜਿਕ ਨਿਆਂ ਦਿਵਸ ਦੇ ਤੋਰ ਤੇ ਘੋਸ਼ਿਤ ਕੀਤਾ ਹੈ। ਇਸ ਦਿਨ ਵੱਖ-ਵੱਖ ਸੰਗਠਨਾ ਜਿਵੇਂ ਸੰਯੁਕਤ ਰਾਸ਼ਟਰ ਸੰਘ ਅਤੇ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਵਲੋਂ ਲੋਕਾਂ ਨੂੰ ਸਮਾਜਿਕ ਨਿਆਂ ਦੀ ਅਪੀਲ ਕੀਤੀ ਜਾਂਦੀ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਵਲੋਂ 2007 ਵਿਚ ਇਸਦੀ ਸਥਾਪਨਾ ਕੀਤੀ ਗਈ ਅਤੇ 24ਵੇਂ ਅਜਲਾਸ ਵਿਚ ਸਮਾਜਿਕ ਨਿਆਂ ਵਿਕਾਸ ਸੰਮੇਲਨ ਆਯੋਜਿਤ ਕਰਵਾਉਣ ਲਈ ਘੋਸ਼ਣਾ ਕੀਤੀ ਗਈ। ਇਸ ਮੌਕੇ ਸੰਯੁਕਤ ਰਾਸਟਰ ਨੇ ਵਿਸ਼ੇਸ਼ ਤੋਰ ਤੇ ਕਿਹਾ ਕਿ ਇਸ ਦਿਵਸ ਤੇ ਅੰਤਰਰਾਸ਼ਟਰੀ ਸਮੁਦਾਇ ਨੂੰ ਗਰੀਬੀ ਖਤਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ, ਸਭ ਜਗਾ ਸਭ ਲਈ ਯੋਗਤਾ ਅਨੁਸਾਰ ਕੰਮ ਅਤੇ ਰੋਜ਼ਗਾਰ ਉਪਲੱਭਦ ਹੋਣ ਨਾਲ ਹੀ ਸਮਾਜਿਕ ਨਿਆਂ ਸੰਭਬ ਹੋਵੇਗਾ। ਸੰਖੇਪ ਸ਼ਬਦਾਂ ਵਿਚ ਰੋਟੀ, ਕੱਪੜਾ, ਮਕਾਨ, ਸੁਰੱਖਿਆ, ਸਿਹਤ, ਅਸਿੱਖਿਆ, ਗਰੀਬੀ, ਬੇਰੋਜਗਾਰੀ, ਸਮਾਜਿਕ ਬਾਈਕਾਟ ਆਦਿ ਮੁੱਦਿਆਂ ਨੂੰ ਲੈਕੇ ਹੀ ਸਮਾਜਿਕ ਨਿਆਂ ਦਿਵਸ ਦੀ ਸ਼ੁਰੂਆਤ ਹੋਈ ਸੀ। ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ ਅਤੇ ਇਨਾਂ ਸਮਾਗਮਾਂ ਵਿਚ ਹਰ ਦੇਸ਼ ਅਪਣੇ ਆਪ ਨੂੰ ਸਮਾਜਿਕ ਨਿਆਂ ਦੇ ਮੁੱਦੇ ਤੇ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ। ਸਮਾਜਿਕ ਸਮੱਸਿਆਵਾਂ ਵਿਚ ਘਿਰੇ ਲੋਕਾਂ ਲਈ ਸਮਾਜਿਕ ਨਿਆਂ ਸਿਰਫ ਇੱਕ ਸੁਪਨਾ ਹੀ ਹੈ। ਯੁਨੀਸੈਫ ਦੀ ਰਿਪੋਰਟ ਅਨੁਸਾਰ ਦੁਨੀਆਂ ਦੇ ਲੱਗਭੱਗ 03 ਕਰੋੜ ਬੱਚੇ ਯੁੱਧ ਅਤੇ ਹੋਰ ਸੰਕਟਾਂ ਕਾਰਨ ਸਿੱਖਿਆ ਨਹੀਂ ਪ੍ਰਾਪਤ ਕਰ ਰਹੇ ਹਨ। ਹਰ ਚੋਥਾ ਬੱਚਾ ਗਰੀਬੀ, ਅਸਿੱਖਿਆ, ਕੁਪੋਸ਼ਣ, ਹਿੰਸਾ, ਅਸੁਰਖਿੱਆ, ਭੇਦਭਾਵ ਦਾ ਸ਼ਿਕਾਰ ਹੈ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਸਮੇ ਸਮੇਂ ਤੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਸਮਾਜਿਕ ਨਿਆਂ ਦੇ ਰਾਹ ਵਿਚ ਰੋੜਾਂ ਬਣ ਰਹੀਆਂ ਸਮੱਸਿਆਵਾਂ ਵੱਲ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ ਅਤੇ ਇਨਾਂ•ਸਮੱਸਿਆਵਾਂ ਨੂੰ ਦੂਰ ਕਰਨ ਲਈ ਕੰਮ ਕੀਤਾ ਹੈ। ਸਾਡਾ ਦੇਸ਼ ਜੋ ਕਿ ਇੱਕ ਵੱਡਾ ਲੋਕਤੰਤਰਿਕ ਦੇਸ਼ ਹੈ ਵਿਚ ਸਮਾਜਿਕ ਢਾਂਚਾ ਇਸ ਤਰਾਂ ਦਾ ਹੈ ਕਿ ਕਈ ਵਰਗਾਂ ਦੇ ਲੋਕ ਸਮਾਜਿਕ ਅਨਿਆਂ ਦੇ ਸ਼ਿਕਾਰ ਹੋ ਰਹੇ ਹਨ। ਸਾਡੇ ਦੇਸ਼ ਵਿਚ ਵੀ ਸਮੇਂ ਸਮੇਂ ਤੇ ਸਮਾਜ ਦੇ ਰਹਿਵਰਾਂ ਨੇ ਸਮਾਜ ਵਿੱਚ ਫੈਲੀਆਂ ਸਮਾਜਿਕ ਨਾਂ ਬਰਾਬਰੀ ਵਰਗੀਆਂ ਅਤੇ ਸਮਾਜਿਕ ਅਨਿਆਂ ਦਾ ਡਟਕੇ ਵਿਰੋਧ ਕੀਤਾ। ਸਾਡੇ ਦੇਸ਼ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਕਿਸੇ ਵੀ ਵਿਅਕਤੀ ਨਾਲ ਧਰਮ, ਨਸਲ, ਜਾਤਿ, ਜਨਮ ਸਥਾਨ ਆਦਿ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। ਬਹੁਤੇ ਲੋਕ ਭਾਰਤੀ ਸੰਵਿਧਾਨ ਅਤੇ ਕਨੂੰਨ ਨੂੰ ਟਿੱਚ ਸਮਝਦੇ ਹਨ ਜਿਸ ਕਾਰਨ ਸਾਡੇ ਦੇਸ਼ ਵਿਚ ਫੈਲੀ ਜਾਤਿ ਪ੍ਰਥਾ, ਧਾਰਮਿਕ ਵੰਡ ਕਾਰਨ ਸਮਾਜਿਕ ਅਨਿਆਂ ਅਤੇ ਨਾਂ ਬਰਾਬਰੀ ਵਧ ਰਹੀ ਹੈ। ਬੇਸ਼ੱਕ ਇੱਕ ਪਾਸੇ ਦੁਨੀਆਂ ਦੇ ਅਮੀਰ ਲੋਕਾਂ ਵਿਚ ਕੁੱਝ ਭਾਰਤੀਆਂ ਦੇ ਨਾਮ ਸ਼ਾਮਲ ਹੋ ਚੁੱਕੇ ਹਨ ਜੋਕਿ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ ਪਰ ਦੂਜੇ ਪਾਸੇ ਸਾਡੇ ਦੇਸ ਵਿਚ ਗਰੀਬੀ, ਭੁਖਮਰੀ, ਇਲਾਜ਼ ਤੋਂ ਬਿਨਾਂ ਤੜਫਦੇ ਮਰੀਜ਼, ਛੱਤ ਬਿਨਾਂ ਠੰਡ-ਗਰਮੀ ਵਿਚ ਰਾਤਾਂ ਕੱਟਦੇ ਲੋਕ, ਸਿੱਖਿਆਂ ਤੋਂ ਬਾਂਝੇ ਬੱਚੇ, ਕੁਪੋਸ਼ਣ ਦਾ ਸ਼ਿਕਾਰ ਬੱਚੇ, ਮੁੱਢਲੀਆਂ ਜ਼ਰੂਰਤਾਂ ਲਈ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਦੇਸ ਦੀਆਂ ਬੱਚੀਆਂ, ਬਾਲ ਮਜ਼ਦੂਰ, ਬਾਲ ਵਿਆਹ ਦੀ ਕੁਪ੍ਰਥਾ ਦਾ ਸ਼ਿਕਾਰ ਹੋ ਰਹੇ ਬੱਚੇ, ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ, ਦਾਜ ਦਾ ਸ਼ਿਕਾਰ ਹੋ ਰਹੀਆਂ ਮਹਿਲਾਵਾਂ, ਇਨਸਾਫ ਦੀ ਲੰਬੀ ਉਡੀਕ ਵਿੱਚ ਬੈਠੇ ਲੋਕ ਸਮਾਜ ਨੂੰ ਝੰਜੋੜਕੇ ਰੱਖਦੇ ਹਨ। ਸਾਡੇ ਦੇਸ਼ ਵਿੱਚ ਬਹੁਤੇ ਲੋਕਾਂ ਦੀ ਮਹੱਤਤਾ ਜਾਨਵਰਾਂ ਤੋਂ ਵੀ ਘੱਟ ਹੈ। ਸਰਕਾਰਾਂ ਵਲੋਂ ਜਾਨਵਰਾਂ ਤੇ ਅਤਿਆਚਾਰਾਂ ਨੂੰ ਰੋਕਣ ਲਈ ਬੇਸ਼ੱਕ ਵਿਸ਼ੇਸ ਕਰਵਾਈ ਕੀਤੀ ਜਾਂਦੀ ਹੈ ਪਰ ਬਹੁਤੇ ਲੋਕਾਂ ਤੇ ਅਤਿਆਚਾਰਾਂ ਦੀਆਂ ਘਟਨਾਵਾ ਆਏ ਦਿਨ ਵਾਪਰ ਰਹੀਆਂ ਹਨ ਅਤੇ ਸਰਕਾਰਾਂ ਵਲੋਂ ਅਜਿਹੀਆਂ ਘਟਨਾਵਾਂ ਰੋਕਣ ਲਈ ਖਾਸ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਧਰਮ, ਜਾਤ, ਲਿੰਗ ਅਧਾਰ ਤੇ ਕਈ ਸਰਵਜਨਿਕ ਸਥਾਨਾਂ ਤੇ ਅਜ਼ਾਦੀ ਦੇ 70 ਸਾਲ ਬਾਦ ਦਾਖਲੇ ਦੀ ਮਨਾਹੀ ਵਰਗੀਆਂ ਘਟਨਾਵਾਂ ਸਮਾਜਿਕ ਨਿਆਂ ਦਾ ਮੂੰਹ ਚਿੜਾਉਂਦੀ ਹੈ। ਇਹ ਸਭ ਸਮਾਜਿਕ ਨਿਆਂ ਦੇ ਰਾਹ ਵਿੱਚ ਵੱਡਾ ਰੋੜਾ ਹਨ। ਸਾਡੇ ਦੇਸ਼ ਦਾ ਨਿਆਇਕ ਢਾਂਚਾ ਜੋਕਿ ਬਹੁਤ ਹੀ ਲਚਕੀਲਾ ਅਤੇ ਖਰਚੀਲਾ ਹੈ ਅਤੇ ਬਹੁਤ ਸਮਾਂ ਲੈਂਦਾ ਹੈ ਕਾਰਨ ਬਹੁਤੇ ਸਾਧਨਹੀਣ ਲੋਕ ਇਨਸਾਫ ਲੈਣ ਲਈ ਤੜਫਦੇ ਰਹਿੰਦੇ ਹਨ ਜਦਕਿ ਸਾਧਨ ਸੰਪਨ ਲੋਕ ਇਸਦਾ ਦੁਰਉਪਯੋਗ ਕਰਦੇ ਹਨ। ਸਾਡੇ ਦੇਸ ਵਿੱਚ ਬਹੁਤੇ ਥਾਵਾਂ ਤੇ ਨਾਗਰਿਕਾਂ ਦੀ ਰੱਖਿਆ ਕਰਨ ਵਾਲੀ ਪੁਲਿਸ ਹੀ ਅਪਣੇ ਦੇਸ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਿੱਚ ਮੋਹਰੀ ਰਹਿੰਦੀ ਹੈ ਅਤੇ ਇਸ ਵਿੱਚ ਕਈ ਵਾਰ ਸਾਡੇ ਦੇਸ਼ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਨੇਤਾ ਵੀ ਹੱਲਾ ਸ਼ੇਰੀ ਦਿੰਦੇ ਹਨ। ਸਰਕਾਰ ਵਲੋਂ ਲਿਤਾੜੇ ਅਤੇ ਪੱਛੜੇ ਵਰਗਾਂ ਨੂੰ ਸਮਾਜਿਕ ਨਿਆਂ ਦੇਣ ਲਈ ਬੇਸ਼ੱਕ ਵੱਖ ਵੱਖ ਆਯੋਗ ਮਨੁਖੀ ਅਧਿਕਾਰ ਆਯੋਗ, ਬਾਲ ਅਧਿਕਾਰ ਆਯੋਗ, ਮਹਿਲਾ ਆਯੋਗ, ਅਨੂਸੂਚਿਤ ਜਾਤਿ ਆਯੋਗ, ਅਨੂਸੂਚਿਤ ਜਨਜਾਤਿ ਆਯੋਗ, ਘੱਟ ਗਿਣਤੀ ਆਯੋਗ, ਪੱਛੜੀਆਂ ਸ਼੍ਰੇਣੀਆਂ ਆਯੋਗ ਆਦਿ ਬਣਾਏ ਗਏ ਹਨ ਪਰੰਤੂ ਇਹ ਸਭ ਵੀ ਇਨ•ਾਂ ਲਿਤਾੜੇ ਤੇ ਪੱਛੜੇ ਵਰਗ ਦੇ ਲੋਕਾਂ ਨੂੰ ਸਮਾਜਿਕ ਨਿਆ ਦਿਵਾਉਣ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਰਹੇ ਹਨ ਜਿਸ ਕਾਰਨ ਅੱਜ ਵੀ ਦੇਸ ਦੇ ਕਈ ਭਾਗਾਂ ਵਿੱਚ ਸਮਾਜਿਕ ਅਨਿਆਂ ਤੋਂ ਦੁਖੀ ਲੋਕ ਨਿਆਂ ਪਾਣ ਲਈ ਗੱਲਤ ਢੰਗ ਅਪਣਾ ਰਹੇ ਹਨ ਅਤੇ ਦੇਸ਼ ਵਿੱਚ ਹਾਲਾਤ ਵਿਗੜ ਰਹੇ ਹਨ। ਪਿਛਲੇ ਸਮੇਂ ਦੌਰਾਨ ਵਾਪਰੀਆਂ ਜਾਤ, ਧਰਮ ਦੇ ਅਧਾਰ ਤੇ ਅਤਿੱਆਚਾਰ ਦੀਆਂ ਘਟਨਾਵਾਂ ਸਮਾਜਿਕ ਨਿਆਂ ਦੇ ਰਾਹ ਵਿੱਚ ਵੱਡਾ ਰੋੜ•ਾ ਸਾਬਤ ਹੋ ਰਹੀਆਂ ਹਨ। ਬੇਸ਼ੱਕ ਅੱਜ ਵਿਸਵ ਨਿਆਂ ਦਿਵਸ ਮੌਕੇ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਸਮਾਜਿਕ ਨਿਆਂ ਸਬੰਧੀ ਸਮਾਗਮ ਕੀਤੇ ਜਾ ਰਹੇ ਹਨ ਪਰ ਸਾਡੇ ਦੇਸ਼ ਵਿੱਚ ਸਮਾਜਿਕ ਨਿਆਂ ਦੀ ਖਸਤਾ ਹਾਲਤ ਨੂੰ ਵੇਖਕੇ ਲੱਗਦਾ ਹੈ ਕਿ ਸਮਾਜਿਕ ਨਿਆਂ ਦਾ ਸੂਪਨਾ ਪੂਰਾ ਕਰਨ ਲਈ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ ਨਹੀਂ ਤਾਂ ਅਜਿਹੇ ਦਿਨ ਮਨਾਉਣਾਂ ਇੱਕ ਖਾਨਾਪੂਰਤੀ ਤੋਂ ਵੱਧ ਕੁੱਝ ਨਹੀਂ ਹੇਵੇਗਾ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ, ਜਿਲ•ਾ ਰੂਪਨਗਰ (ਪੰਜਾਬ)
9417563054
ਵਿਆਹ ਦੀ ਵਰ੍ਹੇਗੰਢ
NEXT STORY