ਮੁੰਬਈ- ਮਹਾਰਾਸ਼ਟਰ ਰਾਜ ਚੋਣ ਕਮਿਸ਼ਨ ਨੇ ਰਾਜ ਦੀਆਂ 29 ਨਗਰ ਨਿਗਮਾਂ 'ਚ 69 ਉਮੀਦਵਾਰਾਂ ਦੇ ਬਿਨਾਂ ਵਿਰੋਧ ਚੁਣੇ ਜਾਣ ਦੇ ਮਾਮਲਿਆਂ ਦੀ ਰਾਜ ਵਿਆਪੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ ਨਾਮਜ਼ਦਗੀ ਵਾਪਸੀ ਦੀ ਆਖ਼ਰੀ ਤਾਰੀਖ਼ 2 ਜਨਵਰੀ ਤੋਂ ਪਹਿਲਾਂ ਦਬਾਅ, ਧਮਕੀ ਅਤੇ ਲਾਲਚ ਦੇ ਕੇ ਵੱਡੇ ਪੈਮਾਨੇ 'ਤੇ ਨਾਮਜ਼ਦਗੀ ਵਾਪਸ ਕਰਵਾਏ ਜਾਣ ਦੇ ਦੋਸ਼ਾਂ ਤੋਂ ਬਾਅਦ ਕੀਤੀ ਗਈ ਹੈ। ਕਮਿਸ਼ਨ ਨੇ ਇਕ ਅਸਾਧਾਰਨ ਅਤੇ ਮਹੱਤਵਪੂਰਨ ਕਦਮ ਚੁੱਕਦਿਆਂ ਨਿਰਦੇਸ਼ ਦਿੱਤੇ ਹਨ ਕਿ ਜਾਂਚ ਪੂਰੀ ਹੋਣ ਤੱਕ ਇਨ੍ਹਾਂ ਜਿੱਤਾਂ ਦੇ ਨਤੀਜਿਆਂ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਵੇਗਾ।
ਧਮਕੀਆਂ ਅਤੇ ਲਾਲਚ ਦੇ ਲੱਗੇ ਇਲਜ਼ਾਮ
ਇਹ ਕਾਰਵਾਈ ਵਿਰੋਧੀ ਧਿਰਾਂ, ਜਿਸ 'ਚ ਕਾਂਗਰਸ, ਜਨਤਾ ਦਲ (ਸੈਕੂਲਰ) ਅਤੇ ਆਮ ਆਦਮੀ ਪਾਰਟੀ (ਆਪ) ਸ਼ਾਮਲ ਹਨ, ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਉਮੀਦਵਾਰਾਂ ਨੂੰ ਦਬਾਅ, ਧਮਕੀਆਂ, ਪੁਲਸ ਤੰਤਰ ਦੀ ਦੁਰਵਰਤੋਂ ਅਤੇ ਆਰਥਿਕ ਲਾਲਚ ਰਾਹੀਂ ਨਾਮਜ਼ਦਗੀਆਂ ਵਾਪਸ ਲੈਣ ਲਈ ਮਜ਼ਬੂਰ ਕੀਤਾ ਗਿਆ ਸੀ। ਅਧਿਕਾਰਤ ਅੰਕੜਿਆਂ ਅਨੁਸਾਰ, 69 'ਚੋਂ 68 ਸੀਟਾਂ ਸੱਤਾਧਾਰੀ 'ਮਹਾਯੁਤੀ' ਗਠਜੋੜ ਨੂੰ ਮਿਲੀਆਂ ਹਨ, ਜਿਨ੍ਹਾਂ 'ਚ ਭਾਜਪਾ ਨੂੰ 44, ਸ਼ਿਵ ਸੈਨਾ ਨੂੰ 22 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਨੂੰ 2 ਸੀਟਾਂ ਮਿਲੀਆਂ ਹਨ, ਜਦੋਂ ਕਿ ਇਕ ਸੀਟ 'ਤੇ ਆਜ਼ਾਦ ਉਮੀਦਵਾਰ ਨੂੰ ਬਿਨਾਂ ਵਿਰੋਧ ਚੁਣਨ ਦਾ ਐਲਾਨ ਕੀਤਾ ਗਿਆ ਹੈ ਯਾਨੀ ਇਨ੍ਹਾਂ ਖ਼ਿਲਾਫ਼ ਕੋਈ ਮੁਕਾਬਲੇਬਾਜ਼ ਮੈਦਾਨ 'ਚ ਨਹੀਂ ਹੈ। ਇਹ ਗਿਣਤੀ ਸ਼ੁੱਕਰਵਾਰ ਨੂੰ ਨਾਮਜ਼ਦਗੀ ਵਾਪਸੀ ਦੇ ਆਖ਼ਰੀ ਦਿਨ ਪੁਸ਼ਟੀ ਹੋਈ।
ਕਲਿਆਣ-ਡੋਂਬੀਵਲੀ 'ਚ ਸਭ ਤੋਂ ਵੱਧ ਮਾਮਲੇ
ਜਾਂਚ ਦੇ ਘੇਰੇ 'ਚ ਆਈਆਂ ਸੀਟਾਂ 'ਚ ਸਭ ਤੋਂ ਵੱਧ 22 ਉਮੀਦਵਾਰ ਕਲਿਆਣ-ਡੋਂਬੀਵਲੀ ਨਗਰ ਨਿਗਮ ਤੋਂ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਸ ਤੋਂ ਇਲਾਵਾ ਜਲਗਾਓਂ (12), ਠਾਣੇ (7) ਅਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ 'ਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ। ਚੋਣ ਕਮਿਸ਼ਨ ਨੇ ਨਗਰ ਨਿਗਮ ਕਮਿਸ਼ਨਰਾਂ, ਜ਼ਿਲ੍ਹਾ ਕਲੈਕਟਰਾਂ ਅਤੇ ਪੁਲਸ ਕਮਿਸ਼ਨਰਾਂ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਾਮਜ਼ਦਗੀਆਂ ਵਾਪਸ ਲੈਣਾ ਸਵੈ-ਇੱਛੁਕ ਸੀ ਜਾਂ ਗੈਰ-ਕਾਨੂੰਨੀ ਤਰੀਕਿਆਂ ਨਾਲ ਕਰਵਾਇਆ ਗਿਆ ਸੀ।
ਮੁੰਬਈ ਦੇ ਕੋਲਾਬਾ ਖੇਤਰ 'ਚ ਵਿਵਾਦ
ਮੁੰਬਈ ਦੇ ਕੋਲਾਬਾ ਖੇਤਰ 'ਚ ਵਿਰੋਧੀ ਨੇਤਾਵਾਂ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ 'ਤੇ ਨਾਮਜ਼ਦਗੀ ਪ੍ਰਕਿਰਿਆ 'ਚ ਦਖ਼ਲ ਦੇਣ ਦੇ ਦੋਸ਼ ਲਗਾਏ ਹਨ। ਕਮਿਸ਼ਨ ਨੇ ਇਸ ਸਬੰਧ 'ਚ ਮੁੰਬਈ ਨਗਰ ਕਮਿਸ਼ਨਰ ਨੂੰ CCTV ਫੁਟੇਜ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਨਾਰਵੇਕਰ ਨੇ ਇਨ੍ਹਾਂ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਹੈ।
ਚੋਣਾਂ ਦੀ ਭਰੋਸੇਯੋਗਤਾ 'ਤੇ ਸਵਾਲ
ਵਿਰੋਧੀ ਨੇਤਾਵਾਂ ਸੰਜੇ ਰਾਉਤ ਅਤੇ ਪ੍ਰਿਯੰਕਾ ਚਤੁਰਵੇਦੀ ਨੇ ਸੱਤਾਧਾਰੀ ਗਠਜੋੜ 'ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ, ਜਦੋਂ ਕਿ ਮਹਾਯੁਤੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਜਿੱਤਾਂ ਉਨ੍ਹਾਂ ਦੀ ਜਥੇਬੰਦਕ ਮਜ਼ਬੂਤੀ ਦਾ ਨਤੀਜਾ ਹਨ। ਬ੍ਰਿਹਨਮੁੰਬਈ ਨਗਰ ਨਿਗਮ (BMC) ਸਮੇਤ 29 ਨਗਰ ਨਿਗਮਾਂ ਲਈ ਚੋਣਾਂ 15 ਜਨਵਰੀ ਨੂੰ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 16 ਜਨਵਰੀ ਨੂੰ ਹੋਵੇਗੀ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜਾਂਚ 'ਚ ਨਿਯਮਾਂ ਦੀ ਉਲੰਘਣਾ ਪਾਈ ਗਈ, ਤਾਂ ਸਬੰਧਤ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਅਤੇ ਅਪਰਾਧਿਕ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਜਾਂਚ ਦੇ ਨਤੀਜਿਆਂ ਦਾ ਮਹਾਰਾਸ਼ਟਰ ਦੀਆਂ ਚੋਣ ਪ੍ਰਕਿਰਿਆਵਾਂ ਦੀ ਭਰੋਸੇਯੋਗਤਾ 'ਤੇ ਦੂਰਗਾਮੀ ਪ੍ਰਭਾਵ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
TMC ਦੀ ਰਾਜ ਸਭਾ ਮੈਂਬਰ ਮੌਸਮ ਨੂਰ ਕਾਂਗਰਸ 'ਚ ਹੋਈ ਸ਼ਾਮਲ
NEXT STORY