ਜੰਮੂ- ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ’ਤੇ ਵੱਡੀ ਸਿਆਸੀ ਉਥਲ-ਪੁਥਲ ਵੇਖਣ ਨੂੰ ਮਿਲੀ ਹੈ। ਸਾਬਕਾ ਮੁੱਖ ਮੰਤਰੀ ਤੇ ਕੇਂਦਰ ’ਚ ਕਈ ਵਾਰ ਮੰਤਰੀ ਰਹਿ ਚੁੱਕੇ ਗੁਲਾਮ ਨਬੀ ਆਜ਼ਾਦ ਨੇ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਆਜ਼ਾਦ ਦੀ ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਨੇ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੀਤਾ ਸੀ ਪਰ ਬੁੱਧਵਾਰ ਗੁਲਾਮ ਨਬੀ ਆਜ਼ਾਦ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਲਈ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ 19 ਅਪ੍ਰੈਲ ਹੈ। ਪੀ. ਡੀ. ਪੀ. ਵਲੋਂ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਉਮੀਦਵਾਰ ਹਨ, ਜਦੋਂਕਿ ਨੈਸ਼ਨਲ ਕਾਨਫਰੰਸ ਨੇ ਸਾਬਕਾ ਮੰਤਰੀ ਮੀਆਂ ਅਲਤਾਫ ਨੂੰ ਮੈਦਾਨ ’ਚ ਉਤਾਰਿਆ ਹੈ।
ਇਹ ਸੀਟ ਉਦੋਂ ਹੀ ਚਰਚਾ ’ਚ ਆ ਗਈ ਸੀ ਜਦੋਂ ਗੁਲਾਮ ਨਬੀ ਆਜ਼ਾਦ ਨੇ ਇੱਥੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਭਾਜਪਾ ਨੇ ਇਸ ਲੋਕ ਸਭਾ ਸੀਟ ਤੋਂ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈ। ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਡਿਵੀਜ਼ਨਲ ਪ੍ਰਧਾਨ ਅਮੀਨ ਭੱਟ ਦਾ ਕਹਿਣਾ ਹੈ ਕਿ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ ਅਤੇ ਫੈਸਲਾ ਕੀਤਾ ਕਿ ਆਜ਼ਾਦ ਦੀ ਥਾਂ ਸਲੀਮ ਪਰੇ ਅਨੰਤਨਾਗ-ਰਾਜੌਰੀ ਸੀਟ ਤੋਂ ਚੋਣ ਲੜਨਗੇ। ਗੁਲਾਮ ਨਬੀ ਆਜ਼ਾਦ ਦੇ ਚੋਣ ਨਾ ਲੜਨ ਦੇ ਸਵਾਲ ’ਤੇ ਅਮੀਨ ਭੱਟ ਨੇ ਕਿਹਾ ਕਿ ਇਸ ਪਿੱਛੇ ਕਈ ਕਾਰਨ ਹਨ। ਫਿਲਹਾਲ ਸਾਰਿਆਂ ਨੇ ਸਰਬਸੰਮਤੀ ਨਾਲ ਸਲੀਮ ਪਰੇ ਨੂੰ ਉਮੀਦਵਾਰ ਬਣਾਇਆ ਹੈ।
ਹਾਰ ਦੇ ਡਰੋਂ ਚੋਣ ਨਹੀਂ ਲੜ ਰਹੇ ਗੁਲਾਮ ਨਬੀ ਆਜ਼ਾਦ : ਉਮਰ ਅਬਦੁੱਲਾ
ਗੁਲਾਮ ਨਬੀ ਆਜ਼ਾਦ ਵੱਲੋਂ ਅਨੰਤਨਾਗ-ਰਾਜੌਰੀ ਸੀਟ ਤੋਂ ਚੋਣ ਨਾ ਲੜਨ ਦੇ ਐਲਾਨ ’ਤੇ ਨੈਸ਼ਨਲ ਕਾਨਫਰੰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਗੁਲਾਮ ਨਬੀ ਆਜ਼ਾਦ ਹਾਰ ਦੇ ਡਰੋਂ ਚੋਣ ਮੈਦਾਨ ਤੋਂ ਪਿੱਛੇ ਹਟ ਗਏ ਹਨ।
ਭਾਜਪਾ ਕੋਲ ਉਮੀਦਵਾਰ ਖੜ੍ਹੇ ਕਰਨ ਲਈ ਕੱਲ ਤੱਕ ਦਾ ਸਮਾਂ
ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਲਈ ਨਾਮਜ਼ਦਗੀਆਂ 19 ਅਪ੍ਰੈਲ ਤੱਕ ਹੀ ਦਾਖਲ ਕੀਤੀਆਂ ਜਾਣੀਆਂ ਹਨ। ਇਸ ਹਾਲਤ ’ਚ ਭਾਜਪਾ ਕੋਲ ਉਮੀਦਵਾਰ ਖੜ੍ਹੇ ਕਰਨ ਲਈ ਸ਼ੁੱਕਰਵਾਰ 19 ਅਪ੍ਰੈਲ ਤੱਕ ਦਾ ਸਮਾਂ ਹੈ।
ਭਾਰਤ ਦੀ ਅੰਦਾਜ਼ਨ ਆਬਾਦੀ 144 ਕਰੋੜ : ਯੂ. ਐੱਨ. ਐੱਫ. ਪੀ. ਏ.
NEXT STORY