ਨੈਸ਼ਨਲ ਡੈਸਕ- ਲੋਕ ਸਭਾ ਦੀਆਂ ਚੋਣਾਂ ’ਚ ਉਮੀਦ ਨਾਲੋਂ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਕਾਂਗਰਸ ਭਾਰੀ ਉਤਸ਼ਾਹ ’ਚ ਹੈ। ਰਾਹੁਲ ਤੇ ਪ੍ਰਿਯੰਕਾ ਦੇ ਬਿਆਨਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਚੋਣਾਂ ਤੋਂ ਉਨ੍ਹਾਂ ਨੂੰ ਮਜ਼ਬੂਤੀ ਮਿਲੀ ਹੈ। ਹਾਲਾਂਕਿ ਭਾਜਪਾ ਦੇ ਹੱਕ ਤੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਜ਼ਿਮਨੀ ਚੋਣਾਂ ’ਚ ਵਧੇਰੇ ਨੁਕਸਾਨ ਨਹੀਂ ਹੋਇਆ। ਭਾਜਪਾ ਨੂੰ ਇਨ੍ਹਾਂ ਜ਼ਿਮਨੀ ਚੋਣਾਂ ’ਚ ਭਾਵੇਂ ਵੱਡੀ ਹਾਰ ਨਾ ਮਿਲੀ ਹੋਵੇ ਪਰ ਇਹ ਭਵਿੱਖ ਲਈ ਸੰਕੇਤ ਜ਼ਰੂਰ ਹੈ। ਪਾਰਟੀ ਨੂੰ ਪਹਾੜ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਨੂੰ ਵਿਖਾਉਣਾ ਹੋਵੇਗਾ ਕਿ ਬਦਲਾਅ ਹੋ ਰਿਹਾ ਹੈ
ਕੇਂਦਰ ’ਚ ਨਵੀਂ ਸਰਕਾਰ ਬਣ ਗਈ ਹੈ ਪਰ ਲੋਕਾਂ ਨੂੰ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ। ਇਸ ਲਈ ਸਰਕਾਰ ਪ੍ਰਤੀ ਲੋਕਾਂ ਦੀ ਤਾਂ ਗੱਲ ਹੀ ਛੱਡੋ, ਵਰਕਰਾਂ ਦਾ ਵੀ ਉਤਸ਼ਾਹ ਵੀ ਠੰਡਾ ਪੈ ਰਿਹਾ ਹੈ। ਕਾਂਗਰਸ ਲਗਾਤਾਰ ਇਹ ਬਿਰਤਾਂਤ ਤੈਅ ਕਰਨ ’ਚ ਸਫਲ ਹੋ ਰਹੀ ਹੈ ਕਿ ਬੇਰੁਜ਼ਗਾਰੀ ਦੇ ਮੋਰਚੇ ’ਤੇ ਕੁਝ ਨਹੀਂ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਕਈ ਪ੍ਰੀਖਿਆਵਾਂ ਦੇ ਲਗਾਤਾਰ ਰੱਦ ਹੋਣ ਤੇ ਕਈ ਪ੍ਰੀਖਿਆਵਾਂ ਦੇ ਪੇਪਰ ਆਊਟ ਹੋਣ ਕਾਰਨ ਆਮ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈ। ਨੀਟ ਪ੍ਰੀਖਿਆ ਨੂੰ ਲੈ ਕੇ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਚਾਹੁੰਦੀ ਕੀ ਹੈ? ਇਸ ਦਰਮਿਆਨ ਹਵਾਈ ਅੱਡੇ ਦੀ ਛੱਤ ਲੀਕ ਹੋਣ ਤੇ ਕਈ ਪੁਲਾਂ ਦੇ ਰੁੜ੍ਹ ਜਾਣ ਆਦਿ ਦੀਆਂ ਲਗਾਤਾਰ ਆ ਰਹੀਆਂ ਖ਼ਬਰਾਂ ਕਾਰਨ ਲੋਕਾਂ ਤੱਕ ਇਹ ਸੁਨੇਹਾ ਪਹੁੰਚ ਰਿਹਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਮੋਰਚੇ ’ਤੇ ਫੇਲ੍ਹ ਰਹੀ ਹੈ।
ਕਿਸਾਨਾਂ ਤੇ ਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਜ਼ਰੂਰੀ
ਨਵੀਂ ਸਰਕਾਰ ਨੂੰ ਕਿਸਾਨਾਂ ਤੇ ਜਵਾਨਾਂ ਦੇ ਮੁੱਦੇ ’ਤੇ ਸਭ ਤੋਂ ਵੱਧ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਜਦੋਂ ਕਿ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ’ਚ ਸ਼ਾਇਦ ਸਭ ਤੋਂ ਵੱਧ ਕੰਮ ਇਨ੍ਹਾਂ ਦੋ ਵਰਗਾਂ ਲਈ ਹੀ ਕੀਤੇ ਹਨ। ਦੋ ਦਹਾਕਿਆਂ ਤੋਂ ਵੱਧ ਸਮੇ ਤਕ ਮੋਦੀ ਨੇ ਕਿਸਾਨਾਂ ਤੇ ਹਥਿਆਰਬੰਦ ਫੋਰਸਾਂ ਦੇ ਚੈਂਪੀਅਨ ਵਜੋਂ ਆਪਣਾ ਅਕਸ ਬਣਾਇਆ ਹੈ ਪਰ ਹੁਣ ਕਾਂਗਰਸ ਨੇ ਅਜਿਹਾ ਬਿਰਤਾਂਤ ਖੜ੍ਹਾ ਕਰ ਦਿੱਤਾ ਹੈ ਕਿ ਸਰਕਾਰ ਬੈਕ ਫੁੱਟ ’ਤੇ ਹੈ। ਕਿਸਾਨਾਂ ਲਈ ‘ਸਨਮਾਨ ਨਿਧੀ’ ਦੇਣ ਵਾਲੀ ਸਰਕਾਰ ਨੂੰ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ ਤੇ ਪੰਜਾਬ ’ਚ ਝਟਕਾ ਲੱਗਾ ਹੈ। ਇਸ ਲਈ ਜੇ ਸਮੇਂ ਸਿਰ ਇਸ ਚੁਣੌਤੀ ’ਤੇ ਕਾਬੂ ਨਾ ਪਾਇਆ ਗਿਆ ਤਾਂ ਭਵਿੱਖ ’ਚ ਭਾਜਪਾ ਦੀ ਚੁਣੌਤੀ ਹੋਰ ਵੱਡੀ ਹੋ ਜਾਵੇਗੀ।
ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ ’ਚ ਭਾਜਪਾ ਬੈਕਫੁੱਟ ’ਤੇ
ਪਾਰਟੀ ਲਈ ਇਕ ਹੋਰ ਮੁਸ਼ਕਲ ਇਹ ਵੀ ਹੈ ਕਿ ਇਸ ਸਾਲ ਤਿੰਨ ਸੂਬਿਆਂ ’ਚ ਚੋਣਾਂ ਹੋਣੀਆਂ ਹਨ। ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ’ਚ ਪਾਰਟੀ ਦੀ ਜੋ ਮੌਜੂਦਾ ਸਥਿਤੀ ਹੈ ਉਸ ਦੇ ਆਧਾਰ ’ਤੇ ਇਹੀ ਕਿਹਾ ਜਾ ਸਕਦਾ ਹੈ ਕਿ ਭਾਜਪਾ ਲਈ ਇਨ੍ਹਾਂ ਤਿੰਨਾਂ ਸੂਬਿਆਂ ’ਚ ਆਉਣਾ ਬਹੁਤ ਮੁਸ਼ਕਲ ਹੈ। ਹਰਿਆਣਾ ’ਚ ਲੋਕ ਸਭਾ ਦੀਆਂ ਚੋਣਾਂ ’ਚ ਭਾਜਪਾ ਨੂੰ ਆਪਣੀਆਂ 5 ਸੀਟਾਂ ਗੁਆਉਣੀਆਂ ਪਈਆਂ ਹਨ। ਹਰਿਆਣਾ ’ਚ ਨਵਾਂ ਮੁੱਖ ਮੰਤਰੀ ਲਿਆਉਣ ਤੋਂ ਬਾਅਦ ਵੀ ਕੁਝ ਨਹੀਂ ਬਦਲਿਆ।
ਯੂ. ਪੀ. ਦੇ ਅੰਦਰੂਨੀ ਕਲੇਸ਼ ਤੋਂ ਉਭਰਨਾ ਹੋਵੇਗਾ
ਉੱਤਰ ਪ੍ਰਦੇਸ਼ ’ਚ ਜਿੱਤ ਦਾ ਮਤਲਬ ਹੁੰਦਾ ਹੈ ਦੇਸ਼ ’ਤੇ ਜਿੱਤ ਪਰ ਉੱਥੇ ਪਾਰਟੀ ਅਜੇ ਵੀ ਅੰਦਰੂਨੀ ਕਲੇਸ਼ ਤੋਂ ਉਭਰ ਨਹੀਂ ਸਕੀ। ਚੋਣਾਂ ’ਚ ਹਾਰ ਦਾ ਕਾਰਨ ਜੋ ਵੀ ਰਿਹਾ ਹੋਵੇ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਹਟਾਉਣ ਦੀ ਅਫਵਾਹ ਭਾਜਪਾ ਲਈ ਮਹਿੰਗੀ ਸਾਬਤ ਹੋਈ। ਹੁਣ ਵੀ ਉੱਤਰ ਪ੍ਰਦੇਸ਼ ਭਾਜਪਾ ਲਈ ਸਭ ਤੋਂ ਔਖਾ ਹੁੰਦਾ ਜਾਪਦਾ ਹੈ। ਚੋਣਾਂ ’ਚ ਹਾਰ ਤੋਂ ਬਾਅਦ ਜਿੱਥੇ ਪਾਰਟੀ ਆਗੂਆਂ ਦੀ ਪਾਰਟੀ ਵਿਰੁੱਧ ਬਿਆਨਬਾਜ਼ੀ ਤੇਜ਼ ਹੋ ਗਈ ਹੈ, ਉਥੇ ਹੀ ਸਹਿਯੋਗੀ ਪਾਰਟੀਆਂ ਵੀ ਰਾਖਵੇਂਕਰਨ ਵਰਗੇ ਮੁੱਦਿਆਂ ’ਤੇ ਪਾਰਟੀ ਨੂੰ ਘੇਰ ਰਹੀਆਂ ਹਨ।
ਚੀਨ ਨਾਲ ਨਜਿੱਠਣ ਦੀ ਤਿਆਰੀ, ਹਿੰਦ ਮਹਾਸਾਗਰ ’ਚ ਭਾਰਤ ਤੇ ਅਮਰੀਕਾ ਦੀਆਂ ਸਮੁੰਦਰੀ ਫ਼ੌਜਾਂ ਨੇ ਕੀਤਾ ਅਭਿਆਸ
NEXT STORY