ਵਡੋਦਰਾ- ਗੁਜਰਾਤ ਵਿਚ ਕੁਦਰਤ ਦੀ ਅਜਿਹੀ ਆਫ਼ਤ ਆਈ ਹੈ ਕਿ ਘਰ-ਬਾਰ ਡੁੱਬ ਗਏ ਹਨ। ਮੋਹਲੇਧਾਰ ਮੀਂਹ ਮਗਰੋਂ ਇੱਥੇ ਹੜ੍ਹ ਆ ਗਿਆ ਹੈ, ਜਿਸ ਕਾਰਨ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਆਮ ਨਾਲੋਂ ਕਿਤੇ ਜ਼ਿਆਦਾ ਮੀਂਹ ਪੈਣ ਕਾਰਨ 18 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉੱਥੇ ਹੀ ਅਗਲੇ 5 ਦਿਨ ਵੀ ਹਾਲਾਤ ਸੁਧਰਣ ਵਾਲੇ ਨਹੀਂ ਹਨ। ਮੌਸਮ ਵਿਭਾਗ ਨੇ ਗੁਜਰਾਤ ਵਿਚ ਅਗਲੇ 5 ਦਿਨਾਂ ਲਈ ਮੋਹਲੇਧਾਰ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਗੁਜਰਾਤ ਵਿਚ ਮੀਂਹ ਅਤੇ ਹੜ੍ਹ ਕਾਰਨ ਇਨਸਾਨਾਂ ਵਾਂਗ ਜਾਨਵਰ ਵੀ ਪਰੇਸ਼ਾਨ ਹਨ। ਹੜ੍ਹ ਦੀ ਵਜ੍ਹਾ ਤੋਂ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ ਵਿਚ ਦਾਖ਼ਲ ਹੋ ਗਏ ਹਨ। ਵਡੋਦਰਾ 'ਚ ਇਕ ਮਗਰਮੱਛ ਇਕ ਗਾਰਡਨ ਵਿਚ ਦਾਖ਼ਲ ਹੋ ਗਿਆ। ਜਿਵੇਂ ਹੀ ਲੋਕਾਂ ਨੂੰ ਇਸ ਦੀ ਖ਼ਬਰ ਮਿਲੀ ਤਾਂ ਜਲਦਬਾਜ਼ੀ ਵਿਚ ਇਸ ਨੂੰ ਫੜਿਆ ਗਿਆ। ਉੱਥੇ ਹੀ ਮੋਹਲੇਧਾਰ ਮੀਂਹ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਚ ਫਸੇ ਲੋਕਾਂ ਨੂੰ ਬਚਾਉਣ ਲਈ ਭਾਰਤੀ ਤੱਟ ਰੱਖਿਅਕ ਜਹਾਜ਼ ਦੀ ਵਰਤੋਂ ਕੀਤੀ ਜਾ ਰਹੀ ਹੈ।

ਵਡੋਦਰਾ ਦੇ ਸਯਾਜੀਗੰਜ ਇਲਾਕੇ ਵਿਚ 8 ਫੁੱਟ ਤੱਕ ਪਾਣੀ ਭਰ ਗਿਆ ਹੈ। ਲੋਕ ਦੋ ਦਿਨਾਂ ਤੋਂ ਘਰਾਂ ਵਿਚ ਕੈਦ ਹਨ। ਨਾ ਬਿਜਲੀ ਹੈ, ਨਾ ਪਾਣੀ ਹੈ। ਅਜਿਹੇ ਵਿਚ ਫ਼ੌਜ ਮਸੀਹਾ ਬਣ ਕੇ ਆਈ ਹੈ। ਫ਼ੌਜ ਦੇ ਜਵਾਨਾਂ ਨੇ ਰੱਸੀਆਂ-ਬਾਲਟੀਆਂ ਦੀ ਮਦਦ ਨਾਲ ਹਰ ਘਰ ਵਿਚ ਪਾਣੀ-ਖਾਣਾ ਪਹੁੰਚਾਇਆ। ਹੈਲੀਕਾਪਟਰ ਦੀ ਮਦਦ ਨਾਲ ਖਾਣ-ਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ। NDRF, SDRF, ਫ਼ੌਜ, ਭਾਰਤੀ ਹਵਾਈ ਫ਼ੌਜ ਅਤੇ ਭਾਰਤੀ ਤੱਟ ਰੱਖਿਅਕ ਬਲ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜ ਕਰ ਰਹੇ ਹਨ।

ਗੁਜਰਾਤ ਸੂਬਾ ਇਸ ਸਮੇਂ ਬਹੁਤ ਮੁਸ਼ਕਲ ਵਿਚ ਹੈ। ਆਮ ਨਾਲੋਂ ਕਿਤੇ ਜ਼ਿਆਦਾ ਮੀਂਹ ਪੈਣ ਕਾਰਨ ਗੁਜਰਾਤ ਦੇ 18 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਕੱਛ, ਦੁਆਰਕਾ, ਜਾਮਨਗਰ, ਮੋਰਬੀ, ਸੁਰੇਂਦਰਨਗਰ, ਜੂਨਾਗੜ੍ਹ, ਰਾਜਕੋਟ, ਬੋਟਾਦ, ਗੀਰਸੋਮਨਾਥ, ਅਮਰੇਲੀ ਅਤੇ ਭਾਵਨਗਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ 29 ਅਗਸਤ ਨੂੰ ਗੁਜਰਾਤ ਦੇ 33 ਜ਼ਿਲ੍ਹਿਆਂ ਵਿਚੋਂ 11 ਜ਼ਿਲ੍ਹਿਆਂ 'ਚ ਰੈੱਡ ਅਲਰਟ ਤਾਂ ਬਾਕੀ 22 ਜ਼ਿਲ੍ਹਿਆਂ ਵਿਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਮੁਸਲਿਮ ਵਿਆਹ ਅਤੇ ਤਲਾਕ ਕਾਨੂੰਨ ਨੂੰ ਰੱਦ ਕਰਨ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
NEXT STORY