ਅਹਿਮਦਾਬਾਦ- ਗੁਜਰਾਤ 'ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 19 ਜ਼ਿਲ੍ਹਿਆਂ ਦੀਆਂ 89 ਸੀਟਾਂ 'ਤੇ ਵੀਰਵਾਰ ਸਵੇਰੇ 8 ਵਜੇ ਸਖਤ ਸੁਰੱਖਿਆ ਵਿਚਕਾਰ ਵੋਟਿੰਗ ਜਾਰੀ ਹੈ। ਦੁਪਹਿਰ 3 ਵਜੇ ਤੱਕ 48 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। 27 ਸਾਲਾਂ ਤੋਂ ਸੱਤਾ ’ਤੇ ਕਾਬਜ਼ ਰਹੀ ਭਾਜਪਾ ਨੂੰ ਇਸ ਵਾਰ ਚੋਣਾਂ 'ਚ ਆਪਣੀ ਸਰਕਾਰ ਬਣਾਈ ਰੱਖਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ 7ਵੀਂ ਵਾਰ ਸੱਤਾ ’ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। 
ਸੂਬੇ ਦੀਆਂ ਕੁੱਲ 182 ਸੀਟਾਂ ’ਚੋਂ 89 ਸੀਟਾਂ ’ਤੇ ਅੱਜ ਵੋਟਾਂ ਪੈ ਰਹੀਆਂ ਹਨ। ਪਹਿਲੇ ਪੜਾਅ ’ਚ 788 ਉਮੀਦਵਾਰਾਂ ਦੀ ਚੁਣਾਵੀ ਕਿਸਮਤ ਦਾ ਫ਼ੈਸਲਾ ਹੋਵੇਗਾ। ਸੂਬੇ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਦੱਸਿਆ ਕਿ 14,382 ਵੋਟਿੰਗ ਕੇਂਦਰਾਂ ’ਤੇ ਵੋਟਿੰਗ ਸ਼ੁਰੂ ਹੋਈ, ਜਿਨ੍ਹਾਂ ’ਚੋਂ 3,311 ਸ਼ਹਿਰੀ ਅਤੇ 11,071 ਪੇਂਡੂ ਇਲਾਕੇ ਹਨ। ਵੋਟਾਂ ਨੂੰ ਲੈ ਕੇ ਲੋਕਾਂ ਨੂੰ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ, ਕਿਉਂਕਿ ਵੱਡੀ ਗਿਣਤੀ ’ਚ ਲੋਕ ਕਤਾਰਾਂ ’ਚ ਲੱਗੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਗੁਜਰਾਤ ਵਿਧਾਨ ਸਭਾ ਚੋਣਾਂ: 456 ਉਮੀਦਵਾਰ ਕਰੋੜਪਤੀ, ਭਾਜਪਾ ਸਭ ਤੋਂ ਅੱਗੇ
ਗੁਜਰਾਤ ਦੇ ਸਿਆਸੀ ਮੈਦਾਨ ’ਚ ਇਸ ਵਾਰ ਆਮ ਆਦਮੀ ਪਾਰਟੀ ਵੀ ਜ਼ੋਰਾਂ-ਸ਼ੋਰਾਂ ਨਾਲ ਉਤਰੀ ਹੈ ਅਤੇ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ। ਭਾਜਪਾ ਅਤੇ ਕਾਂਗਰਸ ਸਾਰੀਆਂ 89 ਸੀਟਾਂ ’ਤੇ ਚੋਣ ਲੜ ਰਹੇ ਹਨ, ਜਦਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ 88 ਸੀਟਾਂ ’ਤੇ ਚੋਣ ਲੜ ਰਹੀ ਹੈ। ਓਧਰ ਭਾਜਪਾ ਉਮੀਦਵਾਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਰਾਜਕੋਟ ’ਚ ਪੋਟ ਪਾਈ।

ਉਹ ਜਾਮਨਗਰ ਉੱਤਰ ਤੋਂ ਚੋਣ ਲੜ ਰਹੀ ਹੈ। ਉਥੇ ਹੀ ਗੁਜਰਾਤ ਦੇ ਮੰਤਰੀ ਪੂਣੇਸ਼ ਮੋਦੀ ਨੇ ਸੂਰਤ ’ਚ ਇਕ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ। ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਰਵਿੰਦਰ ਜਡੇਜਾ ਦਾ ਕਹਿਣਾ ਹੈ, "ਮੈਂ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਅਪੀਲ ਕਰਦਾ ਹਾਂ।"
ਇਹ ਵੀ ਪੜ੍ਹੋ- ਗੁਜਰਾਤ ਚੋਣਾਂ: 1,621 ਉਮੀਦਵਾਰਾਂ ’ਚੋਂ ਸਿਰਫ਼ 139 ਔਰਤਾਂ ਚੋਣ ਮੈਦਾਨ ’ਚ

ਚੋਣ ਕਮਿਸ਼ਨ ਨੇ 100 ਸਾਲ ਦੀ ਉਮਰ ਦੀ ਵੋਟਰ ਕਾਮੁਬੇਨ ਪਟੇਲ ਦੀ ਇਕ ਤਸਵੀਰ ਟਵੀਟ ਕੀਤੀ ਹੈ, ਜਿਸ ’ਚ ਉਹ ਵਲਸਾਡ ਜ਼ਿਲ੍ਹੇ ਦੇ ਉਬਰਗਾਂਵ ਵਿਧਾਨ ਸਭਾ ਖੇਤਰ ਦੇ ਇਕ ਵੋਟਿੰਗ ਕੇਂਦਰ ’ਚ ਵੋਟ ਪਾਉਣ ਮਗਰੋਂ ਆਪਣੀ ਉਂਗਲ ’ਤੇ ਲੱਗੀ ਸਿਆਸੀ ਨੂੰ ਵਿਖਾ ਰਹੀ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ‘ਆਪ’ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਲੋਕਾਂ ’ਚ ਸ਼ਾਮਲ ਰਹੇ।

ਦਿੱਲੀ ਤੋਂ ਬਾਅਦ ਕਰਨਾਟਕ ’ਚ ਵਾਪਰੀ ਘਟਨਾ, ਲਿਵ-ਇਨ ਪਾਰਟਨਰ ਨਾਲ ਬਹਿਸ ਕਰਨ ਦੀ ਮਿਲੀ ਖ਼ੌਫਨਾਕ ਸਜ਼ਾ
NEXT STORY