-ਚੁੱਘ
(ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)
26 ਦਸੰਬਰ ਨੂੰ ਮਨਾਇਆ ਜਾਣ ਵਾਲਾ ਵੀਰ ਬਾਲ ਦਿਵਸ ਸਿਰਫ ਇਕ ਧਾਰਮਿਕ ਜਾਂ ਸੱਭਿਆਚਾਰਕ ਪਰੰਪਰਾ ਨਹੀਂ, ਇਹ ਭਾਰਤ ਦੀ ਨੈਤਿਕ ਯਾਦ ਦਾ ਉਹ ਪਲ ਹੈ, ਜਿੱਥੇ ਹਿੰਮਤ ਉਮਰ ਤੋਂ ਵੱਡੀ ਹੋ ਜਾਂਦੀ ਹੈ ਅਤੇ ਧਰਮ ਸਹੂਲਤ ਤੋਂ ਉਪਰ ਖੜ੍ਹਾ ਦਿਖਾਈ ਦਿੰਦਾ ਹੈ। ‘ਵੀਰ ਬਾਲ ਦਿਵਸ’ ਇਸੇ ਅਦੁੱਤੀ ਹਿੰਮਤ, ਆਸਥਾ ਅਤੇ ਬਲੀਦਾਨ ਦਾ ਵਿਲੱਖਣ ਸਿਖਰ ਹੈ।
ਦਸੰਬਰ 1705 ਦਾ ਉਹ ਸ਼ਹੀਦੀ ਹਫ਼ਤਾ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਨੇ ਧਰਮ ਅਤੇ ਸੱਚ ਦੀ ਰੱਖਿਆ ਲਈ ਆਪਣੇ ਪ੍ਰਾਣ ਵਾਰ ਦਿੱਤੇ, ਭਾਰਤ ਦੇ ਇਤਿਹਾਸ ਦਾ ਕੋਈ ਹਾਸ਼ੀਏ ਦਾ ਪ੍ਰਸੰਗ ਨਹੀਂ ਹੈ। ਇਹ ਸਾਡੀ ਰਾਸ਼ਟਰੀ ਚੇਤਨਾ ਦਾ ਕੇਂਦਰੀ ਅਧਿਆਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਐਲਾਨਣਾ ਸਿਰਫ ਇਕ ਮਿਤੀ ਨਿਰਧਾਰਨ ਨਹੀਂ ਸਗੋਂ ਉਸ ਸੱਚਾਈ ਦੀ ਪੁਨਰ ਸਥਾਪਨਾ ਹੈ, ਜਿਸ ਨੂੰ ਲੰਬੇ ਸਮੇਂ ਤੱਕ ਰਾਸ਼ਟਰੀ ਵਿਚਾਰ ’ਚ ਉਹ ਸਥਾਨ ਨਹੀਂ ਮਿਲਿਆ ਜਿਸ ਦਾ ਉਹ ਅਧਿਕਾਰੀ ਸੀ।
ਅਨੰਦਪੁਰ ਸਾਹਿਬ 1705 ’ਚ ਸਿਰਫ਼ ਇਕ ਕਿਲ੍ਹਾ ਨਹੀਂ ਸੀ। ਉਹ ਉਸ ਚੇਤਨਾ ਦਾ ਕੇਂਦਰ ਸੀ, ਜੋ ਅਨਿਆਂ ਦੇ ਸਾਹਮਣੇ ਝੁਕਣ ਤੋਂ ਇਨਕਾਰ ਕਰਦੀ ਹੈ। ਮਹੀਨਿਆਂ ਤੱਕ ਮੁਗਲ ਸੈਨਾ ਅਤੇ ਪਹਾੜੀ ਰਾਜਿਆਂ ਦੀ ਸੰਯੁਕਤ ਘੇਰਾਬੰਦੀ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪੈਰੋਕਾਰ ਜ਼ਬਰਦਸਤ ਕਠਿਨਾਈਆਂ ’ਚੋਂ ਗੁਜ਼ਰੇ। ਭੋਜਨ ਦੀ ਕਮੀ, ਲਗਾਤਾਰ ਯੁੱਧ, ਠੰਢ ਅਤੇ ਅਨਿਸ਼ਚਿਤਤਾ-ਸਭ ਕੁਝ ਹੁੰਦੇ ਹੋਏ ਵੀ ਆਤਮਸਮਰਪਣ ਸਵੀਕਾਰ ਨਹੀਂ ਕੀਤਾ ਗਿਆ।
5 ਅਤੇ 6 ਦਸੰਬਰ 1705 ਦੀ ਉਹ ਸਰਦ ਰਾਤ ਇਤਿਹਾਸ ਦਾ ਨਿਰਣਾਇਕ ਮੋੜ ਬਣੀ। ਜਿਵੇਂ ਹੀ ਸੰਗਤ ਅਨੰਦਪੁਰ ਤੋਂ ਬਾਹਰ ਨਿਕਲੀ, ਮੁਗਲ ਸੈਨਾ ਨੇ ਵਚਨ ਭੰਗ ਕਰ ਦਿੱਤਾ। ਸਿਰਸਾ ਨਦੀ ਕੋਲ ਅਚਾਨਕ ਹਮਲਾ ਹੋਇਆ। ਛੱਲਾਂ ਮਾਰਦੀ ਨਦੀ, ਹਨੇਰਾ, ਹਥਿਆਰਾਂ ਦੀ ਆਵਾਜ਼-ਇਸੇ ਹਫੜਾ-ਦਫੜੀ ’ਚ ਸ਼ਹੀਦੀ ਵਿਛੋੜਾ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਨਾਲ ਨਦੀ ਪਾਰ ਕਰ ਗਏ। ਮਾਤਾ ਗੁਜਰੀ ਜੀ ਆਪਣੇ ਨਾਲ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਲੈ ਕੇ ਅਲੱਗ ਰਹਿ ਗਏ। ਇਹ ਸਿਰਫ ਇਕ ਪਰਿਵਾਰ ਦਾ ਵਿਛੜਨਾ ਨਹੀਂ ਸੀ, ਇਹ ਇਤਿਹਾਸ ਦੀ ਸਭ ਤੋਂ ਵੱਡੀ ਨੈਤਿਕ ਪ੍ਰੀਖਿਆ ਦੀ ਸ਼ੁਰੂਆਤ ਸੀ।
ਚਮਕੌਰ ਦੀ ਗੜ੍ਹੀ ’ਚ ਜੋ ਵੀ ਵਾਪਰਿਆ, ਉਹ ਯੁੱਧ ਕਲਾ ਦਾ ਨਹੀਂ, ਚਰਿੱਤਰ ਦਾ ਇਤਿਹਾਸ ਹੈ। ਮੁੱਠੀ ਭਰ ਸਿੱਖ ਵਿਸ਼ਾਲ ਮੁਗਲ ਸੈਨਾ ਦੇ ਸਾਹਮਣੇ ਖੜ੍ਹੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਇਹ ਯੁੱਧ ਗਿਣਤੀ ਦਾ ਨਹੀਂ, ਸੰਕਲਪ ਦਾ ਹੈ, ਇਕ-ਇਕ ਕਰਕੇ ਟੋਲੀਆਂ ਕਿਲ੍ਹੇ ’ਚੋਂ ਬਾਹਰ ਨਿਕਲਦੀਆਂ ਰਹੀਆਂ, ਲੜਦੀਆਂ ਰਹੀਆਂ, ਸ਼ਹੀਦ ਹੁੰਦੀਆਂ ਰਹੀਆਂ। ਇਸ ਯੁੱਧ ’ਚ ਸਾਹਿਬਜ਼ਾਦਾ ਅਜੀਤ ਸਿੰਘ ਕਿਸ਼ੋਰ ਅਵਸਥਾ ’ਚ ਅਗਵਾਈ ਕਰਦੇ ਹੋਏ ਰਣਭੂਮੀ ’ਚ ਉਤਰੇ ਅਤੇ ਵੀਰਗਤੀ ਨੂੰ ਪ੍ਰਾਪਤ ਹੋਏ। ਥੋੜ੍ਹੀ ਹੀ ਦੇਰ ਬਾਅਦ ਹੋਰ ਵੀ ਘੱਟ ਉਮਰ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਭਰਾ ਦੇ ਕਦਮਾਂ ’ਤੇ ਚੱਲਦੇ ਹੋਏ ਜੰਗ ’ਚ ਕੁੱਦ ਪਏ ਅਤੇ ਸ਼ਹੀਦ ਹੋ ਗਏ।
ਇਕ ਪਿਤਾ ਦੇ ਸਾਹਮਣੇ ਉਸ ਦੇ ਪੁੱਤਰਾਂ ਦਾ ਬਲੀਦਾਨ ਸੀ ਪਰ ਗੁਰੂ ਨੇ ਉਨ੍ਹਾਂ ਨੂੰ ਰੋਕਿਆ ਨਹੀਂ ਕਿਉਂਕਿ ਗੁਰੂ ਜਾਣਦੇ ਸਨ-ਇਹ ਬਲੀਦਾਨ ਸਿਰਫ ਨਿੱਜੀ ਨਹੀਂ, ਇਤਿਹਾਸਕ ਹੈ। ਚਮਕੌਰ ਸਾਨੂੰ ਇਹ ਸਿਖਾਉਂਦਾ ਹੈ ਕਿ ਹਿੰਮਤ ਉਮਰ ਨਾਲ ਨਹੀਂ ਆਉਂਦੀ। ਉਹ ਅੰਤਰਆਤਮਾ ਨਾਲ ਆਉਂਦੀ ਹੈ।
ਉਧਰ ਸਰਹਿੰਦ ’ਚ ਠੰਢੇ ਬੁਰਜ ਦੇ ਅੰਦਰ ਦੋ ਛੋਟੇ ਬਾਲਕ ਅਤੇ ਇਕ ਬਜ਼ੁਰਗ ਮਾਤਾ ਸੀ। ਠੰਢ, ਭੁੱਖ ਅਤੇ ਡਰ ਸਭ ਕੁਝ ਸੀ ਪਰ ਜੋ ਨਹੀਂ ਸੀ ਉਹ ਸੀ ਸਮਝੌਤਾ। ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਦਰਬਾਰ ’ਚ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਧਰਮ ਬਦਲ ਲੈਣ ਤਾਂ ਜੀਵਨ, ਸਨਮਾਨ ਅਤੇ ਸਹੂਲਤ ਸਭ ਕੁਝ ਮਿਲ ਜਾਵੇਗਾ ਪਰ ਇਨ੍ਹਾਂ ਬੱਚਿਆਂ ਨੇ ਜੋ ਜਵਾਬ ਦਿੱਤਾ ਉਹ ਸਿਰਫ ਸਿੱਖ ਇਤਿਹਾਸ ਦਾ ਨਹੀਂ, ਮਨੁੱਖੀ ਇਤਿਹਾਸ ਦਾ ਮਾਣ ਹੈ। ਉਨ੍ਹਾਂ ਨੇ ਜੀਵਨ ਨੂੰ ਅਸਵੀਕਾਰ ਕੀਤਾ ਪਰ ਆਤਮਸਮਰਪਣ ਨਹੀਂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਧਰਮ ਕੋਈ ਲੈਣ-ਦੇਣ ਨਹੀਂ, ਸੱਚ ਹੈ ਅਤੇ ਸੱਚ ਦੀ ਰੱਖਿਆ ਲਈ ਮੌਤ ਵੀ ਸਵੀਕਾਰ ਯੋਗ ਹੈ।
ਇਸ ਦੇ ਬਾਵਜੂਦ ਜੋ ਹੋਇਆ ਉਹ ਅਣਮਨੁੱਖੀ ਸੀ। ਦੋਵੇਂ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧ ’ਚ ਚਿਣਵਾਉਣ ਦਾ ਹੁਕਮ ਦਿੱਤਾ ਗਿਆ, ਕੰਧ ਡਿੱਗ ਗਈ ਪਰ ਅੱਤਿਆਚਾਰ ਨਹੀਂ ਰੁਕਿਆ। 26 ਦਸੰਬਰ, 1705 ਨੂੰ ਦੋਵਾਂ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸੇ ਦਿਨ ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਵੀ ਦੇਹ ਤਿਆਗ ਦਿੱਤੀ। ਜਿੱਥੇ ਇਹ ਬਲੀਦਾਨ ਹੋਇਆ, ਅੱਜ ਉਥੇ ਹੀ ਫਤਹਿਗੜ੍ਹ ਸਾਹਿਬ ਖੜ੍ਹਾ ਹੈ। ਫਤਹਿ ਭਾਵ ਜਿੱਤ। ਇਹ ਜਿੱਤ ਤਲਵਾਰ ਦੀ ਨਹੀਂ, ਸੱਚਾਈ ਦੀ ਹੈ। ਹਰ ਸਾਲ ਸ਼ਹੀਦੀ ਜੋੜ ਮੇਲੇ ’ਚ ਲੱਖਾਂ ਲੋਕ ਇੱਥੇ ਆਉਂਦੇ ਹਨ, ਲੰਗਰ ਚੱਲਦੇ ਹਨ, ਸੇਵਾ ਹੁੰਦੀ ਹੈ ਅਤੇ ਯਾਦ ਜਿਊਂਦੀ ਰਹਿੰਦੀ ਹੈ। ਇਹ ਯਾਦ ਕਿਸੇ ਨਫਰਤ ਦੀ ਨਹੀਂ ਸਗੋਂ ਨੈਤਿਕ ਦ੍ਰਿੜ੍ਹਤਾ ਦਾ ਉਤਸਵ ਹੈ।
ਸਾਹਿਬਜ਼ਾਦਿਆਂ ਨੇ ਦੱਸਿਆ ਕਿ ਧਰਮ ਸਿਰਫ ਆਸਥਾ ਨਹੀਂ ਸਗੋਂ ਅਨਿਆਂ ਦੇ ਵਿਰੁੱਧ ਖੜ੍ਹੇ ਹੋਣ ਦੀ ਹਿੰਮਤ ਹੈ। ਉਨ੍ਹਾਂ ਨੇ ਸਿੱਧ ਕੀਤਾ ਕਿ ਇਤਿਹਾਸ ਭਾਰਤ ਦੇ ਰਾਸ਼ਟਰੀ ਇਤਿਹਾਸ ਤੋਂ ਅਲੱਗ ਨਹੀਂ ਹੈ। ਇਹ ਉਸ ਦੀ ਰੀੜ੍ਹ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪੁੱਤਰਾਂ ਦਾ ਬਲੀਦਾਨ ਭਾਰਤ ਦੀ ਉਸ ਪਰੰਪਰਾ ਦਾ ਹਿੱਸਾ ਹੈ, ਜਿੱਥੇ ਸੱਚ ਲਈ ਜੀਵਨ ਦਾ ਮੁੱਲ ਚੁਕਾਇਆ ਗਿਆ।
ਅੱਜ ਦੇ ਭਾਰਤ ਲਈ ਵੀਰ ਬਾਲ ਦਿਵਸ ਦਾ ਮਹੱਤਵ ਇਸ ਲਈ ਵਧ ਜਾਂਦਾ ਹੈ, ਕਿਉਂਕਿ ਇਹ ਨੌਜਵਾਨਾਂ ਨਾਲ ਸੰਵਾਦ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਵੀਰ ਬਾਲ ਦਿਵਸ’ ਦਾ ਐਲਾਨ, ਇਤਿਹਾਸ ਨੂੰ ਵਰਤਮਾਨ ਨਾਲ ਜੋੜਨ ਦਾ ਕੰਮ ਹੈ। ਇਹ ਨੌਜਵਾਨਾਂ ਨੂੰ ਦੱਸਦਾ ਹੈ ਕਿ ਰਾਸ਼ਟਰ ਸਿਰਫ ਸੋਮਿਆਂ ਨਾਲ ਨਹੀਂ ਬਣਦਾ, ਉਹ ਚਰਿੱਤਰ ਨਾਲ ਬਣਦਾ ਹੈ। ਇਹ ਯਾਦ ਦਿਵਾਉਂਦਾ ਹੈ ਕਿ ਇਤਿਹਾਸ ਨੂੰ ਭੁੱਲਣਾ ਨਹੀਂ, ਇਸ ਤੋਂ ਸਿੱਖਣਾ ਰਾਸ਼ਟਰ ਨੂੰ ਮਜ਼ਬੂਤ ਬਣਾਉਂਦਾ ਹੈ।
ਇਸ ਦ੍ਰਿੜ੍ਹਤਾ ’ਚ ਸਾਹਿਬਜ਼ਾਦਿਆਂ ਦਾ ਅਟੁੱਟ ਆਤਮ ਬਲ, ਮਨ ਦੀ ਅਡੋਲਤਾ, ਵਾਹਿਗੁਰੂ ਪ੍ਰਤੀ ਅਟੁੱਟ ਆਸਥਾ ਅਤੇ ਆਪਣੇ ਧਰਮ ਅਤੇ ਸੰਸਕ੍ਰਿਤੀ ਪ੍ਰਤੀ ਅਥਾਹ ਸ਼ਰਧਾ ਸਪੱਸ਼ਟ ਤੌਰ ’ਤੇ ਪ੍ਰਗਟ ਹੁੰਦੀ ਹੈ। ਭਾਵਭਿੰਨੀ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਹੀ ਵੀਰ ਬਾਲ ਦਿਵਸ ਨਾ ਸਿਰਫ ਆਪਣੀ ਸਾਰਥਕਤਾ ਨੂੰ ਹੋਰ ਜ਼ਿਆਦਾ ਪ੍ਰਾਸੰਗਿਕ ਬਣਾਉਂਦਾ ਹੈ, ਸਗੋਂ ਸਾਹਿਬਜ਼ਾਦਿਆਂ ਦੇ ਮਹਾਨ ਬਲੀਦਾਨ ਪ੍ਰਤੀ ਨਤਮਸਤਕ ਹੋਣ ਦਾ ਭਾਵ ਵੀ ਜਾਗ੍ਰਿਤ ਕਰਦਾ ਹੈ।
ਵੀਰ ਬਾਲ ਦਿਵਸ ਕੋਈ ਰਸਮ ਨਹੀਂ ਹੈ, ਇਹ ਅੰਤਰਆਤਮਾ ਦਾ ਉਤਸਵ ਹੈ, ਇਹ ਪ੍ਰਤਿੱਗਿਆ ਹੈ ਕਿ ਅਸੀਂ ਸੱਚ ਦੇ ਨਾਲ ਖੜ੍ਹੇ ਰਹਾਂਗੇ ਭਾਵੇਂ ਉਸ ਦੀ ਕੀਮਤ ਕੁਝ ਵੀ ਹੋਵੇ। ਸਾਹਿਬਜ਼ਾਦੇ ਸਾਨੂੰ ਸਿਖਾਉਂਦੇ ਹਨ ਕਿ ਡਰ ਦੇ ਨਾਲ ਜਿਊਣਾ ਜੀਵਨ ਨਹੀਂ ਅਤੇ ਸੱਚਾਈ ਦੇ ਲਈ ਮੌਤ ਵੀ ਹਾਰਦੀ ਨਹੀਂ। ਮੇਰੇ ਲਈ ਅਤੇ ਮੇਰੇ ਵਰਗੇ ਭਾਰਤੀਆਂ ਲਈ ਸਾਹਿਬਜ਼ਾਦੇ ਸਦੀਵੀ ਗੁਰੂ ਹਨ-ਨਿਡਰ, ਵਿਸ਼ਵਾਸ ਅਤੇ ਰਾਸ਼ਟਰੀ ਮਾਣ ਦੇ।
ਜਹਾਜ਼ 'ਚ ਧੀਰੇਂਦਰ ਸ਼ਾਸਤਰੀ ਨੂੰ ਮਿਲਣ ਆਇਆ ਪੁਲਸ ਅਧਿਕਾਰੀ, ਪੈ ਗਿਆ ਪੈਰਾਂ 'ਚ ਲੰਮੇ, ਛਿੜ ਗਿਆ ਵਿਵਾਦ
NEXT STORY