ਜਲੰਧਰ, (ਅਰੋੜਾ, ਪਰੂਥੀ)- ਬੀਬੀ ਜਗੀਰ ਕੌਰ ਨੇ ਅਕਾਲੀ ਸਰਕਾਰਾਂ ਤੇ ਅਕਾਲੀ ਦਲ ਦੀ ਚੜ੍ਹਤ ਵੇਲੇ ਹਰ ਐਸ਼ੋ-ਆਰਾਮ ਮਾਣਿਆ। ਅੱਜ ਜਦੋਂ ਪੰਥ, ਪੰਜਾਬ ਤੇ ਅਕਾਲੀ ਹਿੱਤਾਂ ਲਈ ਸੰਘਰਸ਼ ਦਾ ਵੇਲਾ ਹੈ ਤਾਂ ਬੀਬੀ ਜੀ ਪਾਸਾ ਪਲਟਦੇ ਹੋਏ ਨਿੱਜੀ ਲਾਲਸਾਵਾਂ ਲਈ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਜਗੀਰ ਕੌਰ ਵੱਲੋਂ ਬੀਤੇ ਦਿਨੀਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਪੰਥਕ ਬੋਰਡ ਅਤੇ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਸਟੇਟ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ।
ਸਰਨਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਪੰਥ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਪੰਥ ਵਿਚ ਵੱਡਾ ਸਤਿਕਾਰ ਰੱਖਣ ਵਾਲੇ ਮਹਾਪੁਰਖ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਡੇਰੇ ਦੀ ਮੁਖੀ ਹਨ। ਜਿਸ ਸਥਾਨ ’ਤੇ ਬੀਬੀ ਜੀ ਬੈਠੇ ਹਨ, ਉਨ੍ਹਾਂ ਮਹਾਪੁਰਖਾਂ ਦੀ ਪੰਥ ਲਈ ਬੜੀ ਵੱਡੀ ਘਾਲਣਾ ਹੈ। ਅੱਜ ਵੀ ਸਮੁੱਚਾ ਪੰਥ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦਾ ਹੈ। ਅਜਿਹੇ ਮਹਾਪੁਰਖਾਂ ਦੇ ਸਥਾਨ ’ਤੇ ਬੈਠ ਕੇ ਆਪਣੇ ਸਿਆਸੀ ਹਿੱਤਾਂ ਲਈ ਝੂਠ ਬੋਲਣਾ ਬੀਬੀ ਜਗੀਰ ਕੌਰ ਨੂੰ ਸ਼ੋਭਾ ਨਹੀਂ ਦਿੰਦਾ। ਬੀਬੀ ਜੀ ਆਪਣੀਆਂ ਨਿੱਜੀ ਲਾਲਸਾਵਾਂ ਕਾਰਨ ਜਿਸ ਅਕਾਲੀ ਦਲ ਨੂੰ ਪਾਣੀ ਪੀ-ਪੀ ਕੋਸ ਰਹੇ ਹਨ, ਉਸੇ ਨੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ, ਕੈਬਨਿਟ ਮੰਤਰੀ, ਵਿਧਾਇਕ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਲੋਕ ਸਭਾ ਦੀ ਟਿਕਟ ਦੇ ਕੇ ਨਿਵਾਜਿਆ ਸੀ।
ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਅੱਜ ਦੋਸ਼ ਲਾ ਰਹੇ ਹਨ ਕਿ ਅਕਾਲੀ ਦਲ ਸਿਰਫ਼ ਸਿਆਸੀ ਹਿੱਤਾਂ ਦੀ ਗੱਲ ਕਰਦਾ ਹੈ ਤੇ ਧਾਰਮਿਕ ਪੱਖ ਨੂੰ ਤਿਲਾਂਜਲੀ ਦੇ ਚੁੱਕਾ ਹੈ ਪਰ ਬੀਬੀ ਜੀ ਨੂੰ ਜਦੋਂ ਸਿਰਫ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਰਹਿ ਕੇ ਸੇਵਾ ਕਰਨ ਲਈ ਕਿਹਾ ਗਿਆ ਸੀ ਤਾਂ ਉਨ੍ਹਾਂ ਉਦੋਂ ਧਾਰਮਿਕ ਸੇਵਾ ਦਾ ਕਾਰਜ ਨਾ ਚੁਣਦੇ ਹੋਏ ਉਨ੍ਹਾਂ ਵਿਧਾਇਕ ਤੇ ਮੰਤਰੀ ਬਣਨਾ ਚੁਣਿਆ ਸੀ। ਅੱਜ ਉਹ ਕਿਸ ਮੂੰਹ ਨਾਲ ਖੁਦ ਨੂੰ ਧਾਰਮਿਕ ਆਖ ਰਹੇ ਹਨ।
ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਜੋ ਨਵਾਂ ਬੋਰਡ ਬਣਾਇਆ ਹੈ ਅਤੇ ਕਹਿ ਰਹੇ ਹਨ ਕਿ ਉਹ ਅਕਾਲੀ ਦਲ ਵਿਰੁੱਧ ਕਿਸੇ ਵੀ ਧਿਰ ਭਾਵੇਂ ਉਹ ‘ਆਪ’, ਕਾਂਗਰਸ ਜਾਂ ਭਾਜਪਾ ਹੋਵੇ, ਦੀ ਮਦਦ ਲੈ ਕੇ ਅਕਾਲੀ ਦਲ ਵਿਰੁੱਧ ਚੋਣ ਲੜਨਗੇ, ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਪੰਥਕ ਪ੍ਰਬੰਧ ਅੰਦਰ ਗੈਰ-ਸਿੱਖਾਂ ਤੇ ਸਿੱਖ ਵਿਰੋਧੀ ਤਾਕਤਾਂ ਦੇ ਦਖਲ ਦਾ ਰਾਹ ਖੋਲ੍ਹਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਪਿਛਲੇ 100 ਸਾਲ ਦਾ ਇਤਿਹਾਸ ਦੱਸਦਾ ਹੈ ਕਿ ਪੰਥ ਨੇ ਸਦਾ ਗੁਰੂ ਘਰਾਂ ਦੇ ਪ੍ਰਬੰਧ ਲਈ ਅਕਾਲੀ ਦਲ ਨੂੰ ਹੀ ਸੇਵਾ ਸੌਂਪੀ ਹੈ ਤੇ ਹੁਣ ਵੀ ਬੀਬੀ ਦੇ ਇਸ ਬੋਰਡ ਅਤੇ ਹੋਰ ਸਰਕਾਰੀ ਤੇ ਸਿੱਖ ਵਿਰੋਧੀ ਤਾਕਤਾਂ ਦੀ ਓਟ ਲੈ ਕੇ ਚੋਣ ਲੜਨ ਵਾਲੀਆਂ ਸਾਰੀਆਂ ਧਿਰਾਂ ਨੂੰ ਮੂੰਹ ਦੀ ਖਾਣੀ ਪਵੇਗੀ।
ਪਹਿਲਾ PM ਦੇਖਿਆ ਹੈ ਜੋ SC ਨੂੰ ਨਹੀਂ ਮੰਨਦਾ, ਮਹਾਰੈਲੀ 'ਚ ਕੇਜਰੀਵਾਲ ਬੋਲੇ-ਅਸੀਂ ਆਰਡੀਨੈਂਸ ਰੱਦ ਕਰਵਾ ਕੇ ਰਹਾਂਗੇ
NEXT STORY