ਭਾਰਤੀ ਲੋਕਤੰਤਰ ਦੀ ਆਤਮਾ ਉਸ ਦੇ ਨਿਆਂ ਤੰਤਰ ’ਚ ਵਸਦੀ ਹੈ। ਸੰਵਿਧਾਨ ਨੇ ਹਰ ਨਾਗਰਿਕ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਕਿਸੇ ਵੀ ਅਪਰਾਧ ਜਾਂ ਵਿਵਾਦ ਦੀ ਸਥਿਤੀ ’ਚ ਉਹ ਨਿਆਂ ਦੇ ਲਈ ਅਦਾਲਤ ਦਾ ਦਰਵਾਜ਼ਾ ਖਟਖਟਾ ਸਕੇ ਪਰ ਇਹ ਰਾਹ ਇੰਨਾ ਆਸਾਨ ਨਹੀਂ ਹੈ। ਨਿਆਂ ਹਾਸਲ ਕਰਨ ਦੀ ਪ੍ਰਕਿਰਿਆ ’ਚ ਵਕੀਲ, ਮੁਵੱਕਲ ਅਤੇ ਪੁਲਸ, ਤਿੰਨਾਂ ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੁੰਦੀ ਹੈ ਜੇਕਰ ਇਨ੍ਹਾਂ ਤਿੰਨਾਂ ’ਚੋਂ ਕੋਈ ਵੀ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਾ ਨਿਭਾਏ ਤਾਂ ਨਿਆਂ ਦੀ ਰਾਹ ਭਟਕ ਸਕਦੀ ਹੈ।
ਵਕੀਲ ਸਿਰਫ ਅਦਾਲਤ ’ਚ ਦਲੀਲ ਦੇਣ ਵਾਲਾ ਵਿਅਕਤੀ ਨਹੀਂ ਹੁੰਦਾ। ਉਹ ਆਪਣੇ ਮੁਵੱਕਲ ਦਾ ਮਾਰਗਦਰਸ਼ਕ, ਸਲਾਹਕਾਰ ਅਤੇ ਰੱਖਿਅਕ ਵੀ ਹੁੰਦਾ ਹੈ। ਇਕ ਸੱਚੇ ਵਕੀਲ ਦਾ ਪਹਿਲਾ ਫਰਜ਼ ਇਹ ਹੈ ਕਿ ਉਹ ਆਪਣੇ ਮੁਵੱਕਲ ਨੂੰ ਪੂਰੀ ਇਮਾਨਦਾਰੀ ਨਾਲ ਮਾਮਲੇ ਦੀ ਅਸਲੀ ਸਥਿਤੀ ਦੱਸੇ। ਭਾਵੇਂ ਮਾਮਲਾ
ਅਪਰਾਧਿਕ (ਕ੍ਰਿਮੀਨਲ) ਹੋਵੇ ਜਾਂ ਦੀਵਾਨੀ (ਸਿਵਲ), ਵਕੀਲ ਨੂੰ ਗਾਹਕ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਕਾਨੂੰਨ ਕੀ ਕਹਿੰਦਾ ਹੈ। ਕਿਹੜੇ-ਕਿਹੜੇ ਸਬੂਤ ਜ਼ਰੂਰੀ ਹਨ ਅਤੇ ਨਿਆਂ ਪ੍ਰਕਿਰਿਆ ’ਚ ਕਿਹੜੇ-ਕਿਹੜੇ ਪੜਾਅ ਆਉਣਗੇ। ਕਈ ਵਾਰ ਆਮ ਨਾਗਰਿਕ ਕਾਨੂੰਨ ਦੀ ਗੁੰਝਲਦਾਰ ਸ਼ਬਦਾਵਲੀ ਅਤੇ ਪ੍ਰਕਿਰਿਆ ਨੂੰ ਸਮਝ ਨਹੀਂ ਪਾਉਂਦੇ ਹਨ। ਅਜਿਹੇ ’ਚ ਵਕੀਲਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਗੱਲ ਆਸਾਨ ਭਾਸ਼ਾ ’ਚ ਰੱਖਣ। ਉਨ੍ਹਾਂ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਹੜੀਆਂ ਉਮੀਦਾਂ ਅਸਲ ਹਨ ਅਤੇ ਕਿਹੜੀਆਂ ਨਹੀਂ। ਜਦੋਂ ਵਕੀਲ ਪਾਰਦਰਿਸ਼ਤਾ ਰੱਖਦੇ ਹਨ ਤਾਂ ਹੀ ਮੁਵੱਕਲ ਦਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ। ਇਹੀ ਵਿਸ਼ਵਾਸ ਵਕੀਲ ਨੂੰ ਆਪਣਾ ਸਰਵਸ਼੍ਰੇਠ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ। ਆਮ ਤੌਰ ’ਤੇ ਲੋਕ ਵਕੀਲ ਦੀ ਚੋਣ ਸਿਰਫ ਪ੍ਰਸਿੱਧੀ ਜਾਂ ਫੀਸ ਦੇਖ ਕੇ ਕਰਦੇ ਹਨ ਜੋ ਅਕਸਰ ਗਲਤ ਸਾਬਿਤ ਹੁੰਦਾ ਹੈ। ਸਹੀ ਵਕੀਲ ਉਹ ਹੈ ਜੋ ਨਾ ਸਿਰਫ ਕਾਨੂੰਨ ਜਾਣਦਾ ਹੋਵੇ ਸਗੋਂ ਆਪਣੇ ਮੁਵੱਕਲ ਦੀ ਗੱਲ ਧਿਆਨ ਨਾਲ ਸੁਣਨ ਅਤੇ ਸਮਝਣ ਦੀ ਸਮਰੱਥਾ ਰੱਖਦਾ ਹੋਵੇ। ਮੁਵੱਕਲ ਨੂੰ ਚਾਹੀਦਾ ਹੈ ਕਿ ਉਹ ਵਕੀਲ ਤੋਂ ਸਪਸ਼ੱਟ ਤੌਰ ’ਤੇ ਆਪਣੇ ਸ਼ੱਕ ਬਾਰੇ ਪੁੱਛੇ, ਪੂਰੇ ਤੱਥਾਂ ਨੂੰ ਬਿਨਾਂ ਲੁਕਾਏ ਦੱਸੇ ਅਤੇ ਅਦਾਲਤ ਦੀ ਰਣਨੀਤੀ ’ਤੇ ਖੁੱਲ੍ਹ ਕੇ ਚਰਚਾ ਕਰੇ।
ਮੁਵੱਕਲ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਦਾਲਤ ’ਚ ਵਕੀਲ ਤਾਂ ਹੀ ਪ੍ਰਭਾਵੀ ਦਲੀਲ ਦੇ ਸਕਦਾ ਹੈ ਕਿ ਜੇਕਰ ਉਸ ਨੂੰ ਸਹੀ ਅਤੇ ਪੂਰੀ ਜਾਣਕਾਰੀ ਮਿਲੇ। ਇਸ ਲਈ ਉਸ ਨੂੰ ਆਪਣੇ ਵਕੀਲ ’ਤੇ ਭਰੋਸਾ ਕਰਨਾ ਜ਼ਰੂਰੀ ਹੈ। ਅੱਧੇ-ਅਧੂਰੇ ਸੱਚ ਜਾਂ ਝੂਠੇ ਬਿਆਨ ਨਾ ਸਿਰਫ ਮਾਮਲੇ ਨੂੰ ਕਮਜ਼ੋਰ ਕਰਦੇ ਹਨ ਸਗੋਂ ਨਿਆਂ ਨੂੰ ਠੇਸ ਪਹੁੰਚਾਉਂਦੇ ਹਨ। ਪੁਲਸ ਕਿਸੇ ਵੀ ਅਪਰਾਧਿਕ ਮਾਮਲੇ ਦੀ ਪਹਿਲੀ ਕੜੀ ਹੁੰਦੀ ਹੈ। ਅਪਰਾਧ ਵਾਪਰਨ ਤੋਂ ਬਾਅਦ ਉਸ ਦੀ ਜਾਂਚ ਉਹੀ ਕਰਦੀ ਹੈ ਅਤੇ ਉਹ ਹੀ ਗਵਾਹ ਜੁਟਾਉਂਦੀ ਹੈ ਜਿਨ੍ਹਾਂ ’ਤੇ ਬਾਅਦ ’ਚ ਅਦਾਲਤ ਦਾ ਫੈਸਲਾ ਅਾਧਾਰਿਤ ਹੁੰਦਾ ਹੈ। ਜੇਕਰ ਇਸ ਜਾਂਚ ’ਚ ਇਮਾਨਦਾਰੀ, ਨਿਰਪੱਖਤਾ ਅਤੇ ਨਿਪੁੰਨਤਾ ਦੀ ਕਮੀ ਹੋਵੇ ਤਾਂ ਪੂਰਾ ਮਾਮਲਾ ਤਹਿਸ-ਨਹਿਸ ਹੋ ਸਕਦਾ ਹੈ।
ਭਾਰਤ ’ਚ ਅਜਿਹੀਆਂ ਉਦਾਹਰਣਾਂ ਹਨ ਜਿੱਥੇ ਗਲਤ ਜਾਂਚ ਜਾਂ ਸਬੂਤਾਂ ਦੇ ਨਾਲ ਛੇੜਛਾੜ ਦੇ ਕਾਰਨ ਅਸਲੀ ਅਪਰਾਧੀ ਬਚ ਨਿਕਲੇ ਅਤੇ ਨਿਰਦੋਸ਼ ਵਿਅਕਤੀ ਫਸ ਗਏ। ਪੁਲਸ ਨੂੰ ਚਾਹੀਦਾ ਹੈ ਕਿ ਉਹ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਬਾਅ ਤੋਂ ਮੁਕਤ ਹੋ ਕੇ ਸਿਰਫ ਸੱਚਾਈ ਦੀ ਖੋਜ ਕਰੇ। ਜਾਂਚ ਕਰਦੇ ਸਮੇਂ ਸਬੂਤਾਂ ਦੀ ਕੜੀ ਨੂੰ ਸੁਰੱਖਿਅਤ ਰੱਖਣਾ, ਫੋਰੈਂਸਿਕ ਰਿਪੋਰਟ ਨੂੰ ਸਹੀ ਢੰਗ ਨਾਲ ਪੇਸ਼ ਕਰਨਾ ਅਤੇ ਗਵਾਹਾਂ ਦੀ ਰੱਖਿਆ ਕਰਨਾ ਉਸ ਦੀ ਜ਼ਿੰਮੇਦਾਰੀ ਹੈ।
ਜੇਕਰ ਪੁਲਸ ਨੇ ਮੁੱਢਲੀ ਜਾਂਚ ’ਚ ਕੁਤਾਹੀ ਕਰ ਦਿੱਤੀ ਤਾਂ ਵਕੀਲਾਂ ਦੇ ਲਈ ਅਦਾਲਤ ’ਚ ਸੱਚਾਈ ਸਾਬਿਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਮਾਮਲਿਆਂ ’ਚ ਬਚਾਅ ਪੱਖ ਦਾ ਵਕੀਲ ਛੋਟੀ ਜਿਹੀ ਤਕਨੀਕੀ ਖਾਮੀ ਦਾ ਲਾਭ ਉਠਾ ਕੇ ਦੋਸ਼ੀ ਨੂੰ ਬਰੀ ਕਰਾ ਸਕਦਾ ਹੈ। ਜਦੋਂ ਜਾਂਚ ਗਲਤ ਹੁੰਦੀ ਹੈ ਤਾਂ ਨਾ ਸਿਰਫ ਇਸਤਗਾਸਾ ਪੱਖ ਕਮਜ਼ੋਰ ਪੈਂਦਾ ਹੈ ਸਗੋਂ ਸਮਾਜ ਦਾ ਨਿਆਂ ਵਿਵਸਥਾ ਤੋਂ ਵਿਸ਼ਵਾਸ ਵੀ ਡਗਮਗਾ ਜਾਂਦਾ ਹੈ, ਸਿੱਟੇ ਵਜੋਂ ਅਪਰਾਧੀ ਖੱੁਲ੍ਹੇਆਮ ਘੁੰਮਦੇ ਅਤੇ ਪੀੜਤ ਨੂੰ ਨਿਆਂ ਨਹੀਂ ਮਿਲਦਾ। ਅਸਲ ’ਚ ਕਾਨੂੰਨ ਦੀ ਪ੍ਰਕਿਰਿਆ ਇਕ ਲੜੀ ਦੇ ਬਰਾਬਰ ਹੈ, ਜਿਸ ’ਚ ਹਰ ਕੜੀ ਦੀ ਆਪਣੀ ਅਹਿਮਤੀਅਤ ਹੈ। ਪੁਲਸ, ਵਕੀਲ, ਗਵਾਹ ਤੇ ਮੁਵੱਕਲ ਜੇਕਰ ਇਨ੍ਹਾਂ ’ਚੋਂ ਕਿਸੇ ਨੇ ਵੀ ਆਪਣਾ ਫਰਜ਼ ਇਮਾਨਦਾਰੀ ਨਾਲ ਨਹੀਂ ਨਿਭਾਇਆ ਤਾਂ ਨਿਆਂ ਦਾ ਪਹੀਆ ਅਟਕ ਸਕਦਾ ਹੈ। ਵਕੀਲਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਤਕਨੀਕੀ ਜਿੱਤ ਲਈ ਨਹੀਂ ਸਗੋਂ ਸੱਚੇ ਨਿਆਂ ਲਈ ਕੰਮ ਕਰਨ। ਪੁਲਸ ਨੂੰ ਚਾਹੀਦਾ ਹੈ ਕਿ ਉਹ ਸੱਚ ਦੀ ਖੋਜ ’ਚ ਨਿਰਪੱਖ ਰਹੇ। ਮੁਵੱਕਲ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਕੀਲ ’ਤੇ ਭਰੋਸਾ ਰੱਖੇ ਅਤੇ ਅਦਾਲਤ ਦੀ ਪ੍ਰਕਿਰਿਆ ’ਚ ਪੂਰਾ ਸਹਿਯੋਗ ਦੇਵੇ।
ਆਮ ਨਾਗਰਿਕਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਕਾਨੂੰਨ ਸਿਰਫ ਅਦਾਲਤ ਜਾਂ ਵਕੀਲਾਂ ਦੀ ਸੰਪਤੀ ਨਹੀਂ ਹੈ ਉਹ ਜਨਤਾ ਦਾ ਅਧਿਕਾਰ ਹੈ। ਹਰ ਵਿਅਕਤੀ ਨੂੰ ਕਾਨੂੰਨ ਦਾ ਬੁਨਿਆਦੀ ਗਿਆਨ ਹੋਣਾ ਚਾਹੀਦਾ ਹੈ ਫਿਰ ਭਾਵੇਂ ਉਹ ਐੱਫ. ਆਈ. ਆਰ. ਦਰਜ ਕਰਾਉਣ ਦੀ ਪ੍ਰਕਿਰਿਆ ਹੋਵੇ, ਜ਼ਮਾਨਤ ਦੇ ਅਧਿਕਾਰ ਹੋਣ ਜਾਂ ਦੀਵਾਨੀ ਵਿਵਾਦ ’ਚ ਸਬੂਤ ਦੇ ਮਹੱਤਵ। ਇਨ੍ਹਾਂ ਸਭ ਦੀ ਜਾਗਰੂਕਤਾ ਹੀ ਨਾਗਰਿਕਾਂ ਨੂੰ ਠੱਗੀ, ਭੈਅ ਜਾਂ ਗਲਤ ਸਲਾਹ ਤੋਂ ਬਚਾ ਸਕਦੀ ਹੈ।
ਪੜ੍ਹਿਆ-ਲਿਖਿਆ ਸਮਾਜ ਉਹੀ ਹੈ ਜੋ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੋਹਾਂ ਨੂੰ ਸਮਝਦਾ ਹੈ। ਵਕੀਲ ਅਤੇ ਪੁਲਸ ਜਨਤਾ ਦੀ ਸੇਵਾ ਲਈ ਹਨ ਪਰ ਉਨ੍ਹਾਂ ਦੀ ਇਮਾਨਦਾਰੀ ਅਤੇ ਨਿਪੰੁਨਤਾ ਤਾਂ ਹੀ ਸਾਰਥਕ ਹੋਵੇਗੀ ਜੇਕਰ ਜਨਤਾ ਖੁਦ ਵੀ ਚੌਕਸ ਅਤੇ ਵਿਸ਼ਵਾਸਪੂਰਨ ਹੋਵੇਗੀ।
ਨਿਆਂ ਤੰਤਰ ਉਦੋਂ ਹੀ ਮਜ਼ਬੂਤ ਬਣਦਾ ਹੈ ਜਦੋਂ ਉਸ ਦੇ ਸਾਰੇ ਥੰਮ੍ਹ ਵਕੀਲ, ਮੁਵੱਕਲ ਅਤੇ ਪੁਲਸ ਇਮਾਨਦਾਰੀ, ਪਾਰਦਰਸ਼ਿਤਾ ਅਤੇ ਜ਼ਿੰਮੇਵਾਰੀ ਦੇ ਨਾਲ ਆਪਣਾ-ਆਪਣਾ ਕੰਮ ਕਰਨ। ਵਕੀਲ ਨੂੰ ਆਪਣੇ ਪੇਸ਼ੇ ਦੀ ਸ਼ਾਨ ਬਣਾਈ ਰੱਖਦੇ ਹੋਏ ਮੁਵੱਕਲ ਨੂੰ ਸੱਚੀ ਕਾਨੂੰਨੀ ਸਲਾਹ ਦੇਣੀ ਚਾਹੀਦੀ ਹੈ। ਮੁਵੱਕਲ ਨੂੰ ਆਪਣੇ ਵਕੀਲ ’ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਪੁਲਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਦਾ ਜਾਂਚ ਦਾ ਹਰ ਕਦਮ ਕਿਸੇ ਵਿਅਕਤੀ ਦੇ ਜੀਵਨ ਨੂੰ ਬਦਲ ਸਕਦਾ ਹੈ।
ਨਿਆਂ ਸਿਰਫ ਅਦਾਲਤ ’ਚ ਦਿੱਤੀ ਜਾਣ ਵਾਲੀ ਸਜ਼ਾ ਜਾਂ ਰਾਹਤ ਨਹੀਂ ਹੈ, ਇਹ ਇਕ ਸਮਾਜਿਕ ਮੁੱਲ ਹੈ। ਜਦੋਂ ਵਕੀਲ ਸੱਚਾਈ ਨਾਲ ਕੰਮ ਕਰਨਗੇ, ਮੁਵੱਕਲ ਵਿਸ਼ਵਾਸ ਰੱਖਣ ਅਤੇ ਪੁਲਸ ਆਪਣੀ ਜ਼ਿੰਮੇਵਾਰੀ ਨਿਭਾਏ ਤਾਂ ਹੀ ਸਮਾਜ ’ਚ ਨਿਆਂ ਅਤੇ ਕਾਨੂੰਨ ਦਾ ਅਸਲ ਵੱਕਾਰ ਸਥਾਪਿਤ ਹੋ ਸਕਦਾ ਹੈ।
–ਰਜਨੀਸ਼ ਕਪੂਰ
‘ਵਾਅਦਿਆਂ ਦੇ ਮਾਮਲੇ ’ਚ ਹਰ ਕੋਈ ਕਰੋੜਪਤੀ ਹੈ’
NEXT STORY