ਛੱਤੀਸਗੜ੍ਹ- ਛੱਤੀਸਗੜ੍ਹ ਦੇ ਇਕ ਸਕੂਲ ਵਿਚ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਦੀ ਲਪੇਟ ਵਿਚ ਆਉਣ ਨਾਲ 10 ਸਾਲ ਦੀ ਵਿਦਿਆਰਥਣ ਬੁਰੀ ਤਰ੍ਹਾਂ ਝੁਲਸ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਚੌਥੀ ਜਮਾਤ ਦੀ ਵਿਦਿਆਰਥਣ ਸ਼ੁੱਕਰਵਾਰ ਦੀ ਸਵੇਰ ਨੂੰ ਕਰੀਬ 10 ਵਜੇ ਸਕੂਲ ਦੇ ਵਾਸ਼ਰੂਮ ਵਿਚ ਗਈ ਸੀ। ਪਖ਼ਾਨੇ ਦਾ ਫਲੱਸ਼ ਦੱਬਦਿਆਂ ਹੀ ਅਚਾਨਕ ਧਮਾਕਾ ਹੋਇਆ, ਜਿਸ ਕਾਰਨ ਵਿਦਿਆਰਥਣ ਬੁਰੀ ਤਰ੍ਹਾਂ ਝੁਲਸ ਗਈ। ਹਾਦਸੇ ਵਿਚ ਝੁਲਸੀ ਬੱਚੀ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਮਗਰੋਂ ਸਕੂਲ ਪ੍ਰਸ਼ਾਸਨ 'ਤੇ ਕਈ ਵੱਡੇ ਸਵਾਲ ਚੁੱਕੇ ਜਾ ਰਹੇ ਹਨ।
ਕਿਵੇਂ ਵਾਪਰੀ ਸਾਰੀ ਘਟਨਾ?
ਬਿਲਾਸਪੁਰ ਦੇ ਮੰਗਲਾ ਚੌਕ ਸਥਿਤ ਸੇਂਟ ਪਲੋਟੀ ਸਕੂਲ ਦੇ ਬਾਥਰੂਮ 'ਚ ਸ਼ੁੱਕਰਵਾਰ ਸਵੇਰੇ ਅਚਾਨਕ ਜ਼ੋਰਦਾਰ ਧਮਾਕਾ ਹੋਣ ਕਾਰਨ ਪੂਰੇ ਸਕੂਲ 'ਚ ਦਹਿਸ਼ਤ ਦਾ ਮਾਹੌਲ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਦਾ ਕਹਿਣਾ ਹੈ ਕਿ ਬਾਥਰੂਮ 'ਚ ਸੋਡੀਅਮ ਮੈਟਲ ਪਾਇਆ ਗਿਆ ਸੀ, ਜਿਸ ਕਾਰਨ ਇੰਨਾ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਪੂਰੇ ਸਕੂਲ 'ਚ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਪਖ਼ਾਨੇ 'ਚੋਂ ਬੱਚੀ ਦੀ ਚੀਕ ਸੁਣ ਕੇ ਸਕੂਲ ਦੇ ਅਧਿਆਪਕ ਪਖ਼ਾਨੇ ਦੇ ਨੇੜੇ ਪਹੁੰਚੇ। ਘਬਰਾਏ ਸਕੂਲ ਦੇ ਅਧਿਆਪਕਾਂ ਨੇ ਕਿਸੇ ਤਰ੍ਹਾਂ ਟਾਇਲਟ ਦਾ ਦਰਵਾਜ਼ਾ ਤੋੜ ਕੇ ਬੱਚੀ ਨੂੰ ਬਾਹਰ ਕੱਢਿਆ। ਫਰਸ਼ 'ਤੇ ਬੁਰੀ ਤਰ੍ਹਾਂ ਝੁਲਸ ਚੁੱਕੀ ਵਿਦਿਆਰਥਣ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।
8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੀਤੀ ਸ਼ਰਾਰਤ
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਖ਼ਾਨੇ 'ਚੋਂ ਸਿਲਵਰ ਪੈਕਿੰਗ ਦਾ ਇਕ ਟੁਕੜਾ ਮਿਲਿਆ, ਜਿਸ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਕਿਸੇ ਨੇ ਲੈਬ 'ਚੋਂ ਸੋਡੀਅਮ ਨੂੰ ਐਲੂਮੀਨੀਅਮ ਫਾਇਲ 'ਚ ਲਪੇਟ ਕੇ ਪਖ਼ਾਨੇ 'ਚ ਰੱਖਿਆ ਸੀ ਅਤੇ ਜਿਵੇਂ ਹੀ ਕੁੜੀ ਨੇ ਪਖ਼ਾਨੇ ਦਾ ਫਲੱਸ਼ ਦਬਾਇਆ ਤਾਂ ਪਾਣੀ ਦੇ ਸੰਪਰਕ 'ਚ ਆਉਂਦੇ ਹੀ ਸੋਡੀਅਮ ਨੇ ਰਿਐਕਸ਼ਨ ਕਰ ਦਿੱਤਾ ਅਤੇ ਜ਼ੋਰਦਾਰ ਧਮਾਕਾ ਹੋਇਆ। ਜਿਸ ਨਾਲ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਪੁਲਸ ਨੂੰ ਇਸ ਮਾਮਲੇ ਵਿੱਚ ਅੱਠਵੀਂ ਜਮਾਤ ਦੇ ਬੱਚਿਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ ਪਰ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਦੀ ਲੈਬ ਵਿਚ ਨਹੀਂ ਜਾਣ ਦਿੱਤਾ ਜਾ ਰਿਹਾ।
ਭਾਰਤੀ ਰੇਲਵੇ ਨੇ ਮਹਾਕੁੰਭ ਦੌਰਾਨ ਚਲਾਈਆਂ 14,000 ਤੋਂ ਵੱਧ ਟਰੇਨਾਂ, ਕਰੀਬ 15 ਕਰੋੜ ਸ਼ਰਧਾਲੂਆਂ ਨੇ ਕੀਤੀ ਯਾਤਰਾ
NEXT STORY