ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਵਿਚ ਚੰਦਰਤਾਲ ਝੀਲ ਵਿਚ ਫਸੇ ਸੈਲਾਨੀਆਂ ਨੂੰ ਬਚਾਉਣ ਲਈ ਭਾਰਤੀ ਹਵਾਈ ਫ਼ੌਜ ਦੇ ਇਕ ਹੈਲੀਕਾਪਟਰ ਨੂੰ ਬੁਲਾਇਆ ਗਿਆ ਹੈ, ਜਦੋਂ ਕਿ ਕਾਜ਼ਾ ਤੋਂ ਇਕ ਬਚਾਅ ਦਲ ਕੁੰਜ਼ੁਮ ਦਰਰਾ ਪਹੁੰਚ ਗਿਆ ਹੈ ਅਤੇ ਇਹ ਝੀਲ ਤੋਂ ਸਿਰਫ਼ 8 ਕਿਲੋਮੀਟਰ ਦੂਰ ਹੈ। ਪ੍ਰਮੁੱਖ ਸਕੱਤਰ (ਮਾਲ) ਓਮਕਾਰ ਚੰਦ ਸ਼ਰਮਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ 'ਚ ਮੀਂਹ ਅਤੇ ਬਰਫਬਾਰੀ ਕਾਰਨ 14,100 ਫੁੱਟ ਦੀ ਉਚਾਈ 'ਤੇ ਸਥਿਤ ਚੰਦਰਾਤਲ ਦੇ ਕੈਂਪਾਂ 'ਚ ਕਰੀਬ 300 ਲੋਕ ਫੱਸ ਗਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਹਨ। ਸ਼ਰਮਾ ਨੇ ਕਿਹਾ, “ਉੱਚਾਈ ਕਾਰਨ ਉਨ੍ਹਾਂ ਵਿੱਚੋਂ ਦੋ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਨ੍ਹਾਂ ਨੂੰ ਏਅਰਲਿਫਟ ਕੀਤਾ ਜਾਵੇਗਾ,” ਸ਼ਰਮਾ ਨੇ ਕਿਹਾ ਕਿ ਉਥੇ ਫਸੇ ਸਾਰੇ ਲੋਕਾਂ ਨੂੰ ਮੰਗਲਵਾਰ ਰਾਤ ਤੱਕ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਪਹਾੜੀ ਰਾਜ ਦੇ ਵੱਖ-ਵੱਖ ਥਾਵਾਂ ਤੋਂ ਲਗਭਗ 100 ਲੋਕਾਂ ਨੂੰ ਬਚਾਇਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਲੋਸਰ ਅਤੇ ਕਾਜ਼ਾ ਵੱਲੋਂ ਸੜਕ ਮੁਰੰਮਦ ਲਈ 2 ਦਲਾਂ ਨੂੰ ਭੇਜਿਆ ਗਿਆ ਹੈ। ਦਲ ਵਿਚ ਪ੍ਰਸ਼ਾਸਨ, ਇੰਡੋ-ਤਿੱਬਤੀਅਨ ਬਾਰਡਰ ਪੁਲਸ (ਆਈਟੀਬੀਪੀ), ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਦੇ ਮੈਂਬਰ, ਪੁਲਸ ਕਰਮਚਾਰੀ ਅਤੇ ਸਥਾਨਕ ਪਿੰਡ ਵਾਸੀ ਸ਼ਾਮਲ ਹਨ। ਸ਼ਰਮਾ ਨੇ ਕਿਹਾ ਕਿ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸੂਬੇ ਨੂੰ 780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਸੜਕਾਂ, ਪੁਲਾਂ ਅਤੇ ਜਲ ਸਪਲਾਈ ਸਕੀਮਾਂ ਦੇ ਨੁਕਸਾਨ ਕਾਰਨ ਇਹ ਅੰਕੜਾ ਵਧਣ ਦੀ ਸੰਭਾਵਨਾ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਸ਼ਿਮਲਾ-ਕਾਲਕਾ ਅਤੇ ਮਨਾਲੀ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਸਮੇਤ 1,239 ਸੜਕਾਂ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਕਾਰਨ ਬੰਦ ਹੋ ਗਈਆਂ ਹਨ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਐੱਚ.ਆਰ.ਟੀ.ਸੀ.) ਦੇ 1,416 ਰੂਟਾਂ 'ਤੇ ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਜਦਕਿ 679 ਬੱਸਾਂ ਨੂੰ ਰਸਤੇ 'ਚ ਰੋਕ ਦਿੱਤਾ ਗਿਆ ਸੀ। ਸ਼ਿਮਲਾ ਅਤੇ ਮਨਾਲੀ ਸਮੇਤ ਰਾਜ ਦੇ ਕਈ ਖੇਤਰਾਂ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਵਿਚ ਵਿਘਨ ਪਿਆ ਹੈ। ਚੰਡੀਗੜ੍ਹ-ਮਨਾਲੀ ਅਤੇ ਸ਼ਿਮਲਾ-ਕਾਲਕਾ ਰਾਸ਼ਟਰੀ ਰਾਜਮਾਰਗ ਢਿੱਗਾਂ ਡਿੱਗਣ, ਸੜਕ ਧਸਣ ਅਤੇ ਹੜ੍ਹਾਂ ਕਾਰਨ ਬੰਦ ਹਨ। ਕੁੱਲੂ ਅਤੇ ਮਨਾਲੀ 'ਚ ਕਈ ਇਲਾਕਿਆਂ 'ਚ ਬਿਜਲੀ ਨਹੀਂ ਹੈ, ਜਦੋਂ ਕਿ ਸ਼ਿਮਲਾ ਸਮੇਤ ਕਈ ਇਲਾਕਿਆਂ 'ਚ ਪਾਣੀ ਵੀ ਸਪਲਾਈ ਵੀ ਰੁਕੀ ਹੋਈ ਹੈ। ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋਣ ਨਾਲ ਮਨਾਲੀ ਸ਼ਹਿਰ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ ਨਾਲ ਸੰਪਰਕ ਰਾਜ ਦੇ ਬਾਕੀ ਹਿੱਸਿਆਂ ਨਾਲ ਟੁੱਟ ਗਿਆ ਹੈ। ਮੋਬਾਇਲ ਕਨੈਕਟੀਵਿਟੀ 'ਤੇ ਵੀ ਅਸਰ ਪਿਆ ਹੈ।
ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ
NEXT STORY