ਟਿਕਰੀ ਬਾਰਡਰ (ਅਸ਼ਵਨੀ ਕੁਮਾਰ)- 200 ਏਕੜ ਖੇਤੀ। 2 ਏਕੜ ਵਿਚ ਕੋਠੀ। ਘਰ ਵਿਚ ਇਨੋਵਾ, ਫਾਰਚੂਨਰ ਤੋਂ ਲੈ ਕੇ ਸਕਾਰਪੀਓ ਵਰਗੀਆਂ ਕਈ ਗੱਡੀਆਂ ਹਨ ਪਰ ਐਸ਼ੋ-ਆਰਾਮ ਦੀ ਜ਼ਿੰਦਗੀ ਤੋਂ ਪਰ੍ਹੇ ਅੱਜ ਕੱਲ੍ਹ ਰਾਤਾਂ ਫੁੱਟਪਾਥ ’ਤੇ ਲੱਗੀਆਂ ਦੋ ਗਰਿੱਲਾਂ ’ਤੇ ਟੰਗੀ ਇਕ ਤ੍ਰਿਪਾਲ ਵਿਚ ਕੱਟ ਰਹੇ ਹਨ। ਇਹ ਹਕੀਕਤ ਹੈ ਫਿਰੋਜ਼ਪੁਰ ਦੇ ਪਿੰਡ ਸੋਢੀਵਾਲਾ ਨਿਵਾਸੀ 65 ਸਾਲਾ ਕਿਸਾਨ ਕਿਰਨਪਾਲ ਦੀ। ਜਦੋਂ ਤੋਂ ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਦਾ ਆਗਾਜ਼ ਹੋਇਆ ਹੈ, ਕਿਰਨਪਾਲ ਇੱਥੇ ਡਟੇ ਹੋਏ ਹਨ। ਲਗਜ਼ਰੀ ਸਹੂਲਤਾਂ ਨੂੰ ਛੱਡ ਕੇ ਕੜਾਕੇ ਦੀ ਠੰਢ ਵਿਚ ਇਸ ਤਰ੍ਹਾਂ ਵਕਤ ਗੁਜ਼ਾਰਨ ’ਤੇ ਕਿਰਨਪਾਲ ਕਹਿੰਦੇ ਹਨ ਕਿ ਇਹ ਲੜਾਈ ਉਸੇ ਖੇਤ ਲਈ ਹੈ, ਜਿਸ ਦੇ ਭਰੋਸੇ ਘਰ ਵਿਚ ਸੁੱਖ-ਸਹੂਲਤਾਂ ਹਨ।
ਇਹ ਵੀ ਪੜ੍ਹੋ : ਕੇਂਦਰ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਦਾ ਠੋਕਵਾਂ ਜਵਾਬ, ਗੱਲਬਾਤ ਲਈ ਲਿਖਤੀ ’ਚ ਠੋਸ ਤਜਵੀਜ਼ਾਂ ਭੇਜੋ
ਜੇਕਰ ਖੇਤ ਹੀ ਨਹੀਂ ਰਹਿਣਗੇ ਤਾਂ ਸੁਖ-ਸਹੂਲਤਾਂ ਕਦੋਂ ਤਕ ਰਹਿਣਗੀਆਂ, ਇਸ ਲਈ ਉਹ ਡਟੇ ਹੋਏ ਹਨ। ਜਿੱਥੋਂ ਤਕ ਗੱਲ ਨੀਂਦ ਦੀ ਹੈ ਤਾਂ ਬੜੀ ਸਕੂਨ ਦੀ ਨੀਂਦ ਆ ਰਹੀ ਹੈ। ਘਰ ਤਾਂ ਹਰ ਦਿਨ ਕੋਈ ਨਾ ਕੋਈ ਕੰਮ ਲੱਗਿਆ ਰਹਿੰਦਾ ਹੈ ਪਰ ਇੱਥੇ ਸਿਰਫ਼ ਸੰਘਰਸ਼ ਹੈ। ਦਿਨ ਭਰ ਸੰਘਰਸ਼ ਤੋਂ ਬਾਅਦ ਰਾਤ ਨੂੰ ਸਕੂਨ ਦੀ ਨੀਂਦ ਆਉਂਦੀ ਹੈ। ਸੰਘਰਸ਼ ਵਿਚ ਇੰਨੀ ਵੱਡੀ ਖੇਤੀ ਦੀ ਸੰਭਾਲ ਕਿਵੇਂ ਹੋ ਰਹੀ ਹੈ? ਇਸ ’ਤੇ ਕਿਰਨਪਾਲ ਕਹਿੰਦੇ ਹੈ ਕਿ ਉਨ੍ਹਾਂ ਦਾ ਪੁੱਤਰ ਮਜ਼ਦੂਰਾਂ ਨਾਲ ਮਿਲ ਕੇ ਖੇਤ ਸੰਭਾਲ ਰਿਹਾ ਹੈ। ਉਹ ਵੀ ਛੇਤੀ ਹੀ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਵੇਗਾ, ਕਿਉਂਕਿ ਖੇਤਾਂ ਵਿਚ ਹੁਣ ਸਿਰਫ਼ ਖਾਦ ਪਾਉਣ ਦਾ ਹੀ ਕੰਮ ਬਚਿਆ ਹੈ, ਫਿਰ ਮਹੀਨਾ, ਡੇਢ ਮਹੀਨਾ ਕੋਈ ਕੰਮ ਨਹੀਂ ਹੈ। ਬੇਸ਼ੱਕ ਫਰਵਰੀ-ਮਾਰਚ ਵਿਚ ਆਲੂ ਦਾ ਸੀਜ਼ਨ ਹੋਵੇਗਾ ਪਰ ਜਿਨ੍ਹਾਂ ਕਿਸਾਨਾਂ ਕੋਲ ਆਲੂ ਦੀ ਫਸਲ ਨਹੀਂ ਹੈ, ਉਨ੍ਹਾਂ ਦੀ ਤਾਂ ਵਿਸਾਖੀ ਤੱਕ ਛੁੱਟੀ ਹੈ। ਅਜਿਹੇ ਵਿਚ ਕੋਈ ਫ਼ਿਕਰ ਨਹੀਂ ਹੈ, ਚਾਹੇ ਇਹ ਅੰਦੋਲਨ ਹੁਣ ਗਰਮੀਆਂ ਤੱਕ ਚੱਲਦਾ ਰਹੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪਟਿਆਲਾ ਤੋਂ 'ਘੋੜੇ' 'ਤੇ ਚੜ੍ਹ ਸਿੰਘੂ ਬਾਰਡਰ ਪੁੱਜਿਆ ਨੌਜਵਾਨ, ਸਾਂਝੀ ਕੀਤੀ ਦਿਲ ਦੀ ਗੱਲ (ਵੀਡੀਓ)
ਕਿਸਾਨ ਤਾਂ ਪਹਿਲਾਂ ਹੀ ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਆਇਆ ਹੈ, ਇੱਥੇ ਡਟੇ ਰਹਾਂਗੇ, ਜਦੋਂ ਤੱਕ ਹੱਕ ਨਹੀਂ ਮਿਲਦਾ। ਕਿਰਨਪਾਲ ਮੁਤਾਬਕ ਉਨ੍ਹਾਂ ਆਪਣੇ ਬੇਟੇ ਨੂੰ ਕਿਸਾਨ ਅੰਦੋਲਨ ਵਿਚ ਇਸ ਲਈ ਬੁਲਾਇਆ ਹੈ, ਤਾਂ ਕਿ ਉਹ ਸੰਘਰਸ਼ ਦੀ ਪਰਿਭਾਸ਼ਾ ਸਮਝ ਸਕੇ। ਉਹ ਦੇਖ ਸਕੇ ਕਿ ਇੱਥੇ ਅੰਦੋਲਨ ਕਿਵੇਂ ਚੱਲ ਰਿਹਾ ਹੈ। ਕਿਵੇਂ ਪੂਰੇ ਦਾ ਪੂਰਾ ਪਰਿਵਾਰ ਕਿਸਾਨ ਅੰਦੋਲਨ ਵਿਚ ਡਟਿਆ ਹੈ। ਛੋਟੇ-ਛੋਟੇ ਬੱਚੇ ਸੇਵਾ ਕਰ ਰਹੇ ਹਨ। ਬੀਬੀਆਂ ਰੋਟੀਆਂ ਵੇਲ ਰਹੀਆਂ ਹਨ। ਕਿਸਾਨਾਂ ਦੀ ਨਵੀਂ ਪੀੜ੍ਹੀ ਨੂੰ ਇਹ ਸਭ ਕੁਝ ਵੇਖਣਾ ਚਾਹੀਦਾ ਹੈ, ਤਾਂ ਕਿ ਉਹ ਭਵਿੱਖ ਦੇ ਰਾਹ ਨੂੰ ਸਮਝ ਸਕਣ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਪੂਰਾ ਦਿਨ ਸੰਘਰਸ਼ ਕਰਨ ਵਾਲੇ ਕਿਸਾਨ ਇੰਝ ਗੁਜ਼ਾਰ ਰਹੇ ਟਰਾਲੀ ’ਚ ਰਾਤਾਂ
ਦੱਸਣਯੋਗ ਹੈ ਕਿ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਬੀਤੀ 26 ਨਵੰਬਰ ਤੋਂ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਡਟੇ ਹੋਏ ਹਨ। ਕਿਸਾਨ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ। ਕੇਂਦਰ ਸਰਕਾਰ ਵਲੋਂ ਹਾਲ ਹੀ ’ਚ ਭੇਜੇ ਗਏ ਸੱਦਾ ਪੱਤਰ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਨੂੰਨ ’ਚ ਸੋਧਾਂ ਮਨਜ਼ੂਰ ਨਹੀਂ ਹਨ, ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਜੇਕਰ ਸਰਕਾਰ ਸਾਡੇ ਨਾਲ ਗੱਲਬਾਤ ਲਈ ਤਿਆਰ ਹੈ ਤਾਂ ਸਾਨੂੰ ਖੁੱਲ੍ਹੇ ਮਨ ਨਾਲ ਬੁਲਾਵੇ। ਗੱਲਬਾਤ ਲਈ ਕੋਈ ਠੋਸ ਤਜਵੀਜ਼ ਭੇਜੇ, ਤਾਂ ਕਿ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਤੋਰਿਆ ਜਾ ਸਕੇ। ਕਿਸਾਨੀ ਘੋਲ ਕਿੰਨਾ ਚਿਰ ਜਾਰੀ ਰਹਿੰਦਾ, ਇਸ ਬਾਬਤ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਰਕਾਰ ਕਾਨੂੰਨਾਂ ’ਚ ਸੋਧ ਲਈ ਤਿਆਰ ਹੈ, ਜਦਿਕ ਕਿਸਾਨ ਕਾਨੂੰਨਾਂ ਨੂੰ ਰੱਦ ਕਰਾਉਣ ’ਤੇ ਅੜੇ ਹੋਏ ਹਨ।
ਨੋਟ- ਕਿਸਾਨ ਅੰਦੋਲਨ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਭਵਿੱਖ ਦੀ ਤ੍ਰਾਸਦੀ ਤੋਂ ਬਚਣ ਲਈ ਕਿਸਾਨ ਕਰ ਰਹੇ ਹਨ ਅੰਦੋਲਨ : ਰਾਹੁਲ ਗਾਂਧੀ
NEXT STORY