ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਸੈਸ਼ਨ ਜੱਜ ਅਤੁਲ ਕੁਸਾਨਾਂ ਦੀ ਅਦਾਲਤ ਨੇ ਲਗਭਗ ਢਾਈ ਸਾਲ ਪਹਿਲਾਂ ਨੂੰਹ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਮਾਮਲੇ ਵਿਚ ਥਾਣਾ ਮਹਿਣਾ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਉਸ ਦੇ ਪਤੀ ਅਤੇ ਸੱਸ ਨੂੰ ਸਬੂਤਾਂ ਅਤੇ ਗਵਾਹਾਂ ਦੀ ਭਾਰੀ ਘਾਟ ਦੇ ਚੱਲਦੇ ਬਰੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਦੋਸ਼ੀ ਧਿਰ ਵੱਲੋਂ ਆਪਣੇ ਵਕੀਲ ਐਡਵੋਕੇਟ ਗਗਨਦੀਪ ਸਿੰਘ ਬਰਾੜ ਦੇ ਰਾਹੀਂ ਮਾਣਯੋਗ ਅਦਾਲਤ ਵਿਚ ਸੁਣਵਾਈ ਦੌਰਾਨ ਆਪਣਾ ਪੱਖ ਰੱਖਿਆ ਸੀ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਇਸਰ ਨਿਵਾਸੀ ਸਾਧੂ ਸਿੰਘ ਪੁੱਤਰ ਹਰਭਜਨ ਸਿੰਘ ਵੱਲੋਂ ਥਾਣਾ ਮਹਿਣਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨੇ ਆਪਣੀ ਬੇਟੀ ਰੁਪਿੰਦਰ ਕੌਰ ਦਾ ਵਿਆਹ 9 ਸਾਲ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਧੂੜਕੋਟ ਟਾਹਲੀ ਵਾਲਾ ਨਿਵਾਸੀ ਇੰਦਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਨਾਲ ਕੀਤੀ ਸੀ।
ਉਸ ਨੇ ਦੋਸ਼ ਲਗਾਇਆ ਸੀ ਕਿ 1 ਦਸੰਬਰ 2021 ਨੂੰ ਉਸ ਦੇ ਜਵਾਈ ਇੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਫੋਨ ’ਤੇ ਉਨ੍ਹਾਂ ਦੀ ਬੇਟੀ ਰੁਪਿੰਦਰ ਕੌਰ ਦੇ ਖਾਣਾ ਬਨਾਉਂਦੇ ਸਮੇਂ ਬੁਰੀ ਤਰ੍ਹਾਂ ਨਾਲ ਝੁਲਸਣ ਸਬੰਧੀ ਸੂਚਿਤ ਕੀਤਾ ਅਤੇ ਦੱਸਿਆ ਕਿ ਉਹ ਮੋਗਾ ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਹੈ ਪਰ ਇਲਾਜ ਦੌਰਾਨ ਉਸਦੀ ਬੇਟੀ ਰੁਪਿੰਦਰ ਕੌਰ ਨੇ ਦਮ ਤੋੜ ਦਿੱਤਾ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਜਾਣਬੁੱਝ ਕੇ ਸਹੁਰਿਆਂ ਵੱਲੋਂ ਖੁਦਕੁਸ਼ੀ ਲਈ ਮਜ਼ਬੂਰ ਕੀਤਾ ਗਿਆ ਹੈ, ਜਿਸ ’ਤੇ ਪੁਲਸ ਨੇ ਮ੍ਰਿਤਕਾ ਰੁਪਿੰਦਰ ਕੌਰ ਦੇ ਪਤੀ ਇੰਦਰਜੀਤ ਸਿੰਘ ਅਤੇ ਸੱਸ ਸੁਰਜੀਤ ਕੌਰ ਉਰਫ਼ ਸੀਤੋ ਪਤਨੀ ਗੁਰਦੀਪ ਸਿੰਘ ਖਿਲਾਫ਼ ਆਈਪੀਐਸ ਦੀ ਧਾਰਾ 306 ਸਮੇਤ ਬਣਦੀਆਂ ਵੱਖ ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਮਾਣਯੋਗ ਅਦਾਲਤ ਨੇ ਸੁਣਵਾਈ ਦੇ ਦੌਰਾਨ ਅਦਾਲਤ ਵਿਚ ਪੇਸ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਨੋਂ ਦੋਸ਼ੀ ਮਾਂ ਪੁੱਤਰ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ ਹੈ।
ਮੋਗਾ ’ਚ ਗ੍ਰਿਫ਼ਤਾਰ ਹੋਏ ਗਿਰੋਹ ਨੇ ਉਡਾਏ ਹੋਸ਼, 15 ਲਗਜ਼ਰੀ ਗੱਡੀਆਂ ਦੇਖ ਹਰ ਕੋਈ ਹੈਰਾਨ
NEXT STORY