ਅੰਬਾਲਾ (ਸੁਮਨ ਭਟਨਾਗਰ)- ਨਾਇਬ ਸੈਣੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਾਰਟੀ ਵਰਕਰਾਂ 'ਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਮਾਹੌਲ ਹੈ। ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਨੂੰ ਭੁਲਾ ਕੇ ਪਾਰਟੀ ਦੇ ਜ਼ਿਆਦਾਤਰ ਵਰਕਰ ਫਿਰ ਤੋਂ ਖੜ੍ਹੇ ਹੋਣ ਲੱਗੇ ਹਨ ਜਦਕਿ ਕੁਝ ਅਜੇ ਵੀ ਅਲੱਗ-ਥਲੱਗ ਬੈਠੇ ਹਨ। ਭਾਜਪਾ ਦਾ ਮੰਨਣਾ ਹੈ ਕਿ ਕੇਡਰ ਬੇਸ ਪਾਰਟੀ ਹੋਣ ਕਾਰਨ ਕੁਝ ਵਰਕਰ ਨਾਰਾਜ਼ ਹੋ ਸਕਦੇ ਹਨ ਪਰ ਆਪਣਾ ਰਸਤਾ ਨਹੀਂ ਬਦਲ ਸਕਦੇ। ਉਂਝ ਵੀ ਵਰਕਰਾਂ ਦੀ ਏਕਤਾ ਚੋਣਾਂ ਵਿਚ ਸੰਜੀਵਨੀ ਸਾਬਤ ਹੁੰਦੀ ਹੈ।
ਮੁੱਖ ਮੰਤਰੀ ਨੇ ਹਾਲ ਹੀ ਵਿਚ ਅਗਨੀਵੀਰਾਂ ਨੂੰ ਜੋ ਤੋਹਫ਼ਾ ਦਿੱਤਾ ਹੈ, ਉਸ ਤੋਂ ਫ਼ੌਜ ਹੀ ਨਹੀਂ ਸਗੋਂ ਨੌਜਵਾਨਾਂ ਦਾ ਵੀ ਮਨੋਬਲ ਵਧਾਏਗਾ। ਉਨ੍ਹਾਂ ਨੇ ਸਰਪੰਚਾਂ ਦਾ ਮਾਣ ਭੱਤਾ ਦੁੱਗਣਾ ਕਰਨ, ਕੱਚੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ, ਗਰੀਬਾਂ ਨੂੰ ਮੁਫਤ ਪਲਾਟ ਦੇਣ, ਗਰੀਬਾਂ ਨੂੰ ਮੁਫਤ ਬੱਸ ਸਫਰ ਕਰਨ ਲਈ ਹੈਪੀ ਕਾਰਡ ਦੇਣ ਅਤੇ ਹਜ਼ਾਰਾਂ ਪੱਕੀਆਂ ਨੌਕਰੀਆਂ ਦੇਣ ਦੀ ਜੋ ਸ਼ੁਰੂਆਤ ਕੀਤੀ ਹੈ, ਉਸ ਨਾਲ ਆਮ ਆਦਮੀ ਭਾਜਪਾ ਨਾਲ ਜੁੜਿਆ ਹੈ।
ਅਜੇ ਤਾਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣਾ ਚੁਣਾਵੀ ਪਿਟਾਰਾ ਖੋਲ੍ਹਣਾ ਹੈ। ਜਿਸ 'ਚੋਂ ਮਹਾਰਾਸ਼ਟਰ ਦੀ ਤਰਜ਼ 'ਤੇ ਲਾਡਲਾ ਭਾਈ ਯੋਜਨਾ ਅਤੇ ਮੱਧ ਪ੍ਰਦੇਸ਼ ਦੀ ਲਾਡਲੀ ਬਹਿਨਾ ਯੋਜਨਾ ਵਰਗੇ ਕੁਝ ਵੱਡੇ ਐਲਾਨ ਵੀ ਨਿਕਲ ਸਕਦੇ ਹਨ। ਦਰਅਸਲ ਮਹਾਰਾਸ਼ਟਰ ਸਰਕਾਰ ਨੇ ਇਸ ਸਾਲ ਉਥੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਾਡਲਾ ਭਾਈ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਹਰ 12ਵੀਂ ਪਾਸ ਨੌਜਵਾਨ ਨੂੰ 6,000 ਰੁਪਏ, ਡਿਪਲੋਮਾ ਹੋਲਡਰ ਨੂੰ 8,000 ਰੁਪਏ ਅਤੇ ਗ੍ਰੈਜੂਏਟ ਨੂੰ 10,000 ਰੁਪਏ ਦਿੱਤੇ ਜਾਣਗੇ। ਇੱਥੇ ਵੀ ਅਗਲੇ ਤਿੰਨ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਨਾਇਬ ਸੈਣੀ ਵੀ ਕੁਝ ਵੱਡੇ ਐਲਾਨ ਕਰ ਸਕਦੇ ਹਨ। ਹਰਿਆਣਾ ਵਿਚ ਬੇਰੁਜ਼ਗਾਰਾਂ ਦੀ ਵੱਡੀ ਫੌਜ ਹੈ। ਉਨ੍ਹਾਂ ਨੂੰ ਲਾਡਲਾ ਭਾਈ ਵਰਗੀ ਯੋਜਨਾ ਨਾਲ ਠੀਕ ਕੀਤਾ ਜਾ ਸਕਦਾ ਹੈ। ਉਂਝ ਸਿਆਸਤ 'ਚ ਇਹ ਰਿਵਾਜ਼ ਬਣ ਗਿਆ ਹੈ ਕਿ ਕੁਝ ਦਿਓਗੇ ਤਾਂ ਹੀ ਮਿਲੇਗਾ।
ਮੰਨਿਆ ਜਾ ਰਿਹਾ ਹੈ ਕਿ ਜੇਕਰ ਸੈਣੀ ਲੋਕ ਹਿੱਤ ਵਿਚ ਵੱਡੇ ਫੈਸਲੇ ਲੈਂਦੇ ਰਹੇ ਤਾਂ ਆਉਣ ਵਾਲੇ ਸਮੇਂ 'ਚ ਸੂਬੇ 'ਚ ਕਮਲ ਦਾ ਗ੍ਰਾਫ ਵੱਧ ਸਕਦਾ ਹੈ। ਆਮ ਵਰਕਰਾਂ ਨੂੰ ਹੁਣ ਉਨ੍ਹਾਂ ਦੇ ਦਰਵਾਜ਼ੇ 'ਤੇ ਦਸਤਕ ਦੇਣ ਵਿਚ ਕੋਈ ਪਰੇਸ਼ਾਨੀ ਨਹੀਂ ਆਉਂਦੀ। ਉਹ ਵਰਕਰਾਂ ਵਿਚ ਇਹ ਭਰੋਸਾ ਪੈਦਾ ਕਰਨ ਵਿਚ ਕਾਮਯਾਬ ਹੋ ਰਹੇ ਹਨ ਕਿ ਉਨ੍ਹਾਂ ਲਈ ਵਰਕਰ ਹੀ ਸਰਵਉੱਚ ਹਨ। ਕਰੀਬ ਸਾਢੇ 9 ਸਾਲ ਤੱਕ ਮੁੱਖ ਮੰਤਰੀ ਰਹੇ ਹੁਣ ਕੇਂਦਰੀ ਮੰਤਰੀ ਮਨੋਹਰ ਲਾਲ ਅਤੇ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਪਾਰਟੀ ਦੇ ਸੰਗਠਨ ਨੂੰ ਬੂਥ ਪੱਧਰ ਤੱਕ ਇਸ ਕਦਰ ਮਜ਼ਬੂਤ ਕਰ ਦਿੱਤਾ ਸੀ ਕਿ ਵਿਰੋਧੀ ਧਿਰ ਵੀ ਉਸ ਦਾ ਲੋਹਾ ਮੰਨਣ ਲੱਗਾ।
ਕਿਸੇ ਦੀ ਨਕੇਲ ਕੱਸੀ ਤਾਂ ਕਿਸੇ ਨੂੰ ਦਿੱਤਾ ਫਰੀ ਹੈਂਡ
2019 ਦੀਆਂ ਲੋਕ ਸਭਾ ਚੋਣਾਂ 'ਚ ਸੂਬੇ ਦੀਆਂ ਸਾਰੀਆਂ 10 ਸੀਟਾਂ 'ਤੇ ਕਮਲ ਖਿੜਿਆ ਅਤੇ ਸੂਬਾ ਸਰਕਾਰ ਦੇ 5 ਸਾਲਾਂ ਦੇ ਸੱਤਾ ਵਿਰੋਧੀ ਕਾਰਜਕਾਲ ਦੇ ਬਾਵਜੂਦ ਸੂਬੇ 'ਚ ਭਾਜਪਾ ਦੀ ਸਰਕਾਰ ਬਣੀ। 2024 ਦੀਆਂ ਲੋਕ ਸਭਾ ਚੋਣਾਂ ਵਿਚ ਕਿਸਾਨਾਂ ਦੀ ਨਾਰਾਜ਼ਗੀ, ਕਾਂਗਰਸ ਵੱਲੋਂ ਰਾਖਵੇਂਕਰਨ ਨੂੰ ਖਤਮ ਕਰਨ ਦੀ ਮੁਹਿੰਮ ਅਤੇ ਪੰਨਾ ਪ੍ਰਧਾਨਾਂ ਦੀ ਅਯੋਗਤਾ ਭਾਜਪਾ ਦੇ ਖਿਲਾਫ ਇਕ ਵੱਡਾ ਕਾਰਨ ਸੀ। ਜਿਸ ਕਾਰਨ ਉਸ ਨੂੰ ਆਪਣੀਆਂ 5 ਸੀਟਾਂ ਗੁਆਉਣੀਆਂ ਪਈਆਂ। ਇਨ੍ਹਾਂ ਨਤੀਜਿਆਂ ਤੋਂ ਭਾਜਪਾ ਬੇਸ਼ੱਕ ਨਿਰਾਸ਼ ਸੀ ਪਰ ਇਸ ਬਹਾਨੇ ਵਰਕਰਾਂ ਦੀ ਤਾਕਤ ਦਾ ਅਹਿਸਾਸ ਵੀ ਹੋਇਆ। ਮੁੱਖ ਮੰਤਰੀ ਬਣਨ ਤੋਂ ਬਾਅਦ ਨਾਇਬ ਸੈਣੀ ਦਾ ਸਭ ਤੋਂ ਵੱਡਾ ਕੰਮ ਜਨਤਕ ਨੁਮਾਇੰਦਿਆਂ ਦਾ ਸਨਮਾਨ ਬਹਾਲ ਕਰਨ ਲਈ ਅਫਸਰਸ਼ਾਹੀ 'ਤੇ ਸ਼ਿਕੰਜਾ ਕੱਸਣਾ ਸੀ ਅਤੇ ਉਨ੍ਹਾਂ ਨੇ ਕੁਝ ਉੱਚ ਅਧਿਕਾਰੀਆਂ 'ਤੇ ਵੀ ਪੂਰਾ ਭਰੋਸਾ ਕੀਤਾ ਅਤੇ ਉਨ੍ਹਾਂ ਨੂੰ ਫਰੀ ਹੈਂਡ ਦਿੱਤਾ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਸਰਕਾਰ ਨੂੰ ਹਰ ਵੱਡੀ ਮੁਸ਼ਕਲ ਤੋਂ ਬਚਾਇਆ ਹੈ।
ਸੂਬੇ 'ਚ ਭਾਜਪਾ ਦਾ ਗ੍ਰਾਫ ਵਧਿਆ
ਪਿਛਲੇ ਸਾਢੇ 9 ਸਾਲਾਂ 'ਚ ਪਹਿਲਾਂ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਨਾਇਬ ਸੈਣੀ ਨੇ ਮੋਦੀ ਜੀ ਦੇ 'ਸਬਕਾ ਸਾਥ ਸਬਕਾ ਵਿਕਾਸ' ਮੰਤਰ ਨੂੰ ਜ਼ਮੀਨ 'ਤੇ ਉਤਾਰ ਕੇ ਵਿਖਾਇਆ। ਸਰਕਾਰ ਨੇ ਹਰ ਵਰਗ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਰ ਜ਼ਿਲ੍ਹੇ ਵਿਚ ਬਹੁਤ ਸਾਰੇ ਵਿਕਾਸ ਕਾਰਜ ਹੋਏ ਹਨ। ਲੋਕ ਸਭਾ ਚੋਣਾਂ ਵਿਚ ਕਾਂਗਰਸ ਵੱਲੋਂ ਰਾਖਵੇਂਕਰਨ ਨੂੰ ਲੈ ਕੇ ਕੀਤੇ ਗਏ ਮਾੜੇ ਪ੍ਰਚਾਰ ਕਾਰਨ ਪਾਰਟੀ ਨੂੰ ਕੁਝ ਨੁਕਸਾਨ ਜ਼ਰੂਰ ਹੋਇਆ ਹੈ, ਪਰ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੋ ਤਿਹਾਈ ਬਹੁਮਤ ਹਾਸਲ ਕਰਕੇ ਤੀਜੀ ਵਾਰ ਸੱਤਾ 'ਚ ਵਾਪਸੀ ਕਰੇਗੀ ਅਤੇ ਨਾਇਬ ਸੈਣੀ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਦਾ ਤਾਜ ਪਹਿਨਾਇਆ ਜਾਵੇਗਾ।
ਇਸ ਤਾਰੀਖ਼ ਤੋਂ ਹੋਵੇਗਾ ਕੈਲਾਸ਼ ਯਾਤਰਾ ਦਾ ਆਗਾਜ਼, ਇਸ ਵਾਰ ਦੋ ਰਾਹਾਂ ਤੋਂ ਜਾ ਸਕਣਗੇ ਸ਼ਰਧਾਲੂ
NEXT STORY