ਅਸਾਮ : ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਵੱਡਾ ਕਦਮ ਚੁੱਕਿਆ ਹੈ। ਬੁੱਧਵਾਰ ਨੂੰ ਅਸਾਮ ਪੁਲਸ ਦੇ ਇੱਕ ਉੱਚ ਅਧਿਕਾਰੀ, ਡੀਐਸਪੀ ਸੰਦੀਪਨ ਗਰਗ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਦੀਪਨ ਗਰਗ, ਜੋ ਕਿ ਗਾਇਕ ਦਾ ਚਚੇਰਾ ਭਰਾ ਹੈ, ਹਾਦਸੇ ਸਮੇਂ ਸਿੰਗਾਪੁਰ ਵਿੱਚ ਜ਼ੁਬੀਨ ਗਰਗ ਦੇ ਨਾਲ ਮੌਜੂਦ ਸੀ।ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਪਿਛਲੇ ਕੁਝ ਦਿਨਾਂ ਤੋਂ ਸੰਦੀਪਨ ਤੋਂ ਜ਼ੁਬੀਨ ਦੀ ਮੌਤ ਦੇ ਸਬੰਧ ਵਿੱਚ ਪੁੱਛਗਿੱਛ ਕਰ ਰਹੀ ਸੀ। ਉਸ ਵਿਰੁੱਧ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਗੈਰ-ਇਰਾਦਤਨ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ ਸ਼ਾਮਲ ਹਨ।
ਹੁਣ ਤਕ ਹੋਈਆਂ 5 ਗ੍ਰਿਫਤਾਰੀਆਂ
ਡੀਐਸਪੀ ਸੰਦੀਪਨ ਗਰਗ ਦੀ ਗ੍ਰਿਫ਼ਤਾਰੀ ਇਸ ਮਾਮਲੇ ਵਿੱਚ ਹੋਣ ਵਾਲੀ ਪੰਜਵੀਂ ਗ੍ਰਿਫ਼ਤਾਰੀ ਹੈ। ਮਾਮਲੇ ਵਿੱਚ ਗ੍ਰਿਫ਼ਤਾਰੀਆਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ 4 ਅਕਤੂਬਰ ਨੂੰ ਜ਼ੁਬੀਨ ਗਰਗ ਦੇ ਬੈਂਡਮੇਟ ਸ਼ੇਖਰ ਜੋਤੀ ਗੋਸਵਾਮੀ ਨੇ ਵੱਡਾ ਖੁਲਾਸਾ ਕੀਤਾ। ਗੋਸਵਾਮੀ ਨੇ ਦਾਅਵਾ ਕੀਤਾ ਸੀ ਕਿ ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ ਅਤੇ ਪ੍ਰੋਗਰਾਮ ਪ੍ਰਬੰਧਕ ਸ਼ਿਆਮਕਾਨੂ ਮਹੰਤ ਨੇ ਜ਼ੁਬੀਨ ਗਰਗ ਨੂੰ ਜ਼ਹਿਰ ਦਿੱਤਾ ਸੀ ਅਤੇ ਫਿਰ ਕਤਲ ਨੂੰ ਹਾਦਸੇ ਦਾ ਰੂਪ ਦੇਣ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਪਹਿਲਾਂ, ਉਕਤ ਮੈਨੇਜਰ ਸਿਧਾਰਥ ਸ਼ਰਮਾ, ਪ੍ਰੋਗਰਾਮ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤ, ਅਤੇ ਦੋ ਬੈਂਡ ਮੈਂਬਰਾਂ ਸ਼ੇਖਰ ਜੋਤੀ ਗੋਸਵਾਮੀ ਅਤੇ ਅੰਮ੍ਰਿਤ ਪ੍ਰਭਾ ਮਹੰਤ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਸਕੂਬਾ ਡਾਈਵਿੰਗ ਦੌਰਾਨ ਹੋਈ ਸੀ ਮੌਤ
ਦੱਸ ਦਈਏ ਕਿ ਜ਼ੁਬੀਨ ਗਰਗ ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ਵਿੱਚ ਹੋਈ ਸੀ। ਗਾਇਕ ਉੱਥੇ 20 ਸਤੰਬਰ ਨੂੰ ਹੋਣ ਵਾਲੇ ਨੌਰਥ ਈਸਟ ਇੰਡੀਆ ਫੈਸਟੀਵਲ ਲਈ ਗਏ ਹੋਏ ਸਨ। ਸ਼ੁਰੂਆਤ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਗਾਇਕ ਦੀ ਮੌਤ ਇੱਕ ਸਕੂਬਾ ਡਾਈਵਿੰਗ ਹਾਦਸੇ ਦੌਰਾਨ ਵਾਟਰ ਐਡਵੈਂਚਰ ਗਤੀਵਿਧੀ ਵਿੱਚ ਹਿੱਸਾ ਲੈਣ ਦੌਰਾਨ ਹੋਈ ਸੀ। ਹਾਲਾਂਕਿ, ਬਾਅਦ ਵਿੱਚ ਹੋਏ ਖੁਲਾਸਿਆਂ ਨੇ ਮਾਮਲੇ ਨੂੰ ਇੱਕ ਕਤਲ ਦੀ ਸਾਜ਼ਿਸ਼ ਵਿੱਚ ਬਦਲ ਦਿੱਤਾ ਹੈ।
ਮੁੜ ਸ਼ੁਰੂ ਹੋਈ ਮਾਤਾ ਵੈਸ਼ਨੋ ਦੇਵੀ ਯਾਤਰਾ, ਅੰਸ਼ਕ ਤੌਰ 'ਤੇ ਖੁੱਲ੍ਹਿਆ ਹਾਈਵੇਅ
NEXT STORY