ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਹੋਟਲ, ਜਿਮ ਅਤੇ ਹਫ਼ਤਾਵਾਰ ਬਜ਼ਾਰਾਂ ਨੂੰ ਫਿਰ ਤੋਂ ਖੋਲ੍ਹਣ ਦੀ ਮਨਜ਼ੂਰੀ ਦੇਣ ਲਈ ਉੱਪ ਰਾਜਪਾਲ ਅਨਿਲ ਬੈਜਲ ਨੂੰ ਮੁੜ ਪ੍ਰਸਤਾਵ ਭੇਜਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਕਿਹਾ ਕਿ ਕੇਂਦਰ ਵਲੋਂ ਜਾਰੀ ਕੀਤੇ ਗਏ ਅਨਲੌਕ-3 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿੱਲੀ 'ਚ ਅਜਿਹੇ ਕਾਰੋਬਾਰਾਂ ਨੂੰ ਮਨਜ਼ੂਰੀ ਦੇਣ ਲਈ ਫੈਸਲੇ ਲੈਣ ਦਾ ਉਸ ਨੂੰ ਅਧਿਕਾਰ ਹੈ। 'ਆਪ' ਸਰਕਾਰ ਨੇ ਆਪਣੇ ਪ੍ਰਸਤਾਵ 'ਚ ਕਿਹਾ ਕਿ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਅਤੇ ਉੱਥੇ ਸਥਿਤੀ ਵਿਗੜ ਰਹੀ ਹੈ ਪਰ ਉੱਥੇ ਹਟਲ, ਜਿਮ ਆਦਿ ਲਈ ਮਨਜ਼ੂਰੀ ਦਿੱਤੀ ਗਈ ਹੈ।
ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਉੱਪ ਰਾਜਪਾਲ ਤੋਂ ਇਹ ਵੀ ਜਾਣਨਾ ਚਾਹਿਆ ਕਿ ਦਿੱਲੀ ਵਾਸੀਆਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ, ਜਦੋਂ ਕਿ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਕਮੀ ਆ ਰਹੀ ਹੈ। ਸੂਤਰਾਂ ਨੇ ਕਿਹਾ,''ਦਿੱਲੀ ਸਰਕਾਰ ਨੇ ਫਿਰ ਤੋਂ ਉੱਪ ਰਾਜਪਾਲ ਨੂੰ ਸ਼ਹਿਰ 'ਚ ਹੋਟਲ, ਜਿਮ ਅਤੇ ਹਫ਼ਤਾਵਾਰ ਬਜ਼ਾਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇਣ ਲਈ ਪ੍ਰਸਤਾਵ ਭੇਜਿਆ ਹੈ।'' ਕੇਂਦਰ ਨੇ 29 ਜੁਲਾਈ ਨੂੰ ਜਾਰੀ 'ਅਨਲੌਕ-3' ਦਿਸ਼ਾ-ਨਿਰਦੇਸ਼ਾਂ 'ਚ 5 ਅਗਸਤ ਤੋਂ ਜਿਮ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ ਪਰ ਦਿੱਲੀ 'ਚ ਅਜਿਹੇ ਕਾਰੋਬਾਰਾਂ ਨੂੰ ਮਨਜ਼ੂਰੀ ਦੇਣ ਲਈ ਅਧਿਕਾਰੀਆਂ ਵਲੋਂ ਕੋਈ ਨਵਾਂ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਪਿਛਲੇ ਹਫ਼ਤੇ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਹੋਟਲਾਂ ਅਤੇ ਹਫ਼ਤਾਵਾਰ ਬਜ਼ਾਰਾਂ ਨੂੰ ਫਿਰ ਤੋਂ ਖੋਲ੍ਹਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਸੀ ਪਰ ਉੱਪ ਰਾਜਪਾਲ ਨੇ ਸਰਕਾਰ ਦੇ ਫੈਸਲੇ ਨੂੰ ਪਲਟ ਦਿੱਤਾ ਸੀ।
ਧਾਰਾ 370 ਰੱਦ ਕੀਤੇ ਜਾਣ ਨਾਲ ਜੰਮੂ-ਕਸ਼ਮੀਰ 'ਚ ਆਇਆ ਵੱਡਾ ਬਦਲਾਅ
NEXT STORY