ਰਾਏਪੁਰ : ਛੱਤੀਸਗੜ੍ਹ ਦੇ ਪੱਤਰਕਾਰ ਮੁਕੇਸ਼ ਚੰਦਰਾਕਰ ਦੀ ਹੱਤਿਆ ਦੇ ਮੁੱਖ ਦੋਸ਼ੀ ਦੀ ਪਛਾਣ ਉਸ ਦੇ ਚਚੇਰੇ ਭਰਾ ਵਜੋਂ ਹੋਈ ਹੈ। ਰਿਤੇਸ਼ ਚੰਦਰਾਕਰ ਉਨ੍ਹਾਂ ਤਿੰਨ ਲੋਕਾਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ 28 ਸਾਲਾ ਪੱਤਰਕਾਰ ਮੁਕੇਸ਼ ਚੰਦਰਾਕਰ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮੁਕੇਸ਼ ਨੇ ਹਾਲ ਹੀ ਵਿਚ ਬਸਤਰ ਖੇਤਰ ਦੇ ਗੰਗਲੂਰ ਤੋਂ ਹਿਰੋਲੀ ਤੱਕ 120 ਕਰੋੜ ਰੁਪਏ ਦੇ ਸੜਕ ਨਿਰਮਾਣ ਪ੍ਰਾਜੈਕਟ ਵਿਚ ਕਥਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ। ਮੁਕੇਸ਼ ਚੰਦਰਾਕਰ ਆਪਣੀਆਂ ਜਾਂਚ ਰਿਪੋਰਟਾਂ ਲਈ ਜਾਣੇ ਜਾਂਦੇ ਸਨ। ਇਸ ਪ੍ਰਾਜੈਕਟ ਦਾ ਸ਼ੁਰੂਆਤੀ ਟੈਂਡਰ 50 ਕਰੋੜ ਰੁਪਏ ਸੀ, ਪਰ ਬਾਅਦ ਵਿਚ ਇਸ ਨੂੰ ਵਧਾ ਕੇ 120 ਕਰੋੜ ਰੁਪਏ ਕਰ ਦਿੱਤਾ ਗਿਆ। ਪ੍ਰਾਜੈਕਟ ਦਾ ਕੰਮ ਠੇਕੇਦਾਰ ਸੁਰੇਸ਼ ਚੰਦਰਾਕਰ ਕੋਲ ਸੀ। ਮੁਕੇਸ਼ ਦੇ ਖੁਲਾਸੇ ਤੋਂ ਬਾਅਦ ਸੂਬਾ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ, ਜਿਸ ਨਾਲ ਇਲਾਕੇ ਦੀ ਠੇਕੇਦਾਰ ਲਾਬੀ 'ਚ ਹਲਚਲ ਮਚ ਗਈ।
ਇਹ ਵੀ ਪੜ੍ਹੋ : ਭਗੌੜਾ ਐਲਾਨੇ ਜਾਣ ਤੋਂ ਬਾਅਦ ਵੀ ਪੇਸ਼ ਨਾ ਹੋਣਾ ‘ਵੱਖਰਾ ਅਪਰਾਧ’ : ਸੁਪਰੀਮ ਕੋਰਟ
1 ਜਨਵਰੀ ਦੀ ਰਾਤ ਨੂੰ ਮੁਕੇਸ਼ ਨਾਲ ਸੀ ਮੀਟਿੰਗ
ਸੁਰੇਸ਼ ਚੰਦਰਾਕਰ ਦੇ ਭਰਾ ਰਿਤੇਸ਼ ਨੇ ਕਥਿਤ ਤੌਰ 'ਤੇ ਮੁਕੇਸ਼ ਨਾਲ 1 ਜਨਵਰੀ ਦੀ ਰਾਤ ਨੂੰ ਠੇਕੇਦਾਰ ਦੀ ਮੀਟਿੰਗ ਤੈਅ ਕੀਤੀ ਸੀ। ਮੁਲਾਕਾਤ ਤੋਂ ਬਾਅਦ ਮੁਕੇਸ਼ ਦਾ ਫੋਨ ਬੰਦ ਹੋ ਗਿਆ ਅਤੇ ਉਸ ਦੇ ਵੱਡੇ ਭਰਾ ਯੁਕੇਸ਼ ਚੰਦਰਾਕਰ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਪੱਤਰਕਾਰ ਦੀ ਲਾਸ਼ ਦੋ ਦਿਨ ਬਾਅਦ ਚਟਨਪਾੜਾ ਵਿਚ ਸੁਰੇਸ਼ ਦੀ ਮਲਕੀਅਤ ਵਾਲੀ ਜਾਇਦਾਦ ਵਿਚ ਸਥਿਤ ਇਕ ਸੈਪਟਿਕ ਟੈਂਕ ਵਿਚੋਂ ਮਿਲੀ, ਜਿੱਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਪੁਲਸ ਨੇ ਰਿਤੇਸ਼ ਅਤੇ ਪਰਿਵਾਰ ਦੇ ਇਕ ਹੋਰ ਮੈਂਬਰ ਦਿਨੇਸ਼ ਚੰਦਰਾਕਰ ਸਮੇਤ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਭ੍ਰਿਸ਼ਟਾਚਾਰ ਦੇ ਕੇਂਦਰ ਦਾ ਠੇਕੇਦਾਰ ਸੁਰੇਸ਼ ਅਜੇ ਤੱਕ ਫਰਾਰ ਹੈ।
ਪੁਲਸ ਸੂਤਰਾਂ ਅਨੁਸਾਰ ਮੁਕੇਸ਼ ਅਤੇ ਰਿਤੇਸ਼ ਵਿਚਕਾਰ ਚੰਗੀ ਦੋਸਤੀ ਹੈ। ਉਹ ਅਕਸਰ ਉਸ ਜਾਇਦਾਦ 'ਤੇ ਮਿਲਦੇ ਸਨ ਜਿੱਥੇ ਪੱਤਰਕਾਰ ਦੀ ਲਾਸ਼ ਮਿਲੀ ਸੀ। ਉਨ੍ਹਾਂ ਦੀ ਚੰਗੀ ਦੋਸਤੀ ਦੇ ਬਾਵਜੂਦ ਮੁਕੇਸ਼ ਦੇ ਸੜਕ ਪ੍ਰੋਜੈਕਟ ਵਿਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਦੇ ਕੰਮ ਨੇ ਸਬੰਧਾਂ ਵਿਚ ਖਟਾਸ ਪੈਦਾ ਕੀਤੀ। ਹਾਲਾਂਕਿ ਮੁਕੇਸ਼ ਦੇ ਪਰਿਵਾਰ ਨੂੰ ਕੋਈ ਸਿੱਧੀ ਧਮਕੀ ਨਹੀਂ ਦਿੱਤੀ ਗਈ।
ਆਪਣਾ ਖ਼ੁਦ ਦਾ ਚੈਨਲ ਬਣਾਇਆ ਸੀ
ਮੁਕੇਸ਼ ਨੇ ਆਪਣਾ ਪੱਤਰਕਾਰੀ ਕਰੀਅਰ 2012 ਵਿਚ ਸ਼ੁਰੂ ਕੀਤਾ ਅਤੇ ਬਾਅਦ ਵਿਚ ਆਪਣਾ ਯੂਟਿਊਬ ਚੈਨਲ ਬਸਤਰ ਜੰਕਸ਼ਨ ਬਣਾਇਆ, ਜਿਸ ਦੇ 1.59 ਲੱਖ ਤੋਂ ਵੱਧ ਗਾਹਕ ਹਨ। ਬੀਜਾਪੁਰ ਦੇ ਬਾਸਾਗੁਡਾ ਪਿੰਡ ਦਾ ਰਹਿਣ ਵਾਲਾ ਮੁਕੇਸ਼ ਸਥਾਨਕ ਮੁੱਦਿਆਂ 'ਤੇ ਨਿਡਰ ਰਿਪੋਰਟਿੰਗ ਲਈ ਜਾਣਿਆ ਜਾਂਦਾ ਸੀ। ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਪੁਲਸ ਸੁਰੇਸ਼ ਚੰਦਰਾਕਰ ਦੀ ਭਾਲ ਕਰ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਕਈ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ
ਦੋਸ਼ੀ ਠੇਕੇਦਾਰ ਦੇ ਟਿਕਾਣਿਆਂ 'ਤੇ ਬੁਲਡੋਜ਼ਰ ਐਕਸ਼ਨ
ਮੁਕੇਸ਼ ਚੰਦਰਕਰ ਦੇ ਕਤਲ ਕੇਸ ਵਿਚ ਪ੍ਰਸ਼ਾਸਨ ਨੇ ਮੁਲਜ਼ਮ ਸੁਰੇਸ਼ ਚੰਦਰਾਕਰ ਦੇ ਟਿਕਾਣਿਆਂ ’ਤੇ ਜੇਸੀਬੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਜੇਸੀਬੀ ਨਾਲ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਕੇਸ਼ ਚੰਦਰਾਕਰ ਦੇ ਕਤਲ ਮਾਮਲੇ 'ਚ ਐੱਸ. ਆਈ. ਟੀ. ਸੁਰੇਸ਼ ਚੰਦਰਾਕਰ ਦੇ ਤਿੰਨ ਬੈਂਕ ਖਾਤਿਆਂ ਨੂੰ ਜਾਂਚ ਲਈ ਰੋਕ ਦਿੱਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਲਈ ਪ੍ਰਿਅੰਕਾ ਗਾਂਧੀ ਨੇ ਕੀਤੀ ਮੁਆਵਜ਼ੇ ਦੀ ਮੰਗ
ਵਾਇਨਾਡ ਦੀ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਪੱਤਰਕਾਰ ਦੇ ਕਤਲ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਛੱਤੀਸਗੜ੍ਹ ਦੇ ਬਸਤਰ ਤੋਂ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਦੀ ਖਬਰ ਹੈਰਾਨ ਕਰਨ ਵਾਲੀ ਹੈ। ਰਿਪੋਰਟਾਂ ਮੁਤਾਬਕ ਮੁਕੇਸ਼ ਨੇ ਆਪਣੀ ਰਿਪੋਰਟ 'ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਹ ਸੂਬਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਮਾਮਲੇ ਵਿਚ ਸਖ਼ਤ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਨੌਕਰੀ ਦੇਣ ਬਾਰੇ ਵਿਚਾਰ ਕੀਤਾ ਜਾਵੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤੀਬਾੜੀ ਮੰਤਰੀ ਨੇ ਬਜਟ ਤੋਂ ਪਹਿਲਾਂ ਸੂਬਿਆਂ ਨਾਲ ਯੋਜਨਾਵਾਂ ਦੀ ਸਮੀਖਿਆ ਕੀਤੀ
NEXT STORY