ਰਾਂਚੀ- ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਸ਼ਨੀਵਾਰ ਸਵੇਰੇ ਆਦਿਵਾਸੀ ਸੰਗਠਨ ਦੇ ਬੁਲਾਏ ਬੰਦ ਦਾ ਮਿਲਿਆ ਜੁਲਿਆ ਅਸਰ ਦਿੱਸਿਆ। ਦਰਅਸਲ ਰਾਂਚੀ 'ਚ 'ਸਰਨਾ ਸਥਲ' (ਆਦਿਵਾਸੀਆਂ ਦੇ ਪਵਿੱਤਰ ਧਾਰਮਿਕ ਸਥਾਨ) ਨੇੜੇ ਫਲਾਈਓਵਰ ਦੇ ਨਿਰਮਾਣ ਦੇ ਵਿਰੋਧ 'ਚ ਸ਼ਨੀਵਾਰ ਸਵੇਰੇ ਵੱਖ-ਵੱਖ ਆਦਿਵਾਸੀ ਸੰਗਠਨਾਂ ਦੇ ਕਾਰਕੁਨ 18 ਘੰਟੇ ਦੇ ਬੰਦ ਨੂੰ ਲਾਗੂ ਕਰਨ ਲਈ ਸੜਕਾਂ 'ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੂੰ ਟਾਇਰ ਸਾੜਦੇ ਅਤੇ ਸੜਕਾਂ ਨੂੰ ਜਾਮ ਕਰਦੇ ਦੇਖਿਆ ਗਿਆ। ਰਾਂਚੀ 'ਚ ਟਿਟਲਾ ਚੌਕ ਕੋਲ ਰਾਂਚੀ-ਲੋਹਰਦਗਾ ਸੜਕ ਨੂੰ ਜਾਮ ਕਰ ਦਿੱਤਾ ਗਿਆ।
ਹੋਰ ਦਿਨਾਂ ਦੇ ਮੁਕਾਬਲੇ ਸਵੇਰੇ ਰਾਂਚੀ ਦੀਆਂ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਘੱਟ ਰਹੀ। ਪ੍ਰਦਰਸ਼ਨਕਾਰੀ ਸਿਰਮ ਟੋਲੀ ਵਿਚ ਬਣਾਏ ਜਾ ਰਹੇ 'ਰੈਂਪ' ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਧਾਰਮਿਕ ਸਥਾਨ ਤੱਕ ਪਹੁੰਚ 'ਚ ਰੁਕਾਵਟ ਹੋਵੇਗੀ ਅਤੇ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਇਸ ਦੀ ਪਵਿੱਤਰਤਾ ਭੰਗ ਹੋ ਸਕਦੀ ਹੈ। ਕਈ ਆਦਿਵਾਸੀ ਸੰਗਠਨਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਮਸ਼ਾਲ ਜਲੂਸ ਕੱਢਿਆ ਅਤੇ ਬੰਦ ਲਈ ਲੋਕਾਂ ਤੋਂ ਸਮਰਥਨ ਮੰਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।
ਰਾਂਚੀ ਪ੍ਰਸ਼ਾਸਨ ਨੇ ਇਕ ਬਿਆਨ 'ਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਬੰਦ ਜਾਂ ਚੱਕਾ ਜਾਮ ਦਾ ਸਮਰਥਨ ਕਰਨ ਵਾਲਾ ਕੋਈ ਵੀ ਵਿਅਕਤੀ ਆਵਾਜਾਈ, ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ ਦੇ ਮੈਂਬਰਾਂ ਜਾਂ ਆਮ ਲੋਕਾਂ 'ਚ ਕੋਈ ਰੁਕਾਵਟ ਜਾਂ ਵਿਘਨ ਨਾ ਪੈਦਾ ਕਰੇ। ਇਸ 2.34 ਕਿਲੋਮੀਟਰ ਲੰਬੀ 'ਐਲੀਵੇਟਿਡ' ਸੜਕ ਦੇ ਨਿਰਮਾਣ ਦਾ ਉਦੇਸ਼ ਸੇਰਮ ਟੋਲੀ ਨੂੰ ਮੇਕੋਨ ਨਾਲ ਜੋੜ ਕੇ ਆਵਾਜਾਈ ਨੂੰ ਸੌਖਾ ਬਣਾਉਣਾ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ 340 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਅਗਸਤ 2022 ਵਿਚ ਸ਼ੁਰੂ ਕੀਤਾ ਗਿਆ ਸੀ।
ਬੂਟਾਂ ਦੇ ਸ਼ੋਅਰੂਮ 'ਚ ਲੱਗੀ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ
NEXT STORY