ਮੋਹਾਲੀ, (ਨਿਆਮੀਆਂ)— ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੀ ਅਜੇਤੂ 65 ਦੌੜਾਂ ਦੀ ਬੇਸ਼ਕੀਮਤੀ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਉਸੇ ਦੇ ਮੈਦਾਨ ਵਿਚ ਸ਼ੁੱਕਰਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਦੇ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ, ਜਦਕਿ ਇਸ ਹਾਰ ਦੇ ਨਾਲ ਪੰਜਾਬ ਦੀ ਟੀਮ ਲਗਭਗ ਬਾਹਰ ਹੋ ਗਈ।
ਪੰਜਾਬ ਨੇ ਇੰਗਲੈਂਡ ਦੇ ਸੈਮ ਕਿਊਰਾਨ ਦੀਆਂ ਆਖਰੀ ਓਵਰ ਵਿਚ ਬਣਾਈਆਂ 22 ਦੌੜਾਂ ਸਮੇਤ ਅਜੇਤੂ 55 ਦੌੜਾਂ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 183 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ, ਜਦਕਿ ਕੋਲਕਾਤਾ ਨੇ 18 ਓਵਰਾਂ ਵਿਚ 3 ਵਿਕਟਾਂ 'ਤੇ 185 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਲਿਨ ਨੇ 22 ਗੇਂਦਾਂ 'ਤੇ 46 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਕੇ. ਕੇ. ਆਰ. ਨੂੰ ਸ਼ਾਦਨਾਰ ਸ਼ੁਰੂਆਤ ਦਿਵਾਈ। ਦੂਜੇ ਪਾਸੇ ਸਲਾਮੀ ਬੱਲੇਬਾਜ਼ ਗਿੱਲ ਨੇ ਇਕ ਪਾਸਾ ਸੰਭਾਲ ਕੇ ਰੱਖਿਆ ਤੇ 49 ਗੇਂਦਾਂ 'ਤੇ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 65 ਦੌੜਾਂ ਦੀ ਪਾਰੀ ਖੇਡੀ। ਆਂਦ੍ਰੇ ਰਸੇਲ ਨੇ 14 ਗੇਂਦਾਂ 'ਤੇ 24 ਦੌੜਾਂ, ਰੌਬਿਨ ਉਥੱਪਾ ਨੇ 14 ਗੇਂਦਾਂ 'ਤੇ 22 ਦੌੜਾਂ ਤੇ ਕਪਤਾਨ ਦਿਨੇਸ਼ ਕਾਰਤਿਕ ਨੇ 9 ਗੇਂਦਾਂ 'ਤੇ ਅਜੇਤੂ 21 ਦੌੜਾਂ ਦਾ ਯੋਗਦਾਨ ਦਿੱਤਾ।

ਇਸ ਤੋਂ ਪਹਿਲਾਂ ਪੰਜਾਬ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਸੈਮ ਕਿਊਰਨ ਦੀ ਸ਼ਾਨਦਾਰ ਪਾਰੀ ਤੇ ਨਿਕੋਲਸ ਪੂਰਨ (27 ਗੇਂਦਾਂ 'ਤੇ 48 ਦੌੜਾਂ) ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਖਰਾਬ ਸ਼ੁਰੂਆਤ ਤੋਂ ਉਭਰ ਕੇ 6 ਵਿਕਟਾਂ 'ਤੇ 183 ਦੌੜਾਂ ਬਣਾਈਆਂ ਸਨ। ਮਯੰਕ ਅਗਰਵਾਲ ਨੇ 26 ਗੇਂਦਾਂ 'ਤੇ 36 ਦੌੜਾਂ ਦਾ ਯੋਗਦਾਨ ਦਿੱਤਾ।

ਕੇ. ਕੇ. ਆਰ. ਦੀ ਇਹ 13 ਮੈਚਾਂ ਵਿਚੋਂ 6ਵੀਂ ਜਿੱਤ ਹੈ, ਜਿਸ ਨਾਲ ਉਸਦੇ 12 ਅੰਕ ਹੋ ਗਏ ਹਨ। ਪਲੇਅ ਆਫ ਵਿਚ ਪਹੁੰਚਣ ਲਈ ਉਸ ਨੂੰ ਨਾ ਸਿਰਫ ਮੁੰਬਈ ਇੰਡੀਅਨਜ਼ ਵਿਰੁੱਧ ਅਗਲੇ ਮੈਚ ਵਿਚ ਜਿੱਤ ਦਰਜ ਕਰਨੀ ਪਵੇਗੀ, ਸਗੋਂ ਸਨਰਾਈਜ਼ਰਜ਼ ਹੈਦਰਾਬਾਦ ਦੀ ਹਾਰ ਲਈ ਵੀ ਦੁਆ ਕਰਨੀ ਪਵੇਗੀ। ਕਿੰਗਜ਼ ਇਲੈਵਨ ਪੰਜਾਬ 13 ਮੈਚਾਂ ਵਿਚੋਂ 8ਵੀਂ ਹਾਰ ਨਾਲ ਪਲੇਅ ਆਫ ਦੀ ਦੌੜ ਵਿਚੋਂ ਲਗਭਗ ਬਾਹਰ ਹੋ ਗਈ ਹੈ।
ਰੂਸ ਤੋਂ ਖਰੀਦ ਜਾਣਗੇ 10 ਕਾਮੋਵ-31 ਹੈਲੀਕਾਪਟਰ, ਰੱਖਿਆ ਮੰਤਰਾਲਾ ਨੇ ਦਿੱਤੀ ਮਨਜ਼ੂਰੀ
NEXT STORY