ਨਵੀਂ ਦਿੱਲੀ (ਵਾਰਤਾ)— ਦੇਸ਼ ਭਰ 'ਚ ਕੋਰੋਨਾ ਵਾਇਰਸ 'ਕੋਵਿਡ-19' ਮਹਾਂਮਾਰੀ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 2,553 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 72 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,373 ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲੇ ਕੋਰੋਨਾ ਦੇ ਹੁਣ ਤੱਕ ਕੁੱਲ 42,533 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚ 111 ਵਿਦੇਸ਼ੀ ਮਰੀਜ਼ ਹਨ। ਕੋਰੋਨਾ ਨਾਲ ਪੀੜਤ ਸਿਹਤਮੰਦ ਹੋਣ ਵਾਲਿਆਂ ਦੀ ਰਫਤਾਰ ਵਿਚ ਵੀ ਤੇਜ਼ੀ ਆਈ ਹੈ ਅਤੇ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ ਪੀੜਤ 1,074 ਲੋਕ ਠੀਕ ਹੋਏ ਅਤੇ ਸਿਹਤਮੰਦ ਹੋਣ ਵਾਲੇ ਲੋਕਾਂ ਦਾ ਅੰਕੜਾ 11,707 'ਤੇ ਪਹੁੰਚ ਗਿਆ ਹੈ। ਇਹ ਜਾਣਕਾਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਭਾਵ ਅੱਜ ਜਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਫੈਲ ਚੁੱਕਾ ਹੈ।
ਮਹਾਰਾਸ਼ਟਰ— ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ ਮਹਾਰਾਸ਼ਟਰ 'ਚ ਹੈ, ਜਿੱਥੇ ਹਾਲਾਤ ਚਿੰਤਾਜਨਕ ਹੁੰਦੇ ਜਾ ਰਹੇ ਹਨ ਅਤੇ ਪਿਛਲੇ ਇਕ ਦਿਨ ਵਿਚ 678 ਨਵੇਂ ਮਾਮਲਿਆਂ ਤੋਂ ਬਾਅਦ ਸੂਬੇ 'ਚ ਪੀੜਤਾਂ ਦੀ ਗਿਣਤੀ 12,974 'ਤੇ ਪਹੁੰਚ ਗਈ ਹੈ ਅਤੇ ਇਸ ਦੌਰਾਨ 21 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 548 ਹੋ ਗਈ ਹੈ।
ਗੁਜਰਾਤ— ਗੁਜਰਾਤ ਵਿਚ ਪਿਛਲੇ 24 ਘੰਟਿਆਂ ਦੌਰਾਨ 374 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਦੇ ਮਾਮਲਿਆਂ ਵਿਚ ਦੂਜੇ ਨੰਬਰ 'ਤੇ ਹੈ। ਗੁਜਰਾਤ ਵਿਚ ਪੀੜਤਾਂ ਦੀ ਕੁੱਲ ਗਿਣਤੀ 5,428 ਹੋ ਗਈ ਹੈ ਅਤੇ 28 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 290 'ਤੇ ਪਹੁੰਚ ਗਈ ਹੈ।
ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਅਤੇ ਪਿਛਲੇ 24 ਘੰਟਿਆਂ ਵਿਚ 427 ਨਵੇਂ ਮਾਮਲੇ ਦਰਜ ਕੀਤੇ ਜਾਣ ਕਾਰਨ ਹੁਣ ਤੱਕ ਕੁੱਲ 4,549 ਲੋਕ ਇਸ ਮਹਾਂਮਾਰੀ ਨਾਲ ਪੀੜਤ ਹੋਏ ਹਨ। ਦਿੱਲੀ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 64 ਹੋ ਗਈ ਹੈ, ਜਦਕਿ ਕੁੱਲ 1,362 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ।
ਰਾਜਸਥਾਨ— ਰਾਜਸਥਾਨ 'ਚ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 2,886 ਹੋ ਗਈ ਹੈ। ਸੂਬੇ 'ਚ ਵਾਇਰਸ ਨਾਲ 6 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 71 ਹੋ ਗਈ ਹੈ।
ਤਾਮਿਲਨਾਡੂ— ਤਾਮਿਲਨਾਡੂ 'ਚ 266 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 3,023 ਹੋ ਗਈ ਅਤੇ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਵਿਚ ਇਸ ਵਾਇਰਸ ਦੀ ਲਪੇਟ 'ਚ ਹੁਣ ਤੱਕ 2,846 ਲੋਕ ਆ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 5 ਹੋਰ ਪੀੜਤਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 156 ਹੋ ਗਈ ਹੈ।
ਉੱਤਰ ਪ੍ਰਦੇਸ਼— ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿਚ 158 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 2,645 ਹੋ ਗਈ ਹੈ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 43 'ਤੇ ਸਥਿਰ ਹੈ। ਉੱਥੇ ਹੀ ਸੂਬੇ ਵਿਚ ਹੁਣ ਤੱਕ 754 ਮਰੀਜ਼ਾਂ ਨੂੰ ਇਲਾਜ ਮਗਰੋਂ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।
ਤੇਲੰਗਾਨਾ— ਤੇਲੰਗਾਨਾ 'ਚ ਪਿਛਲੇ 24 ਘੰਟਿਆਂ ਦੌਰਾਨ 19 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਪੀੜਤਾਂ ਦੀ ਗਿਣਤੀ 1,082 ਹੋ ਗਈ ਹੈ ਅਤੇ ਹੁਣ ਤੱਕ ਕੁੱਲ 29 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਂਧਰਾ ਪ੍ਰਦੇਸ਼— ਆਂਧਰਾ ਪ੍ਰਦੇਸ਼ 'ਚ 1,583 ਲੋਕ ਪੀੜਤ ਹਨ ਅਤੇ ਇੱਥੇ ਮੌਤਾਂ ਦੀ ਗਿਣਤੀ 33 ਬਣੀ ਹੋਈ ਹੈ।
ਇਸ ਤਰ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਪੀੜਤਾਂ ਦੀ ਗਿਣਤੀ 701 ਹੈ ਅਤੇ ਹੁਣ ਤਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ 'ਚ 21, ਪੱਛਮੀ ਬੰਗਾਲ 'ਚ 35, ਹਰਿਆਣਾ 'ਚ 5 ਅਤੇ ਬਿਹਾਰ 'ਚ 4, ਝਾਰਖੰਡ 'ਚ 3 ਅਤੇ ਮੇਘਾਲਿਆ, ਓਡੀਸ਼ਾ, ਹਿਮਾਚਲ ਪ੍ਰਦੇਸ਼ ਅਤੇ ਆਸਾਮ ਵਿਚ 1-1 ਵਿਅਕਤੀ ਦੀ ਮੌਤ ਹੋਈ ਹੈ।
ਰਾਹੁਲ ਨੇ ਮਜ਼ਦੂਰਾਂ ਤੋਂ ਕਿਰਾਇਆ ਵਸੂਲਣ ਨੂੰ ਲੈ ਕੇ ਰੇਲਵੇ 'ਤੇ ਸਾਧਿਆ ਨਿਸ਼ਾਨਾ
NEXT STORY