ਜਲੰਧਰ/ਜੰਮੂ— ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਦਾ ਜ਼ਬਰਨ ਧਰਮ ਪਰਿਵਰਤਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਫ਼ਿਲਹਾਲ ਇਕ ਕੁੜੀ ਦੀ ਘਰ ਵਾਪਸੀ ਹੋ ਗਈ ਹੈ ਅਤੇ ਬੀਤੇ ਦਿਨ ਗੁਰ ਸਿੱਖ ਨਾਲ ਉਸ ਦੇ ਆਨੰਦ ਕਾਰਜ ਵੀ ਹੋ ਚੁੱਕੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਤੋਂ ਇਹ ਖ਼ਬਰ ਲਗਾਤਾਰ ਚਰਚਾ ’ਚ ਬਣੀ ਹੋਈ ਹੈ। ਕਸ਼ਮੀਰ ’ਚ ਅਗਵਾ ਅਤੇ ਜ਼ਬਰਨ ਧਰਮ ਪਰਿਵਰਤਨ ਦਾ ਸ਼ਿਕਾਰ ਹੋਈ ਮਨਮੀਤ ਕੌਰ ਦਾ ਵਿਆਹ ਸਿੱਖ ਮੁੰਡੇ ਨਾਲ ਹੋ ਗਿਆ ਹੈ ਅਤੇ ਦੋਹਾਂ ਨੂੰ ਬੀਤੇ ਦਿਨ ਦਿੱਲੀ ਲਿਆਂਦਾ ਗਿਆ। ਮਨਮੀਤ ਨੂੰ ਅਗਵਾ ਕਰ ਜ਼ਬਰਨ ਧਰਮ ਪਰਿਵਰਤਨ ਕਰ ਕੇ ਉਸ ਦਾ 50 ਸਾਲ ਦੇ ਇਕ ਬਜ਼ੁਰਗ ਨਾਲ ਨਿਕਾਹ ਕਰਵਾਇਆ ਜਾ ਰਿਹਾ ਸੀ। ਆਖ਼ਰਕਾਰ ਸਿੱਖ ਕੁੜੀ ਮਨਮੀਤ ਨੂੰ ਇਸ ਚੁੰਗਲ ਤੋਂ ਕਿਵੇਂ ਬਚਾਇਆ ਗਿਆ ਅਤੇ ਉਸ ਨੂੰ ਬਚਾਉਣ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਹੈ? ਇਸ ਬਾਰੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ‘ਸਮਾਜ ਸੇਵੀ’ ਰਮਨੀਕ ਸਿੰਘ ਮਾਨ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਗੱਲਬਾਤ ਕਰਦਿਆਂ ਰਮਨੀਕ ਸਿੰਘ ਨੇ ਦੱਸਿਆ ਕਿ 26 ਜੂਨ ਨੂੰ ਸ਼੍ਰੀਨਗਰ ’ਚ 50 ਸਾਲ ਦਾ ਵਿਅਕਤੀ ਸ਼ਾਹਿਦ ਨਜ਼ੀਰ, ਮਨਮੀਤ ਨੂੰ ਲੈ ਕੇ ਕੋਰਟ ’ਚ ਪੁੱਜਾ। ਇਸ ਪੂਰੇ ਘਟਨਾ ਚੱਕਰ ਮਗਰੋਂ ਸ਼੍ਰੀਨਗਰ ’ਚ ਯੂਨਾਈਟੇਡ ਸਿੱਖ ਆਰਗੇਨਾਈਜੇਸ਼ਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਕੁੜੀ ਨੂੰ ਬਚਾਇਆ ਗਿਆ। ਇਸ ਆਰਗੇਨਾਈਜੇਸ਼ਨ ਦੇ ਲੋਕ ਉੱਥੇ ਮੋਰਚਾ ਲਾ ਕੇ ਬੈਠੇ ਸਨ ਕਿ ਸਾਡੀ ਕੁੜੀ ਨੂੰ ਇੱਥੋਂ ਬਚਾਇਆ ਜਾਵੇ। ਦਰਅਸਲ ਕੋਰਟ ਦੇ ਹੁਕਮ ਹੋ ਗਏ ਸਨ ਕਿ ਕੁੜੀ ਨੂੰ 50 ਸਾਲਾ ਵਿਅਕਤੀ ਨੂੰ ਸੌਂਪ ਦਿੱਤਾ ਜਾਵੇ। ਰਮਨੀਕ ਸਿੰਘ ਨੇ ਦੱਸਿਆ ਕਿ ਕੋਰਟ ਕੰਪਲੈਕਸ ’ਚ ਕੁੜੀ ਨੂੰ ਲੁਕੋ ਕੇ ਰੱਖਿਆ ਗਿਆ ਸੀ।

ਯੂਨਾਈਟੇਡ ਸਿੱਖ ਆਰਗੇਨਾਈਜੇਸ਼ਨ ਦੇ ਕਾਰਕੁੰਨ ਕੁੜੀ ਨੂੰ ਬਚਾਅ ਕੇ ਉੱਥੋਂ ਘਰ ਵਾਪਸ ਲੈ ਕੇ ਆਏ। 28 ਤਾਰੀਖ ਸ਼ਾਮ ਨੂੰ ਸਿੱਖ ਮੁੰਡੇ ਸੁਖਪ੍ਰੀਤ ਨੂੰ ਵਿਆਹ ਲਈ ਰਾਜ਼ੀ ਕੀਤਾ ਅਤੇ ਉਸ ਦੇ ਮਾਪਿਆਂ ਨੂੰ ਵੀ ਮਨਾਇਆ ਗਿਆ। ਓਧਰ ਕੁੜੀ ਵੀ ਵਿਆਹ ਲਈ ਰਾਜ਼ੀ ਹੋ ਗਈ। ਰਮਨੀਕ ਸਿੰਘ ਨੇ ਦੱਸਿਆ ਕਿ ਅਗਲੀ ਸਵੇਰ ਮੁੰਡੇ-ਕੁੜੀ ਦਾ ਆਨੰਦ ਕਾਰਜ ਪੜਿ੍ਹਆ ਗਿਆ। ਇਸ ਪੂਰੇ ਘਟਨਾਕ੍ਰਮ ਨੂੰ ਜਾਣਨ ਲਈ ਵੇਖੋੋ ‘ਜਗ ਬਾਣੀ’ ਦੀ ਇਹ ਪੂਰੀ ਵੀਡੀਓ।
ਕੀ ਸੰਸਦ ਵੱਲ ਕੂਚ ਕਰਨਾ ਚਾਹੀਦੈ? ਕਿਸਾਨ ਆਗੂ ਚਢੂਨੀ ਨੇ ਮੰਗੀ ਲੋਕਾਂ ਤੋਂ ਰਾਏ (ਵੀਡੀਓ)
NEXT STORY