ਗੁਰੂਗ੍ਰਾਮ (ਭਾਸ਼ਾ)- ਹਰਿਆਣਾ 'ਚ ਪਿਛਲੇ 5 ਸਾਲਾਂ ਵਿਚ 706.82 ਕਰੋੜ ਰੁਪਏ ਦੀ ਬਿਜਲੀ ਚੋਰੀ ਦਾ ਪਤਾ ਲੱਗਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਬਿਜਲੀ ਚੋਰੀ ਦੇ ਦੋਸ਼ੀ ਪਾਏ ਜਾਣ ਵਾਲਿਆਂ ਤੋਂ 378.33 ਕਰੋੜ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਗਿਆ ਹੈ। ਦੱਖਣ ਹਰਿਆਣਾ ਬਿਜਲੀ ਵੰਡ ਨਿਗਮ (ਡੀ.ਐੱਚ.ਬੀ.ਵੀ.ਐੱਨ.) ਦੇ ਪ੍ਰਬੰਧ ਨਿਰਦੇਸ਼ਕ (ਐੱਮ.ਡੀ.) ਪੀ.ਸੀ. ਮੀਨਾ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 'ਚ ਪਿਛਲੇ ਮਹੀਨੇ ਤੱਕ 51.21 ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ ਗਈ ਹੈ ਅਤੇ 31.22 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। ਐੱਮ.ਡੀ. ਅਨੁਸਾਰ, ਤਕਨੀਕੀ ਦਖਲਅੰਦਾਜ਼ੀ ਅਤੇ ਚੋਰੀ ਦਾ ਪਤਾ ਲਗਾਉਣ ਨਾਲ ਡਿਸਕਾਮ ਨੇ ਤਕਨੀਕੀ ਅਤੇ ਵੰਡ ਘਾਟੇ ਨੂੰ ਕਾਫ਼ੀ ਘੱਟ ਕਰ ਲਿਆ ਹੈ।
ਇਹ ਵੀ ਪੜ੍ਹੋ : ਜਾਮ 'ਚ ਫਸੀ ਕਾਰ, 3 ਕਿਲੋਮੀਟਰ ਦੌੜ ਕੇ ਆਪ੍ਰੇਸ਼ਨ ਕਰਨ ਪਹੁੰਚਿਆ ਡਾਕਟਰ
ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2021-22 'ਚ 156.65 ਕਰੋੜ ਰੁਪਏ ਦੀ ਬਿਜਲੀ ਚੋਰੀ ਪਾਈ ਗਈ ਅਤੇ 78.70 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਬਿਜਲੀ ਕੰਪਨੀ ਦੀ ਟੀਮ ਵੱਲੋਂ 1,81,078 ਖਪਤਕਾਰਾਂ ਦੇ ਬਿਜਲੀ ਮੀਟਰਾਂ ਦੀ ਚੈਕਿੰਗ ਕੀਤੀ ਗਈ ਅਤੇ 45,470 ਲੋਕ ਬਿਜਲੀ ਚੋਰੀ ਕਰਦੇ ਫੜੇ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ 42,501 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਮੀਨਾ ਨੇ ਕਿਹਾ,“ਬਿਜਲੀ ਦੀ ਚੋਰੀ ਕਾਨੂੰਨੀ ਅਪਰਾਧ ਹੈ ਅਤੇ ਉਨ੍ਹਾਂ ਖਪਤਕਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਬਕਾਇਆ ਜੁਰਮਾਨਾ ਜਮ੍ਹਾ ਨਹੀਂ ਕੀਤਾ ਹੈ। ਬਿਜਲੀ ਚੋਰੀ ਲਈ ਜੁਰਮਾਨਾ ਅਤੇ ਸਜ਼ਾ ਦਾ ਪ੍ਰਬੰਧ ਹੈ। ਡੀ.ਐੱਚ.ਬੀ.ਵੀ.ਐੱਨ ਨੇ ਇਕ ਪੋਰਟਲ ਲਾਂਚ ਕੀਤਾ ਹੈ ਅਤੇ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦੇ ਰਿਹਾ ਹੈ।” ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਬਿਜਲੀ ਚੋਰੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਟੋਲ ਫਰੀ ਨੰਬਰ 18001801011 'ਤੇ ਕਾਲ ਕਰਕੇ ਬਿਜਲੀ ਚੋਰੀ ਰੋਕਣ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੋਬਾਇਲ ਟਾਰਚ ਦੀ ਰੋਸ਼ਨੀ ਨਾਲ ਡਾਕਟਰ ਕਰ ਰਹੇ ਸਨ ਇਲਾਜ, ਵੀਡੀਓ ਵਾਇਰਲ ਹੁੰਦੇ ਹੀ ਮਿਲੇ ਜਾਂਚ ਦੇ ਆਦੇਸ਼
NEXT STORY