ਨਵੀਂ ਦਿੱਲੀ - ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਅੱਜ ਚੌਥੀ ਬਰਸੀ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ 16 ਅਗਸਤ, 2018 ਨੂੰ ਦੇਹਾਂਤ ਹੋ ਗਿਆ ਸੀ। ਵਾਜਪਈ ਜੀ ਨੇ ਜ਼ਿੰਦਗੀ ਭਰ ਆਪਣੇ ਨਰਮਪੁਣੇ, ਸਰਲਤਾ, ਪਿਆਰ ਨਾਲ ਲੋਕਾਂ ਦਾ ਦਿਲ ਜਿੱਤ ਕੇ ਸਾਰੀ ਉਮਰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਾਰਜ ਕੀਤਾ। ਦੱਸ ਦੇਈਏ ਕਿ ਭਾਰਤ ਦੀ ਸਿਆਸਤ ’ਚ ਕਈ ਅਜਿਹੀਆਂ ਵਿਰਲੀਆਂ ਸ਼ਖਸੀਅਤਾਂ ਹਨ, ਜਿਨ੍ਹਾਂ ਨੇ ਸਿਆਸਤ ਤੋਂ ਉਪਰ ਉੱਠ ਕੇ ਮਜ਼ਬੂਤ, ਖੁਸ਼ਹਾਲ ਅਤੇ ਦ੍ਰਿੜ੍ਹ ਭਾਰਤ ਲਈ ਕਾਰਜ ਕੀਤਾ ਅਤੇ ਸਿਆਸਤ ’ਚ ਰਹਿੰਦੇ ਹੋਏ ਉਨ੍ਹਾਂ ਨੇ ਬਿਨਾਂ ਕਿਸੇ ਵੈਰ ਵਾਲੀ ਸ਼ਖਸੀਅਤ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ। ਇਨ੍ਹਾਂ ਮਹਾਪੁਰਸ਼ਾਂ ’ਚ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਦਾ ਨਾਂ ਮੋਹਰਲੀ ਕਤਾਰ ’ਚ ਲਿਆ ਜਾਂਦਾ ਹੈ।
ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇਕ ਬਹੁਮੁਖੀ ਸਿਆਸੀ ਸ਼ਖਸੀਅਤ, ਕਵੀ, ਪੱਤਰਕਾਰ, ਸਿਆਸੀ ਆਗੂ ਅਤੇ ਨਿਆਂ, ਬਰਾਬਰੀ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਧਨੀ ਸਨ। ਵਾਜਪਾਈ ਸਵੈ-ਭਰੋਸੇ ਨਾਲ ਰਾਸ਼ਟਰਵਾਦ ਨੂੰ ਸਮਰਪਿਤ ਸਨ ਅਤੇ ਉਹ ਕਦੀ ਵੀ ਆਦਰਸ਼ਾਂ ਵਾਲੀ ਸਿਆਸਤ ਤੋਂ ਪ੍ਰੇਸ਼ਾਨ ਨਹੀਂ ਹੋਏ। ਉਹ ਖੁਦ ਇਕ ਸੰਸਥਾ ਸਨ ਤੇ ਦੁਰਲੱਭ ਗੁਣਾਂ ਦੀ ਪ੍ਰਤੀਮੂਰਤ ਸਨ, ਜਿਸ ਨਾਲ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਾ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਸੀ। ਉਨ੍ਹਾਂ ਨੇ ਆਪਣੀ ਆਕਰਸ਼ਕ ਸ਼ਖਸੀਅਤ ਨਾਲ ਦੇਸ਼ਵਾਸੀਆਂ ਦੇ ਦਿਲਾਂ ’ਤੇ ਰਾਜ ਕੀਤਾ। ਇਕ ਦਿਲ ਦੇ ਸਮਰਾਟ ਵਾਜਪਾਈ ਜੀ ਭਾਰਤੀ ਸਿਆਸਤ ’ਚ ਨਿਰਵੈਰ ਰਹੇ ਹਨ। ਉਹ ਇਕ ਸੱਚੇ ਲੋਕਤੰਤਰਵਾਦੀ ਅਤੇ ਸੱਚੇ ਦੇਸ਼ਭਗਤ ਸਨ। ਉਨ੍ਹਾਂ ’ਚ ਰਾਸ਼ਟਰੀਅਤਾ ਅਤੇ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ ਜੋ ਬਹੁਤ ਪ੍ਰੇਰਨਾਦਾਇਕ ਸੀ। ਉਨ੍ਹਾਂ ਦੀ ਭਾਸ਼ਣ ਸ਼ੈਲੀ ਅਤੇ ਸੰਚਾਰ ਹੁਨਰ ਸੁਭਾਵਿਕ ਅਤੇ ਸਹਿਜ ਸੀ। ਸਿਆਸਤ ’ਚ ਉਨ੍ਹਾਂ ਦੀ ਆਪਣੀ ਵਿਚਾਰਕ ਸਬੰਧਤਾ ਦੇ ਬਾਵਜੂਦ ਉਨ੍ਹਾਂ ਨੂੰ ਹੋਰ ਪਾਰਟੀਆਂ ਦੇ ਲੋਕ ਪਸੰਦ ਕਰਦੇ ਸਨ।
ਵਾਜਪਾਈ ਜੀ ’ਚ ਇਕ ਅਨੋਖਾ ਗੁਣ ਇਹ ਸੀ ਕਿ ਉਹ ਆਪਣੇ ਵਿਰੋਧੀਆਂ ਦੀ ਵੀ ਸ਼ਲਾਘਾ ਕਰਦੇ ਸਨ। ਰਾਸ਼ਟਰੀ ਹਿੱਤ ਦੇ ਮਾਮਲਿਆਂ ’ਚ ਵੀ ਉਹ ਆਪਣੀ ਆਲੋਚਨਾ ਨੂੰ ਬੜੀ ਨਿਮਰਤਾ ਨਾਲ ਪ੍ਰਵਾਨ ਕਰਨ ’ਚ ਸੁਹਿਰਦਤਾ ਦੀ ਭਾਵਨਾ ਰੱਖਦੇ ਸਨ। ਸੰਨ 1971 ’ਚ ਭਾਰਤ-ਪਾਕਿ ਜੰਗ ਦੌਰਾਨ ਬੰਗਲਾਦੇਸ਼ ਦੀ ਮੁਕਤੀ ਲਈ ਵਾਜਪਾਈ ਜੀ ਨੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਵੀ ਤਹਿ ਦਿਲੋਂ ਸ਼ਲਾਘਾ ਕੀਤੀ ਸੀ। ਸ਼੍ਰੀਮਤੀ ਗਾਂਧੀ ਦੇ ਪਿਤਾ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵਾਜਪਾਈ ਜੀ ਬਾਰੇ ਮਹਾਨ ਸ਼ਬਦ ਕਹੇ ਸਨ।
ਜਦੋਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਬਿਹਾਰ ’ਚ ਰੱਥ ਯਾਤਰਾ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ, ਉਦੋਂ ਵਾਜਪਾਈ ਜੀ ਸੰਸਦ ਮੈਂਬਰ ਸਨ। ਇਕ ਹਫ਼ਤੇ ਤੱਕ ਸੰਸਦ ਦੀ ਕਾਰਵਾਈ ਰੁਕੀ ਰਹੀ ਪਰ ਫਿਰ ਵਾਜਪਾਈ ਜੀ ਨੇ ਪਾਰਲੀਮੈਂਟਰੀ ਮੀਟਿੰਗ ’ਚ ਸਾਨੂੰ ਕਿਹਾ ਕਿ ਸਿਆਸੀ ਲੜਾਈ ਸੰਸਦ ਦੇ ਬਾਹਰ ਹੋਣੀ ਚਾਹੀਦੀ ਹੈ। ਸਿਆਸੀ ਸ਼ਾਸਨ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਇੰਨਾ ਸਮਾਵੇਸ਼ੀ ਤੇ ਸਪੱਸ਼ਟ ਸੀ ਕਿ ਵਿਰੋਧੀ ਪਾਰਟੀਆਂ ਨੂੰ ਵੀ ਸਰਕਾਰ ਦਾ ਹਿੱਸਾ ਹੋਣ ਦਾ ਅਹਿਸਾਸ ਹੁੰਦਾ ਸੀ। ਉਹ ਦੇਸ਼ ਦੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਸਨ। ਇਹ ਭਾਰਤੀ ਸਿਆਸਤ ’ਚ ਇਕ ਇਤਿਹਾਸਕ ਪ੍ਰਯੋਗ ਸੀ ਜਿਸ ਨੂੰ ਉਨ੍ਹਾਂ ਨੇ ਏ.ਆਈ.ਏ.ਡੀ.ਐੱਮ.ਕੇ., ਸ਼ਿਵਸੈਨਾ, ਟੀ.ਡੀ.ਪੀ., ਬੀ.ਐੱਸ.ਪੀ., ਜੇ.ਡੀ.ਯੂ., ਨੈਸ਼ਨਲ ਕਾਨਫਰੰਸ, ਟੀ.ਐੱਮ.ਸੀ. ਸਮੇਤ 23 ਪਾਰਟੀਆਂ ਨਾਲ ਰਲ ਕੇ ਬਣੇ ਰਾਸ਼ਟਰੀ ਜਨਤੰਤਰਿਕ ਗਠਜੋੜ ਦੀ ਅਗਵਾਈ ਕਰ ਕੇ ਸਫਲਤਾਪੂਰਵਕ ਸੰਚਾਲਨ ਕੀਤਾ।
ਪ੍ਰਧਾਨ ਮੰਤਰੀ ਦੇ ਰੂਪ ’ਚ ਵਾਜਪਾਈ ਜੀ ਨੇ ਸੜਕ, ਰੇਲ ਅਤੇ ਹਵਾਈ ਸੰਪਰਕ ’ਚ ਸੁਧਾਰ ਕਰ ਕੇ ਢਾਂਚਾਗਤ ਸਹੂਲਤਾਂ ਨੂੰ ਮਜ਼ਬੂਤੀ ਮੁਹੱਈਆ ਕੀਤੀ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਵੱਲੋਂ ਸ਼ੁਰੂ ਤੇ ਤਿਆਰ ਕੀਤੇ ਗਏ ਪ੍ਰਾਜੈਕਟਾਂ ਨੂੰ ਉਦਾਰੀਕਰਨ ਦੀ ਭਾਵਨਾ ਨਾਲ ਲਗਾਤਾਰ ਅੱਗੇ ਵਧਾਇਆ। ਉਨ੍ਹਾਂ ਨੇ ਦੂਰਸੰਚਾਰ ਖੇਤਰ ’ਚ ਸੁਧਾਰ ਕਰ ਕੇ ਮੋਬਾਇਲ ਤੇ ਫੋਨ ਕੁਨੈਕਟੀਵਿਟੀ ਦੇ ਖੇਤਰ ’ਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। 1998 ਤੇ 2004 ਦੇ ਦਰਮਿਆਨ ਕਈ ਆਫਤਾਂ, 1999 ’ਚ ਕਾਰਗਿਲ ਜੰਗ, 1999-2000 ’ਚ ਦੋ ਚੱਕਰਵਾਤ, 2002-2003 ਦੇ ਸੋਕੇ, 2003 ਦੇ ਤੇਲ ਸੰਕਟ ਵਰਗੇ ਉਲਟ-ਫੇਰਾਂ ਦੇ ਬਾਵਜੂਦ ਭਾਰਤ ਨੇ ਉਨ੍ਹਾਂ ਦੀ ਅਗਵਾਈ ’ਚ 8 ਫੀਸਦੀ ਦੇ ਸਥਿਰ ਆਰਥਿਕ ਵਾਧੇ ਨੂੰ ਬਣਾਈ ਰੱਖਿਆ। ਉਨ੍ਹਾਂ ਨੇ ਇਕ ਵੱਖਰੇ ਵਿਨਿਵੇਸ਼ ਮੰਤਰਾਲੇ ਨੂੰ ਬਣਾ ਕੇ ਜਨਤਕ ਅਦਾਰਿਆਂ ਦੇ ਕੰਮਕਾਜ ’ਚ ਜ਼ਰੂਰੀ ਲਚਕੀਲਾਪਨ ਲਿਆ ਦਿੱਤਾ ਜਿਸ ਨਾਲ ਦੇਸ਼ ਨੂੰ ਆਰਥਿਕ ਮਜ਼ਬੂਤੀ ਮਿਲੀ। ਉਨ੍ਹਾਂ ਦੇ ਕਾਰਜਕਾਲ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਛੱਤ ਵਿਹੂਣੇ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਏ ਗਏ।
ਵਾਜਪਾਈ ਜੀ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਰਾਹੀਂ ਰੋਜ਼ਗਾਰ ਸਿਰਜਨ ’ਤੇ ਜ਼ੋਰ ਦਿੱਤਾ। ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਦੇ ਹੋਏ ਉਨ੍ਹਾਂ ਨੇ ਉਨ੍ਹਾਂ ਦੀ ਤਰੱਕੀ ’ਚ ਰਾਖਵੇਂਕਰਨ ਦੇ ਮਾਪਦੰਡ ਨੂੰ ਬਹਾਲ ਕੀਤਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਅਲੱਗ ਕਰ ਦਿੱਤਾ ਸੀ। ਵਾਜਪਾਈ ਦਾ ਮੰਨਣਾ ਸੀ ਕਿ ਸਰਕਾਰ ਦੇ ਅਸਲੀ ਮਾਇਨੇ ਤਦ ਹੀ ਹਨ ਜਦੋਂ ਉਹ ਧਰਾਤਲ ’ਤੇ ਲੋਕਾਂ ਨੂੰ ਤੁਰੰਤ ਲਾਭ ਪਹੁੰਚਾਵੇ, ਜਿਸ ਨਾਲ ਲੋਕਾਂ ਨੂੰ ਪ੍ਰਤੱਖ ਤੌਰ ’ਤੇ ਫਾਇਦਾ ਮਿਲੇ। ਉਨ੍ਹਾਂ ਨੇ ਇਹ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ’ਚ ਕਰ ਕੇ ਦਿਖਾਇਆ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਫ-ਸੁਥਰੇ, ਪਾਰਦਰਸ਼ੀ ਤੇ ਸੁਸ਼ਾਸਨ ਰਾਹੀਂ ਵਾਜਪਾਈ ਜੀ ਦੇ ਨਜ਼ਰੀਏ ਨੂੰ ਮੂਰਤ ਰੂਪ ਦੇ ਰਹੇ ਹਨ ਤਾਂ ਕਿ ਕੋਈ ਵੀ ਪਿੱਛੇ ਨਾ ਰਹੇ ਅਤੇ ‘ਆਤਮਨਿਰਭਰ ਭਾਰਤ’ ਦਾ ਸੁਪਨਾ ਸਾਕਾਰ ਹੋਵੇ।
ਸਿਮਰਨਜੀਤ ਮਾਨ ਵਲੋਂ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ’ਤੇ ਹੰਸ ਰਾਜ ਬੋਲੇ- ਅਜਿਹੀ ਨਫ਼ਰਤ ਪੈਦਾ ਨਾ ਕਰੋ
NEXT STORY