ਜੰਮੂ/ਕਿਸ਼ਤਵਾੜ : ਗਣਤੰਤਰ ਦਿਵਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਐਤਵਾਰ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਦੁਰਗਮ ਅਤੇ ਸੰਘਣੇ ਜੰਗਲਾਂ ਵਾਲੇ ਇਲਾਕੇ ਸੋਨਾਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਇੱਕ ਮੁਕਾਬਲੇ ਵਿੱਚ ਫੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਹਨ। ਸੂਤਰਾਂ ਅਨੁਸਾਰ, ਇਹ ਮੁਕਾਬਲਾ ਚਤਰੂ ਖੇਤਰ ਦੇ ਉੱਤਰ-ਪੂਰਬ ਵਿੱਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾ ਰਹੇ ਸਨ।
'ਆਪ੍ਰੇਸ਼ਨ ਟਰਾਸ਼ੀ-I' (Operation Trashi-I) ਤਹਿਤ ਘੇਰਾਬੰਦੀ
ਜੰਮੂ ਸਥਿਤ ਵ੍ਹਾਈਟ ਨਾਈਟ ਕਾਰਪਸ (White Knight Corps) ਨੇ ਇਸ ਮੁਹਿੰਮ ਨੂੰ 'ਆਪ੍ਰੇਸ਼ਨ ਟਰਾਸ਼ੀ-I' ਦਾ ਨਾਂ ਦਿੱਤਾ ਹੈ। ਦੁਪਹਿਰ ਵੇਲੇ ਜਦੋਂ ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੇ ਜਵਾਨ ਸਾਂਝੇ ਤੌਰ 'ਤੇ ਤਲਾਸ਼ੀ ਲੈ ਰਹੇ ਸਨ, ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਘੇਰੇ ਵਿੱਚੋਂ ਭੱਜਣ ਲਈ ਗ੍ਰੇਨੇਡ ਸੁੱਟੇ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਅਤੇ ਵਾਧੂ ਜਵਾਨਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ।
ਜੈਸ਼-ਏ-ਮੁਹੰਮਦ ਦੇ ਵਿਦੇਸ਼ੀ ਅੱਤਵਾਦੀਆਂ ਨਾਲ ਮੁਕਾਬਲਾ
ਅਧਿਕਾਰੀਆਂ ਅਨੁਸਾਰ, ਇਸ ਮੁਕਾਬਲੇ ਵਿੱਚ 2 ਤੋਂ 3 ਵਿਦੇਸ਼ੀ ਅੱਤਵਾਦੀ ਸ਼ਾਮਲ ਹਨ, ਜਿਨ੍ਹਾਂ ਦਾ ਸਬੰਧ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਦੱਸਿਆ ਜਾ ਰਿਹਾ ਹੈ। ਜ਼ਖ਼ਮੀ ਹੋਏ ਤਿੰਨੋਂ ਜਵਾਨਾਂ ਨੂੰ ਛਰ੍ਹੇ ਲੱਗਣ ਕਾਰਨ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਡਰੋਨ ਅਤੇ ਸਨੀਫਰ ਡੌਗਸ ਰਾਹੀਂ ਭਾਲ
ਅੱਤਵਾਦੀਆਂ ਦੀ ਸਹੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਸੁਰੱਖਿਆ ਬਲ ਆਧੁਨਿਕ ਨਿਗਰਾਨੀ ਉਪਕਰਨਾਂ, ਡਰੋਨ ਅਤੇ ਸਨੀਫਰ ਡੌਗਸ (Sniffer Dogs) ਦੀ ਮਦਦ ਲੈ ਰਹੇ ਹਨ। ਫਿਲਹਾਲ ਆਪ੍ਰੇਸ਼ਨ ਜਾਰੀ ਹੈ ਅਤੇ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਘੇਰਾ ਹੋਰ ਸਖ਼ਤ ਕਰ ਦਿੱਤਾ ਗਿਆ ਹੈ।
ਇਸ ਸਾਲ ਦਾ ਤੀਜਾ ਵੱਡਾ ਮੁਕਾਬਲਾ
ਜ਼ਿਕਰਯੋਗ ਹੈ ਕਿ ਇਸ ਸਾਲ ਜੰਮੂ ਖੇਤਰ ਵਿੱਚ ਅੱਤਵਾਦੀਆਂ ਨਾਲ ਇਹ ਤੀਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ 7 ਅਤੇ 13 ਜਨਵਰੀ ਨੂੰ ਕਠੂਆ ਜ਼ਿਲ੍ਹੇ ਦੇ ਬਿਲਾਵਰ ਇਲਾਕੇ ਵਿੱਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਗਣਤੰਤਰ ਦਿਵਸ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੇ ਇਲਾਕੇ ਵਿੱਚ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਹੈ।
HR: ਹੁਣ ਪਹਿਲੀ ਜਮਾਤ 'ਚ ਦਾਖ਼ਲੇ ਲਈ 6 ਸਾਲ ਦੀ ਉਮਰ ਲਾਜ਼ਮੀ; ਨਵਾਂ ਨਿਯਮ ਲਾਗੂ
NEXT STORY