ਨੈਸ਼ਨਲ ਡੈਸਕ : ਪੁਲਸ ਨੇ 'ਧਨਕੁੱਟੀ' ਦੀਆਂ ਤੰਗ ਗਲੀਆਂ ਵਿੱਚ ਚੱਲ ਰਹੇ ਇੱਕ ਵੱਡੇ ਮਨੀ ਲਾਂਡਰਿੰਗ ਅਤੇ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ। ਪੁਲਸ ਦੀ ਇਸ ਕਾਰਵਾਈ ਦੌਰਾਨ ਅਧਿਕਾਰੀਆਂ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਨੂੰ ਸੱਟੇਬਾਜ਼ ਦੇ ਘਰ ਦੀ ਤਲਾਸ਼ੀ ਦੌਰਾਨ ਕਰੋੜਾਂ ਰੁਪਏ ਮਿਲੇ। ਇਸ ਦੌਰਾਨ ਬਰਾਮਦ ਹੋਏ ਨੋਟਾਂ ਨੂੰ ਗਿਣ-ਗਿਣ ਅਧਿਕਾਰੀ ਵੀ ਥੱਕ ਗਏ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਕਲੈਕਟਰਗੰਜ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਸੱਟੇਬਾਜ਼ ਦੇ ਘਰੋਂ ਪੁਲਸ ਨੂੰ ਲਗਭਗ 4 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਬਰਾਮਦ ਹੋਈ।
ਰਾਤ ਵੇਲੇ ਹੋਈ ਵੱਡੀ ਕਾਰਵਾਈ
ਪੁਲਸ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਏ.ਡੀ.ਸੀ.ਪੀ. ਸੁਮਿਤ ਸੁਧਾਕਰ ਰਾਮਟੇਕੇ ਦੀ ਅਗਵਾਈ ਹੇਠ ਪੁਲਸ ਟੀਮ ਨੇ ਰਾਤ ਕਰੀਬ 8 ਵਜੇ ਰਮਾਕਾਂਤ ਨਾਮਕ ਵਿਅਕਤੀ ਦੇ ਘਰ ਛਾਪਾ ਮਾਰਿਆ। ਪੁਲਸ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਇਸ ਘਰ ਦੇ ਅੰਦਰੋਂ ਹਵਾਲਾ, ਗੈਰ-ਕਾਨੂੰਨੀ ਟ੍ਰੇਡਿੰਗ ਅਤੇ ਸੱਟੇਬਾਜ਼ੀ ਦਾ ਵੱਡਾ ਸਿੰਡੀਕੇਟ ਚਲਾਇਆ ਜਾ ਰਿਹਾ ਹੈ। ਘੇਰਾਬੰਦੀ ਇੰਨੀ ਸਖ਼ਤ ਸੀ ਕਿ ਦੋਸ਼ੀਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ।
ਕਮਰੇ 'ਚ ਲੱਗੇ ਸਨ ਨੋਟਾਂ ਦੇ ਢੇਰ
ਜਦੋਂ ਪੁਲਸ ਟੀਮ ਕਮਰੇ ਦੇ ਅੰਦਰ ਦਾਖਲ ਹੋਈ, ਤਾਂ ਉੱਥੇ ਨੋਟਾਂ ਦੇ ਢੇਰ ਲੱਗੇ ਹੋਏ ਸਨ ਅਤੇ ਨੋਟ ਗਿਣਨ ਲਈ ਮਸ਼ੀਨਾਂ ਚੱਲ ਰਹੀਆਂ ਸਨ। ਪੁਲਸ ਨੇ ਮੌਕੇ ਤੋਂ 2 ਕਰੋੜ ਰੁਪਏ ਨਕਦ ਤੇ 59 ਕਿੱਲੋ ਚਾਂਦੀ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਲਗਭਗ 2 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਹਵਾਲਾ ਅਤੇ ਵਿਦੇਸ਼ੀ ਸਬੰਧਾਂ ਦਾ ਸ਼ੱਕ
ਏ.ਡੀ.ਸੀ.ਪੀ. ਰਾਮਟੇਕੇ ਨੇ ਦੱਸਿਆ ਕਿ ਇਹ ਗਿਰੋਹ ਹਵਾਲਾ ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਰਾਹੀਂ ਕਾਲਾ ਧਨ ਇਕੱਠਾ ਕਰ ਰਿਹਾ ਸੀ। ਪੁਲਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਕੁਝ ਸ਼ੱਕੀ ਮੋਬਾਈਲ ਐਪਸ ਤੇ ਟ੍ਰੇਡਿੰਗ ਸਾਈਟਾਂ ਦੇ ਲਿੰਕ ਮਿਲੇ ਹਨ, ਜਿਸ ਕਾਰਨ ਇਸ ਧੰਦੇ ਦੇ ਤਾਰ ਵਿਦੇਸ਼ਾਂ ਜਾਂ ਹੋਰ ਰਾਜਾਂ ਨਾਲ ਜੁੜੇ ਹੋਣ ਦਾ ਸ਼ੱਕ ਹੈ।
ਰਡਾਰ 'ਤੇ ਸ਼ਹਿਰ ਦੇ ਕਈ ਵੱਡੇ ਵਪਾਰੀ
ਪੁਲਸ ਦੀ ਸਾਈਬਰ ਸੈੱਲ ਹੁਣ ਫੜੇ ਗਏ ਮੋਬਾਈਲ ਫੋਨਾਂ ਅਤੇ ਐਪਸ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਪੁੱਛਗਿੱਛ ਵਿੱਚ ਕਈ ਅਹਿਮ ਸੁਰਾਗ ਮਿਲੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਰੈਕੇਟ ਵਿੱਚ ਸ਼ਹਿਰ ਦੇ ਕਈ ਨਾਮਵਰ ਵਪਾਰੀ ਅਤੇ ਸਫੇਦਪੋਸ਼ ਸ਼ਾਮਲ ਹੋ ਸਕਦੇ ਹਨ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਪੈਸਾ ਕਿੱਥੋਂ ਆ ਰਿਹਾ ਸੀ ਅਤੇ ਕਿੱਥੇ ਵਰਤਿਆ ਜਾਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ ਗੁਰਪਤਵੰਤ ਪੰਨੂ ਖ਼ਿਲਾਫ਼ FIR ਦਰਜ
NEXT STORY