ਨਵੀਂ ਦਿੱਲੀ, (ਭਾਸ਼ਾ)– ਪਿਛਲੇ 8 ਸਾਲਾਂ ’ਚ ਜਨਤਕ ਖੇਤਰਾਂ ਦੀਆਂ ਸੂਚੀਬੱਧ 18 ਕੰਪਨੀਆਂ ਵਿਚੋਂ 15 ਨੇ ਬੰਪਰ ਰਿਟਰਨ ਦਿੱਤਾ ਹੈ। ਇਨ੍ਹਾਂ ਵਿਚ ਮਝਗਾਓਂ ਡੌਕ ਸ਼ਿਪਬਿਲਡਰਜ਼ ਸਭ ਤੋਂ ਉੱਪਰ ਹੈ, ਜਿਸ ਨੇ ਨਿਵੇਸ਼ਕਾਂ ਨੂੰ 37 ਗੁਣਾ ਤਕ ਅਮੀਰ ਬਣਾਇਆ ਹੈ।
ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਬੀਮਾ ਕੰਪਨੀਆਂ ਨੂੰ ਛੱਡ ਕੇ ਮਈ 2017 ਤੋਂ ਸੂਚੀਬੱਧ ਸਾਰੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ (ਸੀ. ਪੀ. ਐੱਸ. ਈ.) ਨੇ ਨਿਵੇਸ਼ਕਾਂ ਨੂੰ ਹਾਂ-ਪੱਖੀ ਰਿਟਰਨ ਦਿੱਤਾ ਹੈ। ਇਨ੍ਹਾਂ ਵਿਚ ਖਾਸ ਤੌਰ ’ਤੇ ਸ਼ਿਪਿੰਗ ਤੇ ਰੇਲ ਖੇਤਰਾਂ ਦੀਆਂ ਕੰਪਨੀਆਂ ਸਭ ਤੋਂ ਅੱਗੇ ਰਹੀਆਂ। ਮਝਗਾਓਂ ਡੌਕ ਸ਼ਿਪਬਿਲਡਰਜ਼, ਰੇਲ ਵਿਕਾਸ ਨਿਗਮ ਲਿਮਟਿਡ (ਆਰ. ਵੀ. ਐੱਨ. ਐੱਲ.), ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਟਿਡ ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਆਈ. ਪੀ. ਓ. ਨਿਵੇਸ਼ਕਾਂ ਨੂੰ 1,000 ਫੀਸਦੀ ਤੋਂ ਵੱਧ ਦਾ ਰਿਟਰਨ ਦਿੱਤਾ।
ਖੇਤਰਵਾਰ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਰੇਲਵੇ ਤੇ ਸ਼ਿਪਿੰਗ ਸੀ. ਪੀ. ਐੱਸ. ਈ. ਨੇ ਹੋਰ ਖੇਤਰਾਂ ਦੇ ਸੀ. ਪੀ. ਐੱਸ. ਈ. ਨਾਲੋਂ ਬਿਹਤਰ ਕਾਰਗੁਜ਼ਾਰੀ ਵਿਖਾਈ ਹੈ। ਮਝਗਾਓਂ ਡੌਕ 2020 ’ਚ 145 ਰੁਪਏ ਦੇ ਇਸ਼ੂ ਪ੍ਰਾਈਸ ’ਤੇ ਸ਼ੇਅਰ ਬਾਜ਼ਾਰਾਂ ਵਿਚ ਸੂਚੀਬੱਧ ਹੋਇਆ ਸੀ।
ਦਸੰਬਰ 2024 ’ਚ ਸ਼ੇਅਰਾਂ ਦੀ ਵੰਡ ਦੇ ਬਾਵਜੂਦ 22 ਅਪ੍ਰੈਲ, 2025 ਨੂੰ ਇਹ 5,510.20 ਰੁਪਏ ਪ੍ਰਤੀ ਸ਼ੇਅਰ ’ਤੇ ਕਾਰੋਬਾਰ ਕਰ ਰਿਹਾ ਸੀ। ਗਾਰਡਨ ਰੀਚ ਸ਼ਿਪਬਿਲਰਜ਼ 2018 ’ਚ 118 ਰੁਪਏ ਦੇ ਇਸ਼ੂ ਪ੍ਰਾਈਸ ’ਤੇ ਸ਼ੇਅਰ ਬਾਜ਼ਾਰਾਂ ਵਿਚ ਸੂਚੀਬੱਧ ਹੋਇਆ ਸੀ। ਇਸ ਵੇਲੇ ਪ੍ਰਤੀ ਸ਼ੇਅਰ ਕੀਮਤ 1,733.90 ਰੁਪਏ ਹੈ। ਕੋਚੀਨ ਸ਼ਿਪਯਾਰਡ 2017 ’ਚ ਸੂਚੀਬੱਧ ਹੋਇਆ ਸੀ। ਇਸ ਦਾ ਸ਼ੇਅਰ 432 ਰੁਪਏ ਦੇ ਆਈ. ਪੀ. ਓ. ਇਸ਼ੂ ਪ੍ਰਾਈਸ ਤੋਂ ਵਧ ਕੇ 2,979.70 ਰੁਪਏ ’ਤੇ ਹੈ। ਇਹ ਰਿਟਰਨ ਸ਼ੇਅਰ ਵੰਡ ਦੇ ਬਾਵਜੂਦ ਹੈ।
3 ਸਾਲ ਕੈਦ, 3 ਲੱਖ ਜੁਰਮਾਨਾ ਜਾਂ..., ਭਾਰਤ ਨਾ ਛੱਡਣ ਵਾਲੇ ਪਾਕਿਸਤਾਨੀਆਂ ’ਤੇ ਹੋਵੇਗੀ ਵੱਡੀ ਕਾਰਵਾਈ!
NEXT STORY