ਕੋਲਕਾਤਾ (ਭਾਸ਼ਾ)— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾਰੀ ਪ੍ਰਦਰਸ਼ਨਾਂ ਦਰਮਿਆਨ ਛੁੱਟੀਆਂ ਦੇ ਇਸ ਮੌਸਮ 'ਚ ਵੀ ਸੈਰ-ਸਪਾਟਾ ਖੇਤਰ ਦਾ ਲੱਕ ਟੁੱਟ ਗਿਆ ਹੈ, ਕਿਉਂਕਿ ਕਈ ਦੇਸ਼ ਭਾਰਤ ਨੂੰ ਯਾਤਰਾ ਲਈ ਅਸੁਰੱਖਿਅਤ ਦੇਸ਼ ਦੱਸ ਰਹੇ ਹਨ। ਦੇਸ਼ ਦੇ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਈ ਘਰੇਲੂ ਸੈਲਾਨੀ ਵੀ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ ਵਿਦੇਸ਼ ਵਿਚ ਬਿਤਾਉਣ ਦਾ ਮਨ ਬਣਾ ਰਹੇ ਹਨ। ਟ੍ਰੈਵਲ ਏਜੰਟਸ ਐਸੋਸੀਏਸ਼ਨ ਆਫ ਇੰਡੀਆ ਦੀ ਪ੍ਰਧਾਨ ਜੋਤੀ ਮਯਾਲ ਨੇ ਦੱਸਿਆ ਕਿ ਸਾਨੂੰ ਵਿਦੇਸ਼ੀ ਸੈਲਾਨੀਆਂ ਤੋਂ ਸ਼ੱਕ ਭਰੇ ਕਾਲ ਆ ਰਹੇ ਹਨ, ਜੋ ਮੀਡੀਆ ਦੀਆਂ ਖ਼ਬਰਾਂ ਪੜ੍ਹ ਕੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਜਾਣਨਾ ਚਾਹੁੰਦੇ ਹਨ। ਹੁਣ ਤਕ ਕਈ ਵੱਡੀ ਯਾਤਰਾ ਰੱਦ ਨਹੀਂ ਕੀਤੀ ਗਈ ਅਤੇ ਨਾ ਹੀ ਤਰੀਕਾਂ 'ਚ ਬਦਲਾਅ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਦੇਸ਼ ਅੰਦਰ ਅਸ਼ਾਂਤੀ ਇਸ ਤਰ੍ਹਾਂ ਹੀ ਬਣੀ ਰਹੀ ਤਾਂ ਯਾਤਰਾਵਾਂ ਜ਼ਰੂਰ ਰੱਦ ਹੋਣ ਲੱਗਣਗੀਆਂ।
ਇੱਥੇ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਵਿਚ ਅਮਰੀਕਾ, ਬ੍ਰਿਟੇਨ, ਕੈਨੇਡਾ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਆਸਟ੍ਰੇਲੀਆ ਸਮੇਤ ਕੁਝ ਹੋਰ ਦੇਸ਼ਾਂ ਨੇ ਐਡਵਾਇਜ਼ਰੀ ਜਾਰੀ ਕਰ ਕੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਭਾਰਤ ਵਿਸ਼ੇਸ਼ ਕਰ ਕੇ ਪੂਰਬ-ਉੱਤਰ ਜਾਣ ਨੂੰ ਲੈ ਕੇ ਚੌਕਸ ਕੀਤਾ ਹੈ। ਸੈਲਾਨੀਆਂ ਦੀ ਗਿਣਤੀ 'ਚ ਇਸ ਸਾਲ ਦੀ ਸ਼ੁਰੂਆਤ 'ਚ ਵੀ ਕੁਝ ਖਾਸ ਵਾਧਾ ਨਹੀਂ ਹੋਇਆ ਅਤੇ ਮੰਨਿਆ ਜਾ ਰਿਹਾ ਹੈ ਕਿ ਜਾਰੀ ਪ੍ਰਦਰਸ਼ਨਾਂ ਦੇ ਕਾਰਨ ਉਹ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਅੰਕੜਿਆਂ ਮੁਤਾਬਕ 2019 ਦੀ ਪਹਿਲੀ ਛਮਾਹੀ 'ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਪਿਛਲੇ ਸਾਲ ਇਸ ਸਮੇਂ ਦੀ ਤੁਲਨਾ 'ਚ ਮਹਿਜ 2.2 ਫੀਸਦੀ ਵਧੀ। ਇਸ ਸਾਲ 52.66 ਲੱਖ ਵਿਦੇਸ਼ੀ ਸੈਲਾਨੀ ਇੱਥੇ ਆਏ। ਲੱਗਭਗ ਹਰ ਸਾਲ ਸਰਦੀਆਂ ਦੇ ਮੌਸਮ ਵਿਚ ਪੂਰਬ ਅਤੇ ਪੂਰਬ-ਉੱਤਰ ਭਾਰਤ ਵਿਚ ਸੈਲਾਨੀਆਂ ਦੀ ਗਿਣਤੀ ਵਧ ਜਾਂਦੀ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਆਸਾਮ, ਸਿੱਕਮ ਅਤੇ ਉੱਤਰੀ ਬੰਗਾਲ ਆਉਂਦੇ ਹਨ।
ਓਵੈਸੀ ਬੋਲੇ- ਮੈਂ ਭਾਰਤੀ ਹਾਂ, ਇਹ ਸਾਬਤ ਕਰਨ ਲਈ ਕਤਾਰ 'ਚ ਕਿਉਂ ਖੜ੍ਹਾ ਹੋਵਾਂ
NEXT STORY