ਗੁਹਾਟੀ— ਲੋਕ ਸਭਾ 'ਚ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਹੀ ਪੂਰਬ-ਉੱਤਰ ਦੇ ਕਈ ਹਿੱਸਿਆਂ 'ਚ ਤਣਾਅ ਦੀ ਸਥਿਤੀ ਵਧ ਗਈ ਹੈ। ਵਿਰੋਧ 'ਚ ਵਿਦਿਆਰਥੀ ਸੰਗਠਨ ਅਤੇ ਆਲ ਆਸਾਮ ਸਟੂਡੈਂਟ ਯੂਨੀਅਨ ਵਲੋਂ ਸੰਯੁਕਤ ਰੂਪ ਨਾਲ 12 ਘੰਟੇ ਦਾ ਬੰਦ ਮੰਗਲਵਾਰ ਭਾਵ ਅੱਜ 5 ਵਜੇ ਸ਼ੁਰੂ ਹੋ ਗਿਆ ਹੈ। ਬੰਦ ਦੇ ਐਲਾਨ ਨਾਲ ਹੀ ਸੜਕਾਂ 'ਤੇ ਸੰਨਾਟਾ ਪਸਰਿਆ ਹੋਇਆ ਹੈ। ਪੂਰਬ-ਉੱਤਰ ਵਿਦਿਆਰਥੀ ਸੰਗਠਨ (ਐੱਨ. ਈ. ਐੱਸ. ਓ.) ਨੇ ਇਸ ਬਿੱਲ ਦੇ ਵਿਰੁੱਧ ਸ਼ਾਮ 4 ਵਜੇ ਤਕ ਬੰਦ ਦੀ ਅਪੀਲ ਕੀਤੀ ਹੀ।

ਕਈ ਹੋਰ ਸੰਗਠਨਾਂ ਅਤੇ ਸਿਆਸੀ ਦਲਾਂ ਨੇ ਵੀ ਇਸ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਬੰਦ ਦੇ ਮੱਦੇਨਜ਼ਰ ਆਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਨਾਗਾਲੈਂਡ ਵਿਚ ਚਲ ਰਹੇ ਹਾਰਨਬਿਲ ਮਹਾਉਤਸਵ ਦੀ ਵਜ੍ਹਾ ਕਰ ਕੇ ਸੂਬੇ ਨੂੰ ਬੰਦ ਦੇ ਦਾਇਰੇ 'ਚੋਂ ਬਾਹਰ ਰੱਖਿਆ ਗਿਆ ਹੈ। ਪੂਰਬ-ਉੱਤਰ ਸੂਬਿਆਂ ਦੇ ਮੂਲ ਵਾਸੀਆਂ ਨੂੰ ਡਰ ਹੈ ਕਿ ਇਨ੍ਹਾਂ ਲੋਕਾਂ ਦੀ ਐਂਟਰੀ ਨਾਲ ਉਨ੍ਹਾਂ ਦੀ ਪਛਾਣ ਅਤੇ ਰੋਜ਼ੀ-ਰੋਟੀ ਖਤਰੇ ਵਿਚ ਪੈ ਸਕਦੀ ਹੈ।

ਨਾਗਰਿਕਤਾ ਸੋਧ ਬਿੱਲ 'ਚ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਤੌਰ 'ਤੇ ਪਰੇਸ਼ਾਨ ਹੋਣ ਕਾਰਨ ਭਾਰਤ ਆਏ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਅਤੇ ਈਸਾਈ ਭਾਈਚਾਰਿਆਂ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਲਈ ਬੇਨਤੀ ਕਰਨ ਯੋਗ ਬਣਾਉਣ ਦੀ ਵਿਵਸਥਾ ਹੈ। ਲੋਕ ਸਭਾ ਵਿਚ ਬਿੱਲ 'ਤੇ ਚਰਚਾ ਮਗਰੋਂ ਸੋਮਵਾਰ ਨੂੰ 311 ਬਿੱਲ ਦੇ ਪੱਖ 'ਚ ਅਤੇ 80 ਵਿਰੋਧ 'ਚ ਵੋਟ ਪਏ, ਜਿਸ ਤੋਂ ਬਾਅਦ ਹੇਠਲੇ ਸਦਨ ਦੀ ਮਨਜ਼ੂਰੀ ਮਿਲ ਗਈ। ਇਸ ਬਿੱਲ ਵਿਰੁੱਧ ਖੇਤਰ ਦੇ ਵੱਖ-ਵੱਖ ਸੰਗਠਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

ਗੁਹਾਟੀ ਯੂਨੀਵਰਸਿਟੀ ਅਤੇ ਡਿਬਰੂਗੜ ਯੂਨੀਵਰਸਿਟੀ ਨੇ ਕੱਲ ਹੋਣ ਵਾਲੀਆਂ ਆਪਣੀਆਂ ਸਾਰੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਹਨ। ਇਹ ਬਿੱਲ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਮਿਜ਼ੋਰਮ 'ਚ ਲਾਗੂ ਨਹੀਂ ਹੋਵੇਗਾ, ਜਿੱਥੇ ਆਈ. ਐੱਲ. ਪੀ. ਵਿਵਸਥਾ ਹੈ, ਇਸ ਨਾਲ ਹੀ ਸੰਵਿਧਾਨ ਦੀ 6ਵੀਂ ਅਨੁਸੂਚੀ ਤਹਿਤ ਸ਼ਾਸਿਤ ਹੋਣ ਵਾਲੇ ਆਸਾਮ, ਮੇਘਾਲਿਆ ਅਤੇ ਤ੍ਰਿਪੁਰਾ ਦੇ ਕਬਾਇਲੀ ਖੇਤਰ ਵੀ ਇਸ ਦੇ ਦਾਇਰੇ ਤੋਂ ਬਾਹਰ ਹੋਣਗੇ।
ਰਾਹੁਲ ਗਾਂਧੀ ਨੇ ਇਕ ਵਾਰ ਫਿਰ ਹਿੰਦੁਸਤਾਨ ਨੂੰ ਕਿਹਾ-ਜਬਰ-ਜ਼ਨਾਹਾਂ ਦੀ ਰਾਜਧਾਨੀ
NEXT STORY