ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ ਜੰਮੂ-ਕਸ਼ਮੀਰ ’ਚ ਸੀਟਾਂ ਦੀ ਵੰਡ ਫਾਈਨਲ ਕਰ ਲਈ ਹੈ। ਦੋਹਾਂ ਪਾਰਟੀਆਂ ਨੇ ਸੋਮਵਾਰ ਐਲਾਨ ਕੀਤਾ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਉਨ੍ਹਾਂ ਵਲੋਂ ਜੰਮੂ-ਕਸ਼ਮੀਰ ਤੇ ਲੱਦਾਖ ਦੀਆਂ ਕੁੱਲ 6 ਸੀਟਾਂ ’ਚੋਂ ਤਿੰਨ-ਤਿੰਨ ਸੀਟਾਂ ਉੱਤੇ ਚੋਣ ਲੜੀ ਜਾਏਗੀ।
ਕਾਂਗਰਸ ਦੇ ਸੀਨੀਅਰ ਨੇਤਾ ਤੇ ਪਾਰਟੀ ਦੀ ਰਾਸ਼ਟਰੀ ਗਠਜੋੜ ਕਮੇਟੀ ਦੇ ਮੈਂਬਰ ਸਲਮਾਨ ਖੁਰਸ਼ੀਦ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਸੀਟਾਂ ਦੀ ਵੰਡ ਦਾ ਐਲਾਨ ਕੀਤਾ। ਕਾਂਗਰਸ ਊਧਮਪੁਰ, ਜੰਮੂ ਅਤੇ ਲੱਦਾਖ ਅਤੇ ਨੈਸ਼ਨਲ ਕਾਨਫਰੰਸ ਅਨੰਤਨਾਗ-ਰਾਜੌਰੀ, ਸ਼੍ਰੀਨਗਰ ਤੇ ਬਾਰਾਮੂਲਾ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ।
ਦੋਵਾਂ ਪਾਰਟੀਆਂ ਨੇ ਸੀਟਾਂ ਦੀ ਵੰਡ ਦਾ ਐਲਾਨ ਉਦੋਂ ਕੀਤਾ ਹੈ ਜਦੋਂ ਇੱਕ ਦਿਨ ਪਹਿਲਾਂ ਐਤਵਾਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇ ਜੰਮੂ-ਕਸ਼ਮੀਰ ਦੇ ਤਿੰਨ ਲੋਕ ਸਭਾ ਹਲਕਿਆਂ ਲਈ ਆਪਣੇ ਤਿੰਨ ਉਮੀਦਵਾਰ ਐਲਾਨੇ ਸਨ। ਇਹ ਤਿੰਨੇ ਪਾਰਟੀਆਂ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' ਦਾ ਹਿੱਸਾ ਹਨ। ਖੁਰਸ਼ੀਦ ਨੇ ਕਿਹਾ ਕਿ ਪੀ. ਡੀ. ਪੀ. ਨਾਲ ਸੀਟਾਂ ਦੀ ਵੰਡ ਦੀ ਕੋਸ਼ਿਸ਼ ਸਫਲ ਨਹੀਂ ਹੋਈ ਪਰ ਉਹ ‘ਇੰਡੀਆ’ ਗਠਜੋੜ ਦਾ ਹਿੱਸਾ ਬਣੀ ਰਹੇਗੀ।
ਬੈਂਗਲੁਰੂ ’ਚ 30.92 ਕਰੋੜ ਦੇ ਨਕਲੀ ਨੋਟ ਜ਼ਬਤ, 5 ਗ੍ਰਿਫਤਾਰ
NEXT STORY