ਨਵੀਂ ਦਿੱਲੀ— ਖਾੜੀ ਦੇਸ਼ਾਂ 'ਚ ਜਾ ਕੇ ਕਮਾਈਆਂ ਕਰਨਾ ਕੋਈ ਸੌਖਾ ਕੰਮ ਨਹੀਂ। ਇਨ੍ਹਾਂ ਦੇਸ਼ਾਂ ਵਿਚ ਗਏ ਭਾਰਤੀਆਂ ਨੂੰ ਖੂਨ-ਪਸੀਨਾ ਵਹਾਉਣਾ ਪੈਂਦਾ ਹੈ, ਇੱਥੋਂ ਤਕ ਕਿ ਕਈਆਂ ਨੂੰ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ। ਇਕ ਅਧਿਐਨ ਮੁਤਾਬਕ ਪਿਛਲੇ 6 ਸਾਲਾਂ ਵਿਚ ਖਾੜੀ ਦੇਸ਼ਾਂ ਵਿਚ ਰੋਜ਼ਾਨਾ ਔਸਤਨ 10 ਭਾਰਤੀ ਮਜ਼ਦੂਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਭਾਰਤ ਵਿਚ ਵਿਦੇਸ਼ ਤੋਂ ਭੇਜੀ ਗਈ ਕੁੱਲ ਰਕਮ ਦਾ ਅੱਧਾ ਹਿੱਸਾ ਇਨ੍ਹਾਂ ਮਜ਼ਦੂਰਾਂ ਦੀ ਕਮਾਈ ਦਾ ਹੈ। 6 ਦੇਸ਼ਾਂ— ਬਹਿਰੀਨ, ਓਮਾਨ, ਕੁਵੈਤ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਭਾਰਤੀ ਮਜ਼ਦੂਰ ਕੰਮਾਂ ਲਈ ਗਏ ਹਨ। ਇਹ ਗੱਲ ਸਰਕਾਰ ਵਲੋਂ 26 ਅਗਸਤ, 2018 ਨੂੰ ਸੰਸਦ ਵਿਚ ਆਖੀ ਗਈ ਸੀ ਕਿ ਸਾਲ 2017 ਦੌਰਾਨ ਖਾੜੀ ਦੇ 6 ਦੇਸ਼ਾਂ 'ਚ ਕਰੀਬ 22 ਲੱਖ ਦੇ ਕਰੀਬ ਭਾਰਤੀ ਮਜ਼ਦੂਰ ਵਰਕਰ ਸਨ।
ਸਵੈ-ਸੇਵੀ ਸੰਸਥਾ ਕਾਮਨਵੈੱਲਥ ਹਿਊਮਨ ਰਾਈਟਰਜ਼ ਇਨੀਸਿਏਟਿਵ (ਸੀ. ਐੱਚ. ਆਰ. ਆਈ.) ਨੇ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਤਹਿਤ ਮਿਲੀ ਜਾਣਕਾਰੀਆਂ ਦਾ ਵਿਸ਼ਲੇਸ਼ਣ ਕਰਨ ਮਗਰੋਂ ਇਹ ਗੱਲ ਉਜਾਗਰ ਕੀਤੀ ਹੈ। ਇਸ ਕੰਮ ਲਈ ਸੀ. ਐੱਚ. ਆਰ. ਆਈ. ਦੇ ਵੈਂਕਟੇਸ਼ ਨਾਇਕ ਨੂੰ ਕਾਫੀ ਮਿਹਨਤ ਕਰਨੀ ਪਈ। ਆਪਣੀ ਆਰ. ਟੀ. ਆਈ. ਅਰਜ਼ੀ ਵਿਚ ਉਨ੍ਹਾਂ ਨੇ 1 ਜਨਵਰੀ 2012 ਤੋਂ ਜੂਨ 2018 ਦਰਮਿਆਨ ਇਨ੍ਹਾਂ 6 ਦੇਸ਼ਾਂ ਵਿਚ ਭਾਰਤੀਆਂ ਮਜ਼ਦੂਰਾਂ ਦੀ ਹੋਈ ਮੌਤ ਦੇ ਅੰਕੜਿਆਂ ਬਾਰੇ ਵਿਦੇਸ਼ ਮੰਤਰਾਲੇ ਤੋਂ ਜਾਣਕਾਰੀ ਮੰਗੀ ਸੀ। ਇਸ ਬਾਰੇ ਇਨ੍ਹਾਂ ਦੇਸ਼ਾਂ 'ਚ ਸਥਿਤ ਭਾਰਤੀ ਦੂਤਘਰਾਂ ਨੇ ਅੰਕੜੇ ਮੁਹੱਈਆ ਕਰਵਾਏ। ਉਪਲੱਬਧ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2012 ਤੋਂ ਮੱਧ 2018 ਦਰਮਿਆਨ ਖਾੜੀ ਦੇਸ਼ਾਂ ਵਿਚ 24,570 ਭਾਰਤੀ ਮਜ਼ਦੂਰਾਂ ਦੀ ਮੌਤ ਹੋਈ।
ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਖਾੜੀ ਦੇਸ਼ਾਂ ਵਿਚ ਰੋਜ਼ਾਨਾ ਤਕਰੀਬਨ 10 ਤੋਂ ਵਧ ਭਾਰਤੀ ਮਜ਼ਦੂਰਾਂ ਦੀ ਮੌਤ ਹੋਈ। ਨਾਇਕ ਨੇ ਇਹ ਵੀ ਦੱਸਿਆ ਕਿ ਪੂਰੀ ਦੁਨੀਆ ਤੋਂ 2012 ਤੋਂ 2017 ਦਰਮਿਆਨ ਵਿਦੇਸ਼ਾਂ ਤੋਂ ਜਿੰਨਾ ਧਨ ਦੇਸ਼ ਵਿਚ ਆਇਆ, ਉਸ ਦਾ ਅੱਧਾ ਹਿੱਸਾ ਭਾਰਤੀ ਮਜ਼ਦੂਰਾਂ ਦੀ ਕਮਾਈ ਦਾ ਸੀ। ਇਸ ਸਮੇਂ ਦੌਰਾਨ ਪੂਰੀ ਦੁਨੀਆ ਤੋਂ 410.33 ਅਰਬ ਅਮਰੀਕੀ ਡਾਲਰ (ਕਰੀਬ 29,930 ਅਰਬ ਰੁਪਏ) ਦੀ ਰਕਮ ਭਾਰਤ 'ਚ ਆਈ, ਇਸ 'ਚੋਂ ਖਾੜੀ ਦੇ ਦੇਸ਼ਾਂ ਦੇ ਭਾਰਤੀ ਮਜ਼ਦੂਰਾਂ ਦੀ ਕਮਾਈ ਦਾ ਹਿੱਸਾ 209.07 ਅਰਬ ਡਾਲਰ (ਲੱਗਭਗ 15,257 ਅਰਬ ਰੁਪਏ) ਦਾ ਰਿਹਾ।
ਸੀ.ਐੱਮ. ਯੋਗੀ ਨੇ ਅਟਲ ਬਿਹਾਰੀ ਬਾਜਪੇਈ ਇਕਾਨਾ ਸਟੇਡੀਅਮ ਦਾ ਕੀਤਾ ਉਦਘਾਟਨ
NEXT STORY