ਮੁੰਬਈ - ਮੁੰਬਈ ਦੀ ਇਕ ਅਦਾਲਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਂਸਲਰ ਆਕਾਸ਼ ਪੁਰੋਹਿਤ ਵਿਰੁੱਧ 2020 'ਚ ਬਿਜਲੀ ਸਪਲਾਈ ਨੂੰ ਲੈ ਕੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਸਬੰਧ 'ਚ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ ਨੇ ਨਿਰਧਾਰਤ ਸੁਣਵਾਈ ਦੌਰਾਨ ਉਸਦੀ ਗੈਰਹਾਜ਼ਰੀ ਲਈ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪੁਰੋਹਿਤ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।
ਹਾਲਾਂਕਿ ਪੁਰੋਹਿਤ ਦੇ ਵਕੀਲ ਨੇ ਦਲੀਲ ਦਿੱਤੀ ਕਿ ਬੁੱਧਵਾਰ ਨੂੰ ਭਾਰੀ ਆਵਾਜਾਈ ਕਾਰਨ ਉਨ੍ਹਾਂ ਦੇ ਮੁਵੱਕਿਲ ਦੇ ਅਦਾਲਤ 'ਚ ਪਹੁੰਚਣ 'ਚ ਦੇਰੀ ਹੋ ਗਈ, ਪਰ ਸੈਸ਼ਨ ਅਦਾਲਤ ਨੇ ਫੈਸਲਾ ਸੁਣਾਇਆ ਕਿ ਦੋਸ਼ੀ ਜਾਣਬੁੱਝ ਕੇ ਕੇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜੇਕਰ ਰਿਹਾਅ ਕਰ ਦਿੱਤਾ ਜਾਂਦਾ ਹੈ ਤਾਂ ਅਧੀਨ ਅਦਾਲਤ ਵਿੱਚ ਪੇਸ਼ ਹੋਣ ਦੀ ਸੰਭਾਵਨਾ ਘੱਟ ਹੈ। ਦੱਸ ਦਈਏ ਕਿ ਆਕਾਸ਼ ਪੁਰੋਹਿਤ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਸਵਰਗੀ ਸੀਨੀਅਰ ਭਾਜਪਾ ਨੇਤਾ ਰਾਜ ਪੁਰੋਹਿਤ ਦਾ ਪੁੱਤਰ ਹੈ। ਇਹ ਮਾਮਲਾ 2020 'ਚ ਬਿਜਲੀ ਸਪਲਾਈ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ਹੈ।
ਇਸ ਮਾਮਲੇ 'ਚ, ਆਕਾਸ਼ ਪੁਰੋਹਿਤ, ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਅਤੇ ਮੰਤਰੀ ਮੰਗਲ ਪ੍ਰਭਾਤ ਲੋਢਾ ਸਮੇਤ 20 ਹੋਰਾਂ ਵਿਰੁੱਧ ਬ੍ਰਿਹਨਮੁੰਬਈ ਬਿਜਲੀ ਸਪਲਾਈ ਅਤੇ ਟ੍ਰਾਂਸਪੋਰਟ ਅੰਡਰਟੇਕਿੰਗ (BEST) ਦੇ ਤਤਕਾਲੀ ਜਨਰਲ ਮੈਨੇਜਰ ਨੂੰ "ਗਲਤ ਢੰਗ ਨਾਲ ਹਿਰਾਸਤ 'ਚ" ਲੈਣ ਅਤੇ ਪੁਲਸ ਅਧਿਕਾਰੀਆਂ 'ਤੇ ਹਮਲਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਅਧਿਕਾਰੀ ਨੇ ਬੁੱਧਵਾਰ ਨੂੰ ਗਵਾਹੀ ਦੇਣੀ ਸੀ ਅਤੇ ਪਛਾਣ ਲਈ ਮੁਲਜ਼ਮ ਦੀ ਮੌਜੂਦਗੀ ਜ਼ਰੂਰੀ ਸੀ, ਪਰ ਆਕਾਸ਼ ਪੁਰੋਹਿਤ ਅਤੇ ਕੁਝ ਹੋਰ ਮੁਲਜ਼ਮਾਂ ਦੀ ਅਦਾਲਤ 'ਚ ਗੈਰਹਾਜ਼ਰੀ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ।
ਦੋਸ਼ੀ ਬਾਅਦ 'ਚ ਅਦਾਲਤ 'ਚ ਪੇਸ਼ ਹੋਇਆ ਅਤੇ ਗੈਰ-ਜ਼ਮਾਨਤੀ ਵਾਰੰਟ ਰੱਦ ਕਰਨ ਦੀ ਬੇਨਤੀ ਕੀਤੀ। ਅਦਾਲਤ ਨੇ ਕੁਝ ਹੋਰ ਮੁਲਜ਼ਮਾਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਪਟੀਸ਼ਨਾਂ ਸਵੀਕਾਰ ਕਰ ਲਈਆਂ ਪਰ ਪੁਰੋਹਿਤ ਦੀ ਪਟੀਸ਼ਨ ਰੱਦ ਕਰ ਦਿੱਤੀ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੇ ਵਕੀਲ ਨੇ ਕਿਹਾ ਕਿ ਭਾਰੀ ਆਵਾਜਾਈ ਅਤੇ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਉਨ੍ਹਾਂ ਦੇ ਪਹੁੰਚਣ ਵਿੱਚ ਦੇਰੀ ਦਾ ਕਾਰਨ ਬਣੀ।
ਇਸ ਦੌਰਾਨ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ, ਇਹ ਕਹਿੰਦੇ ਹੋਏ ਕਿ ਪੁਰੋਹਿਤ ਵਿਰੁੱਧ ਪਹਿਲਾਂ ਹੀ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਸਨ ਅਤੇ ਉਹ ਅਜਿਹੇ ਵਾਰੰਟ ਰੱਦ ਕਰਵਾਉਣ ਲਈ ਪਹਿਲਾਂ ਹੀ 2,000 ਰੁਪਏ ਦਾ ਜੁਰਮਾਨਾ ਭਰ ਚੁੱਕਾ ਹੈ। ਸੂਤਰਾਂ ਨੇ ਦੱਸਿਆ ਕਿ ਆਕਾਸ਼ ਪੁਰੋਹਿਤ ਵੀਰਵਾਰ ਨੂੰ ਜ਼ਮਾਨਤ ਲਈ ਬੰਬੇ ਹਾਈ ਕੋਰਟ ਜਾ ਸਕਦੇ ਹਨ।
ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ: Study ਤੇ ਨੌਕਰੀ ਹੋਈ ਔਖੀ, ਜਾਣੋ ਵਜ੍ਹਾ
NEXT STORY