ਕਰਨਾਲ— ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਹਰਿਆਣਾ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਦਰਅਸਲ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਰਨਾਲ ਜ਼ਿਲ੍ਹੇ ਦੇ ਕੈਮਲਾ ਪਿੰਡ ’ਚ ‘ਕਿਸਾਨ ਮਹਾਪੰਚਾਇਤ’ ਨੂੰ ਸੰਬੋਧਿਤ ਕਰਨ ਵਾਲੇ ਸਨ। ਇਸ ਤੋਂ ਪਹਿਲਾਂ ਪੁਲਸ ਨੇ ਕੈਮਲਾ ਪਿੰਡ ਵੱਲ ਕਿਸਾਨਾਂ ਦੇ ਮਾਰਚ ਨੂੰ ਰੋਕਣ ਲਈ ਉਨ੍ਹਾਂ ’ਤੇ ਜਲ ਤੋਪਾਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ।
ਪ੍ਰਦਰਸ਼ਨਕਾਰੀ ਕਿਸਾਨ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਕਿਸਾਨ ਮਹਾਪੰਚਾਇਤ ਪ੍ਰੋਗਰਾਮ ’ਚ ਵਿਘਨ ਪਾਇਆ। ਉਨ੍ਹਾਂ ਨੇ ਮੰਚ ਨੂੰ ਤੋੜ ਦਿੱਤਾ, ਇਸ ਤੋਂ ਇਲਾਵਾ ਮੰਤਰੀਆਂ ਦੇ ਬੈਠਣ ਵਾਲੀਆਂ ਕੁਰਸੀਆਂ, ਮੇਜ ਅਤੇ ਗਮਲੇ ਤੋੜ ਦਿੱਤੇ। ਕਿਸਾਨਾਂ ਨੇ ਅਸਥਾਈ ਹੈਲੀਪੇਡ ਦਾ ਕੰਟਰੋਲ ਵੀ ਆਪਣੇ ਹੱਥਾਂ ਵਿਚ ਲੈ ਲਿਆ, ਜਿੱਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨਾ ਸੀ।
ਭਾਜਪਾ ਨੇਤਾ ਰਮਨ ਮਲਿਕ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਆਗੂ ਗੁਰਨਾਮ ਸਿੰਘ ਚਢੂਨੀ ਦੇ ਕਹਿਣ ’ਤੇ ਕਿਸਾਨਾਂ ਦੀ ਹੁੜਦੰਗ ਮਚਾਉਣ ਕਾਰਨ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ। ਪੁਲਸ ਨੇ ਪਿੰਡ ਵਿਚ ਮੁੱਖ ਮੰਤਰੀ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਕੀਤੇ ਸਨ। ਇਸ ਪਿੰਡ ’ਚ ਖੱਟੜ ਲੋਕਾਂ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਵਾਲੇ ਸਨ। ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਕਿਸਾਨ ਮਹਾਪੰਚਾਇਤ ਦਾ ਵਿਰੋਧ ਕਰਨਗੇ। ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਕਿਸਾਨਾਂ ਨੇ ਹੱਥਾਂ ’ਚ ਕਾਲੀਆਂ ਝੰਡੀਆਂ ਫ਼ੜੀਆਂ ਸਨ ਅਤੇ ਭਾਜਪਾ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕੈਮਲਾ ਪਿੰਡ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਨੇ ਪਿੰਡ ’ਚ ਐਂਟਰੀ ਵਾਲੀਆਂ ਥਾਵਾਂ ’ਤੇ ਬੈਰੀਕੇਡ ਲਾ ਦਿੱਤੇ ਤਾਂ ਕਿ ਕਿਸਾਨ ਪ੍ਰੋਗਰਾਮ ਵਾਲੀ ਥਾਂ ਤੱਕ ਨਾ ਪਹੁੰਚ ਸਕਣ। ਪੁਲਸ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਈ ਪਰ ਉਹ ਮੰਚ ’ਤੇ ਕਬਜ਼ਾ ਕਰਨ ਲਈ ਅੱਗੇ ਵਧ ਗਏ।
ਹਰਿਆਣਾ 'ਚ 16 ਜਨਵਰੀ ਤੋਂ ਸ਼ੁਰੂ ਹੋਵੇਗਾ ਟੀਕਾਕਰਨ, 67 ਲੱਖ ਲੋਕਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ
NEXT STORY