ਨਵੀਂ ਦਿੱਲੀ - ਕੀ ਤੁਸੀਂ ਵੀ ਸ਼ੋਅਰੂਮ ’ਚ ਸ਼ਾਪਿੰਗ ਕਰਨ ਜਾਂਦੇ ਹੋ ਅਤੇ ਤੁਹਾਡੇ ਤੋਂ ਕੈਰੀ ਬੈਗ ਲਈ ਵੱਖਰੇ ਤੌਰ ’ਤੇ ਚਾਰਜ ਮੰਗਿਆ ਜਾਂਦਾ ਹੈ ਤਾਂ ਇਹ ਖਬਰ ਧਿਆਨ ਨਾਲ ਪੜ੍ਹੋ ਅਤੇ ਆਪਣੇ ਅਧਿਕਾਰਾਂ ਦੀ ਰੱਖਿਆ ਕਰੋ। ਹਰਿਆਣਾ ਦੀ ਕੰਜ਼ਿਊਮਰ ਕੋਰਟ ਨੇ ਕੈਰੀ ਬੈਗ ਲਈ ਗਾਹਕ ਤੋਂ 30 ਰੁਪਏ ਲੈਣ ਦੇ ਮਾਮਲੇ ’ਚ ਫੈਸ਼ਨ ਕੰਪਨੀ ਰੈੱਡ ਟੇਪ ਨੂੰ ਦੋਸ਼ੀ ਠਹਿਰਾਇਆ ਹੈ। ਕੋਰਟ ਨੇ ਕੰਪਨੀ ਨੂੰ 30 ਰੁਪਏ ਵਾਪਸ ਕਰਨ ਦੇ ਨਾਲ-ਨਾਲ ਗਾਹਕ ਨੂੰ ਕੁੱਲ 26000 ਰੁਪਏ ਦੇਣ ਦਾ ਹੁਕਮ ਵੀ ਦਿੱਤਾ ਹੈ।
ਕੀ ਹੈ ਮਾਮਲਾ
ਮਾਮਲਾ 31 ਅਗਸਤ 2025 ਦਾ ਹੈ। ਇਕ ਗਾਹਕ ਗੁਰੂਗ੍ਰਾਮ ’ਚ ਮੌਜੂਦ ਰੈੱਡ ਟੇਪ ਦੇ ਸ਼ੋਅਰੂਮ ’ਚ ਖਰੀਦਦਾਰੀ ਕਰਨ ਗਿਆ ਸੀ। ਉਸ ਨੇ ਉੱਥੋਂ 4,713 ਰੁਪਏ ਦਾ ਸਾਮਾਨ ਖਰੀਦਿਆ। ਸਾਮਾਨ ਲੈ ਕੇ ਜਾਣ ਲਈ ਸ਼ੋਅਰੂਮ ਨੇ ਉਸ ਤੋਂ 3 ਕੈਰੀ ਬੈਗਾਂ ਦੇ 30 ਰੁਪਏ ਵੱਖਰੇ ਤੌਰ ’ਤੇ ਚਾਰਜ ਕੀਤੇ। ਇਸ ਤੋਂ ਬਾਅਦ ਗਾਹਕ ਨੇ ਸ਼ੋਅਰੂਮ ਵਾਲਿਆਂ ਤੋਂ ਮੁਫ਼ਤ ਕੈਰੀ ਬੈਗ ਦੇਣ ਦੀ ਮੰਗ ਕੀਤੀ, ਕਿਉਂਕਿ ਉਸ ਲਈ ਖਰੀਦਿਆ ਹੋਇਆ ਸਾਮਾਨ ਹੱਥ ’ਚ ਲੈ ਕੇ ਜਾਣਾ ਮੁਸ਼ਕਿਲ ਸੀ, ਪਰ ਸ਼ੋਅਰੂਮ ਨੇ ਉਸ ਦੀ ਗੱਲ ਨਹੀਂ ਮੰਨੀ।
ਗਾਹਕ ਪਹੁੰਚਿਆ ਕੰਜ਼ਿਊਮਰ ਕੋਰਟ
ਗਾਹਕ ਨੇ ਕੈਰੀ ਬੈਗ ਲਈ ਪੈਸੇ ਲੈਣ ਨੂੰ ਗਲਤ ਦੱਸਦੇ ਹੋਏ ਕੰਜ਼ਿਊਮਰ ਕੋਰਟ ’ਚ ਸ਼ਿਕਾਇਤ ਕੀਤੀ। ਉਸ ਦਾ ਕਹਿਣਾ ਸੀ ਕਿ ਸਾਮਾਨ ਖਰੀਦਣ ਤੋਂ ਬਾਅਦ ਉਸ ਨੂੰ ਲੈ ਕੇ ਜਾਣ ਲਈ ਬੈਗ ਦੇਣਾ ਦੁਕਾਨਦਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਕੋਰਟ ਨੇ ਇਸ ਮਾਮਲੇ ’ਚ ਪੁਰਾਣੇ ਗਾਹਕ ਮਾਮਲਿਆਂ ਦਾ ਵੀ ਹਵਾਲਾ ਦਿੱਤਾ, ਜਿਨ੍ਹਾਂ ’ਚ ਦੁਕਾਨਦਾਰਾਂ ਵੱਲੋਂ ਕੈਰੀ ਬੈਗ ਲਈ ਵੱਖਰੇ ਤੌਰ ’ਤੇ ਪੈਸੇ ਲੈਣ ’ਤੇ ਸਵਾਲ ਉਠਾਏ ਗਏ ਸਨ।
ਕੋਰਟ ਨੇ ਕਿਹਾ ਕਿ ਦੁਕਾਨਦਾਰ ਗਾਹਕਾਂ ਤੋਂ ਕੈਰੀ ਬੈਗ ਦੇ ਨਾਂ ’ਤੇ ਨਿਯਮਿਤ ਤੌਰ ’ਤੇ ਪੈਸੇ ਨਹੀਂ ਲੈ ਸਕਦੇ। ਕੋਰਟ ਨੇ ਕੰਪਨੀ ਨੂੰ ਸੇਵਾ ’ਚ ਕਮੀ ਅਤੇ ਗਲਤ ਤਰੀਕੇ ਨਾਲ ਕਾਰੋਬਾਰ ਕਰਨ ਲਈ ਜ਼ਿੰਮੇਵਾਰ ਮੰਨਿਆ। ਨਾਲ ਹੀ ਕੋਰਟ ਨੇ ਇਹ ਵੀ ਕਿਹਾ ਕਿ ਸਾਮਾਨ ਨੂੰ ਗਾਹਕ ਤੱਕ ਪਹੁੰਚਾਉਣ ਲਾਇਕ ਬਣਾਉਣ ’ਚ ਹੋਣ ਵਾਲਾ ਪੈਕੇਜਿੰਗ ਖਰਚਾ ਦੁਕਾਨਦਾਰ ਦੀ ਜ਼ਿੰਮੇਵਾਰੀ ਹੋਣਾ ਚਾਹੀਦਾ ਹੈ।
ਕੋਰਟ ਨੇ ਰੈੱਡ ਟੇਪ ਨੂੰ 30 ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ। ਇਸ ਪੈਸੇ ਦਾ 31 ਅਗਸਤ 2025 ਤੋਂ ਭੁਗਤਾਨ ਹੋਣ ਤੱਕ 9 ਫੀਸਦੀ ਸਾਲਾਨਾ ਦੇ ਹਿਸਾਬ ਨਾਲ ਵਿਆਜ ਵੀ ਦੇਣਾ ਪਵੇਗਾ। ਇਸ ਤੋਂ ਇਲਾਵਾ ਗਾਹਕ ਨੂੰ ਮਾਨਸਿਕ ਪ੍ਰੇਸ਼ਾਨੀ ਲਈ 15,000 ਰੁਪਏ ਅਤੇ ਕੇਸ ਦੇ ਖਰਚੇ ਲਈ 11,000 ਰੁਪਏ ਦੇਣੇ ਪੈਣਗੇ। ਇਸ ਤਰ੍ਹਾਂ ਕੁੱਲ 26,000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਕੰਪਨੀ ਨੂੰ ਹੁਕਮ ਦੀ ਪਾਲਣਾ 45 ਦਿਨਾਂ ਦੇ ਅੰਦਰ ਕਰਨੀ ਹੈ।
ਸੋਮਵਾਰ ਨੂੰ ਬੰਦ ਰਹਿਣਗੇ ਸਾਰੇ ਸਕੂਲ, CM ਸੁੱਖੂ ਨੇ ਕਰ 'ਤਾ ਛੁੱਟੀ ਦਾ ਐਲਾਨ
NEXT STORY