ਵਡੋਦਰਾ: ਗੁਜਰਾਤ ਦੇ ਵਡੋਦਰਾ ਵਿੱਚ ਮਾਰਚ 2025 ਵਿੱਚ ਹੋਏ ਚਰਚਿਤ ਕਾਰ ਹਾਦਸੇ ਦੇ ਮੁਲਜ਼ਮ ਰਕਸ਼ਿਤ ਚੌਰਸੀਆ ਨੂੰ ਗੁਜਰਾਤ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ। ਹਾਦਸੇ ਤੋਂ ਤੁਰੰਤ ਬਾਅਦ ਸੜਕ 'ਤੇ ਖੜ੍ਹੇ ਹੋ ਕੇ "ਇੱਕ ਹੋਰ ਰਾਊਂਡ" (Another Round) ਚੀਕਣ ਵਾਲੇ ਰਕਸ਼ਿਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਦੇਖਿਆ ਗਿਆ ਸੀ।
ਨਸ਼ੇ 'ਚ ਸੀ ਮੁਲਜ਼ਮ ਤੇ ਕਾਰ ਦੀ ਰਫਤਾਰ ਸੀ 140 Kmph
ਪੁਲਸ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਅਨੁਸਾਰ, 13 ਮਾਰਚ 2025 ਨੂੰ ਵਡੋਦਰਾ ਦੇ ਕਰੇਲੀਬਾਗ ਇਲਾਕੇ ਵਿੱਚ ਵਾਪਰੇ ਇਸ ਹਾਦਸੇ ਦੌਰਾਨ ਕਾਰ ਦੀ ਰਫਤਾਰ 140 ਕਿਲੋਮੀਟਰ ਪ੍ਰਤੀ ਘੰਟਾ ਸੀ। ਮੈਡੀਕਲ ਰਿਪੋਰਟ ਵਿੱਚ ਮੁਲਜ਼ਮ ਦੇ ਸਰੀਰ ਵਿੱਚ THC ਅਤੇ ਕੋਡੀਨ ਵਰਗੇ ਨਸ਼ੀਲੇ ਪਦਾਰਥਾਂ ਦੀ ਪੁਸ਼ਟੀ ਹੋਈ ਸੀ। ਇਸ ਦਰਦਨਾਕ ਹਾਦਸੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰੀ ਗਈ ਸੀ, ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ ਸਨ।
'ਨੌਜਵਾਨ ਨੂੰ ਮਿਲਣਾ ਚਾਹੀਦਾ ਹੈ ਸੁਧਰਨ ਦਾ ਮੌਕਾ'
ਸੁਣਵਾਈ ਦੌਰਾਨ ਅਦਾਲਤ ਨੇ ਨੋਟ ਕੀਤਾ ਕਿ 23 ਸਾਲਾ ਰਕਸ਼ਿਤ ਇੱਕ ਲਾਅ ਸਟੂਡੈਂਟ ਹੈ ਅਤੇ ਉਸ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਕੋਰਟ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਮੁਲਜ਼ਮ ਪਿਛਲੇ 9 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ, ਇਸ ਲਈ ਉਸ ਨੂੰ ਸੁਧਾਰ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਦਾ ਮਕਸਦ ਵੀ ਇਹੀ ਹੈ। ਹਾਲਾਂਕਿ, ਸਰਕਾਰੀ ਵਕੀਲ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਹਾਦਸੇ ਤੋਂ ਬਾਅਦ ਮੁਲਜ਼ਮ ਦਾ ਵਤੀਰਾ ਦਿਖਾਉਂਦਾ ਸੀ ਕਿ ਉਸ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਸੀ।
ਸਖ਼ਤ ਸ਼ਰਤਾਂ ਨਾਲ ਮਿਲੀ ਰਿਹਾਈ
ਹਾਈ ਕੋਰਟ ਨੇ ਰਕਸ਼ਿਤ ਨੂੰ 1 ਲੱਖ ਰੁਪਏ ਦੇ ਬਾਂਡ 'ਤੇ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਕੁੱਝ ਸਖ਼ਤ ਸ਼ਰਤਾਂ ਵੀ ਲਗਾਈਆਂ ਹਨ। ਮੁਲਜ਼ਮ ਨੂੰ ਪਹਿਲੇ 6 ਮਹੀਨਿਆਂ ਤੱਕ ਹਰ 15 ਦਿਨਾਂ ਬਾਅਦ ਪੁਲਸ ਸਟੇਸ਼ਨ ਵਿੱਚ ਹਾਜ਼ਰੀ ਲਗਵਾਉਣੀ ਪਵੇਗੀ। ਉਹ ਗੁਜਰਾਤ ਛੱਡ ਕੇ ਨਹੀਂ ਜਾ ਸਕੇਗਾ। ਆਪਣੇ ਪਤੇ ਵਿੱਚ ਕਿਸੇ ਵੀ ਬਦਲਾਅ ਬਾਰੇ ਜਾਂਚ ਅਧਿਕਾਰੀ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕਾਰ ਮਾਲਕ ਦੇ ਬੇਟੇ ਪ੍ਰਾਂਸ਼ੂ ਚੌਹਾਨ ਨੂੰ ਪਹਿਲਾਂ ਹੀ ਨਿਚਲੀ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਜਾ ਚੁੱਕੀ ਹੈ।
ਮੋਦੀ ਸਰਕਾਰ ਨੇ ਛੋਟੇ ਵਪਾਰੀਆਂ ਨੂੰ ਖ਼ਰਾਬ ਨੀਤੀਆਂ ਦੀਆਂ ਜ਼ੰਜੀਰਾਂ ’ਚ ਬੰਨ੍ਹਿਆ : ਰਾਹੁਲ ਗਾਂਧੀ
NEXT STORY