ਨਵੀਂ ਦਿੱਲੀ, (ਏਜੰਸੀਆਂ, ਇੰਟ.)– ਸੀ. ਬੀ. ਆਈ. ਦੇ ਅੰਦਰ ਮਚਿਆ ਘਮਾਸਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਹੀ ਏਜੰਸੀ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਹੈ। ਇਸੇ ਦੌਰਾਨ ਸੀ. ਬੀ. ਆਈ. ਦੇ ਡੀ. ਆਈ. ਜੀ. ਮੁਨੀਸ਼ ਕੁਮਾਰ ਸਿਨ੍ਹਾ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ’ਤੇ ਸਨਸਨੀਖੇਜ਼ ਦੋਸ਼ ਲਾਏ ਹਨ। ਸਿਨ੍ਹਾ ਨੇ ਆਪਣੀ ਟਰਾਂਸਫਰ ਦੇ ਵਿਰੁੱਧ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਡੋਭਾਲ ਨੇ ਅਸਥਾਨਾ ਦੇ ਵਿਰੁੱਧ ਚੱਲ ਰਹੀ ਜਾਂਚ ਵਿਚ ਦਖਲ ਦੇ ਕੇ ਇਸ ਨੂੰ ਪ੍ਰਭਾਵਿਤ ਕੀਤਾ ਹੈ।
ਸਿਨ੍ਹਾ ਨੇ ਦੋਸ਼ ਲਾਇਆ ਹੈ ਕਿ ਅਸਥਾਨਾ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿਚ ਜਾਂਚ ਦੇ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਦੋ ਮੌਕਿਆਂ ’ਤੇ ਘਰ ’ਚ ਤਲਾਸ਼ੀ ਮੁਹਿੰਮ ਰੋਕਣ ਦੇ ਨਿਰਦੇਸ਼ ਦਿੱਤੇ ਸਨ। ਓਧਰ ਇਕ ਵਿਚੋਲੀਏ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਗੁਜਰਾਤ ਤੋਂ ਸੰਸਦ ਮੈਂਬਰ ਅਤੇ ਮੌਜੂਦਾ ਕੋਲਾ ਅਤੇ ਖਨਨ ਰਾਜ ਮੰਤਰੀ ਹਰੀਭਾਈ ਪਾਰਥੀਭਾਈ ਚੌਧਰੀ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ।
ਰਾਕੇਸ਼ ਅਸਥਾਨਾ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਹੈੱਡ ਅਤੇ ਆਈ. ਪੀ. ਐੱਸ. ਅਫਸਰ ਮੁਨੀਸ਼ ਕੁਮਾਰ ਸਿਨ੍ਹਾ ਨਾਗਪੁਰ ਵਿਚ ਹੋਏ ਆਪਣੇ ਤਬਾਦਲੇ ਵਿਰੁੱਧ ਸਰਵਉੱਚ ਅਦਾਲਤ ’ਚ ਪਹੁੰਚੇ ਹਨ। ਸਿਨ੍ਹਾ ਨੇ ਆਪਣੀ ਅਰਜ਼ੀ ’ਤੇ ਕੱਲ ਆਲੋਕ ਵਰਮਾ ਦੀ ਪਟੀਸ਼ਨ ਦੇ ਨਾਲ ਹੀ ਸੁਣਵਾਈ ਕਰਨ ਦੀ ਅਪੀਲ ਕੀਤੀ ਪਰ ਕੋਰਟ ਨੇ ਉਨ੍ਹਾਂ ਦੀ ਜਲਦੀ ਸੁਣਵਾਈ ਦੀ ਮੰਗ ਨੂੰ ਠੁਕਰਾ ਦਿੱਤਾ।
ਕੋਰਟ ਨੇ ਕਿਹਾ ਕਿ ਤੁਹਾਡੀ ਪਟੀਸ਼ਨ ਲਿਸਟ ਨਹੀਂ ਹੋਵੇਗੀ ਪਰ ਮੰਗਲਵਾਰ ਦੀ ਸੁਣਵਾਈ ਵਿਚ ਤੁਸੀਂ ਮੌਜੂਦ ਰਹੋਗੇ। ਮੁਨੀਸ਼ ਸਿਨ੍ਹਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਤਬਾਦਲਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਕੁਝ ਤਾਕਤਵਰ ਲੋਕਾਂ ਵਿਰੁੱਧ ਸਬੂਤ ਸਾਹਮਣੇ ਆਏ ਸਨ। ਉਨ੍ਹਾਂ ਦਾ ਨਾਗਪੁਰ ਤਬਾਦਲਾ ਹੋਣ ਨਾਲ ਉਹ ਅਸਥਾਨਾ ਦੇ ਵਿਰੁੱਧ ਦਰਜ ਐੱਫ. ਆਈ. ਆਰ. ਦੀ ਜਾਂਚ ਤੋਂ ਵੀ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਸਿਨ੍ਹਾ ਨੇ ਪਟੀਸ਼ਨ ਵਿਚ ਛੁੱਟੀ ’ਤੇ ਭੇਜੇ ਗਏ।
ਰਾਕੇਸ਼ ਅਸਥਾਨਾ ਵਿਰੁੱਧ ਦਰਜ ਐੱਫ. ਆਈ. ਆਰ. ’ਤੇ ਐੱਸ. ਆਈ. ਟੀ. ਜਾਂਚ ਦੀ ਮੰਗ ਕੀਤੀ ਹੈ।
2 ਵਿਚੋਲਿਆਂ ਦੇ ਨਾਲ ਹਨ ਡੋਭਾਲ ਦੇ ਰਿਸ਼ਤੇ
ਸੀ. ਬੀ. ਆਈ. ਰਿਸ਼ਵਤ ਕਾਂਡ ਵਿਚ ਰਾਕੇਸ਼ ਅਸਥਾਨਾ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੇ ਐੱਮ. ਕੇ. ਸਿਨ੍ਹਾ ਨੇ ਕਿਹਾ ਹੈ ਕਿ ਡੋਭਾਲ ਦਾ ਕੇਸ ਦੇ 2 ਵਿਚੋਲਿਆਂ ਨਾਲ ਕਰੀਬੀ ਰਿਸ਼ਤਾ ਹੈ। ਰਿਪੋਰਟ ਮੁਤਾਬਕ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਦੋ ਵਾਰ ਛਾਪੇਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕੋਲ ਖੁਫੀਆ ਏਜੰਸੀ ‘ਰਾਅ’ ਦੇ ਅਧਿਕਾਰੀ ਸਾਮੰਤ ਗੋਇਲ ਦੀ ਕਾਲ ਰਿਕਾਰਡਿੰਗ ਮੌਜੂਦ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਪੀ. ਐੱਮ. ਓ. ਨੇ ਸੀ. ਬੀ. ਆਈ. ਦੇ ਮੁੱਦੇ ਨੂੰ ਮੈਨੇਜ ਕਰ ਲਿਆ ਹੈ। ਸਿਨ੍ਹਾ ਦੇ ਵਕੀਲ ਨੇ ਸੋਮਵਾਰ ਨੂੰ ਕੋਰਟ ਨੂੰ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਕੁਝ ਹੈਰਾਨ ਕਰ ਦੇਣ ਵਾਲਾ ਖੁਲਾਸਾ ਕਰਨਾ ਚਾਹੁੰਦੇ ਹਨ। ਇਸ ’ਤੇ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਨਹੀਂ, ਸਾਨੂੰ (ਅਦਾਲਤ) ਕੁਝ ਹੈਰਾਨ ਨਹੀਂ ਕਰਦਾ।
ਆਲੋਕ ਵਰਮਾ ਨੇ ਸੁਪਰੀਮ ਕੋਰਟ ’ਚ ਦਾਖਲ ਕੀਤਾ ਜਵਾਬ
ਸੀ. ਬੀ. ਆਈ. ਡਾਇਰੈਕਟਰ ਆਲੋਕ ਵਰਮਾ ਨੇ ਉਨ੍ਹਾਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਕੇਂਦਰੀ ਚੌਕਸੀ ਕਮਿਸ਼ਨ (ਸੀ. ਵੀ. ਸੀ.) ਦੀ ਮੁਢਲੀ ਰਿਪੋਰਟ ’ਤੇ ਸੋਮਵਾਰ ਨੂੰ ਦੁਪਹਿਰ ਬਾਅਦ ਸੀਲਬੰਦ ਲਿਫਾਫੇ ਵਿਚ ਆਪਣਾ ਜਵਾਬ ਦਾਖਲ ਕਰ ਦਿੱਤਾ। ਇਸ ਮਾਮਲੇ ਵਿਚ ਅਦਾਲਤ ਮੰਗਲਵਾਰ ਨੂੰ ਸੁਣਵਾਈ ਕਰੇਗੀ।
ਸਰਵਉੱਚ ਅਦਾਲਤ ਨੇ ਇਸ ਤੋਂ ਪਹਿਲਾਂ ਸਵੇਰੇ ਆਲੋਕ ਵਰਮਾ ਨੂੰ ਕਿਹਾ ਸੀ ਕਿ ਉਹ ਸੀ. ਵੀ. ਸੀ. ਦੀ ਰਿਪੋਰਟ ’ਤੇ ਅੱਜ ਹੀ ਸੀਲਬੰਦ ਲਿਫਾਫੇ ਵਿਚ ਆਪਣਾ ਜਵਾਬ ਦਾਖਲ ਕਰਨ। ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਇਸ ਮਾਮਲੇ ਦੀ ਸੁਣਵਾਈ ਦੇ ਨਿਰਧਾਰਤ ਪ੍ਰੋਗਰਾਮ ਵਿਚ ਬਦਲਾਅ ਨਹੀਂ ਕੀਤਾ ਜਾਏਗਾ।
ਭਾਰਤੀ ਰੇਲਵੇ ਦਾ ਤੋਹਫਾ, ਹੁਣ 15 ਦਿਨ ਪਹਿਲਾਂ ਬੁੱਕ ਹੋਵੇਗੀ ਜਨਰਲ ਟਿਕਟ
NEXT STORY