ਨੈਸ਼ਨਲ ਡੈਸਕ- ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗੋਂਡਲ ਵਿੱਚ ਇੱਕ 27 ਸਾਲਾ ਨੌਜਵਾਨ, ਨਿਤਿਨਭਾਈ ਚੌਹਾਨ, ਦੀ ਪੁਲਸ ਭਰਤੀ ਲਈ ਸਰੀਰਕ ਟੈਸਟ ਪਾਸ ਕਰਨ ਦੇ ਕੁਝ ਹੀ ਮਿੰਟਾਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਨਿਤਿਨਭਾਈ ਨੇ 5 ਕਿਲੋਮੀਟਰ ਦੀ ਦੌੜ ਨਿਰਧਾਰਤ ਸਮੇਂ ਤੋਂ ਪਹਿਲਾਂ, ਯਾਨੀ 23 ਮਿੰਟਾਂ ਵਿੱਚ ਪੂਰੀ ਕਰ ਲਈ ਸੀ, ਪਰ ਗ੍ਰਾਊਂਡ ਤੋਂ ਬਾਹਰ ਆਉਂਦੇ ਹੀ ਉਸ ਨੂੰ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਣ ਲੱਗੀ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਉਮੀਦਵਾਰ BSc ਅਤੇ MSc ਪਾਸ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਪੁਲਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ। ਉਸ ਦਾ ਵਿਆਹ ਲਗਭਗ ਇੱਕ ਸਾਲ ਪਹਿਲਾਂ ਹੀ ਹੋਇਆ ਸੀ ਤੇ ਉਸ ਦੀ ਮੌਤ ਮਗਰੋਂ ਉਸ ਦਾ ਪਰਿਵਾਰ ਬੁਰੀ ਤਰ੍ਹਾਂ ਦੁੱਖ ਨਾਲ ਟੁੱਟ ਗਿਆ ਹੈ।
ਇਹ ਸੂਬੇ ਵਿੱਚ ਵਾਪਰੀ ਅਜਿਹੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਭਰੂਚ ਵਿੱਚ 25 ਸਾਲਾ ਰਵੀਰਾਜਸਿੰਘ ਜਡੇਜਾ ਦੀ ਵੀ 5 ਕਿਲੋਮੀਟਰ ਦੌੜ ਪੂਰੀ ਕਰਨ ਤੋਂ ਬਾਅਦ ਮੌਤ ਹੋ ਗਈ ਸੀ। ਇਸੇ ਤਰ੍ਹਾਂ ਛੋਟਾ ਉਦੇਪੁਰ ਵਿੱਚ ਵੀ ਇੱਕ 27 ਸਾਲਾ ਉਮੀਦਵਾਰ ਦੀ ਦੌੜ ਦੌਰਾਨ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਅਧਿਕਾਰੀਆਂ ਨੇ ਭਰਤੀ ਕੇਂਦਰਾਂ 'ਤੇ ਸੁਰੱਖਿਆ ਪ੍ਰੋਟੋਕੋਲ ਅਤੇ ਮੈਡੀਕਲ ਸਕ੍ਰੀਨਿੰਗ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਐਮਰਜੈਂਸੀ ਮੈਡੀਕਲ ਸਹਾਇਤਾ ਨੂੰ ਪੁਖਤਾ ਕੀਤਾ ਜਾ ਸਕੇ। ਇਹ ਘਟਨਾਵਾਂ ਪੁਲਿਸ ਭਰਤੀ ਵਰਗੇ ਸਖ਼ਤ ਸਰੀਰਕ ਟੈਸਟਾਂ ਦੌਰਾਨ ਉਮੀਦਵਾਰਾਂ ਦੀ ਸਿਹਤ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ।
ਰਾਹੁਲ ਦੇ ਭਾਸ਼ਣ 'ਤੇ ਪਿਆ ਰੌਲ਼ਾ ! ਸਦਨ ਦੀ ਕਾਰਵਾਈ ਪੂਰੇ ਦਿਨ ਲਈ ਹੋਈ ਮੁਲਤਵੀ
NEXT STORY