ਬੈਂਗਲੁਰੂ— ਕਰਨਾਟਕ ਦੇ ਮੁੱਖ ਮੰਤਰੀ ਅਤੇ ਜੇ.ਡੀ.ਐੱਸ. ਨੇਤਾ ਐੱਚ.ਡੀ. ਕੁਮਾਰਸਵਾਮੀ ਨੇ ਸਿੱਧਰਮਈਆ ਕੈਂਪ ਵਲੋਂ ਹੋ ਰਹੇ ਹਮਲਿਆਂ ਤੋਂ ਦੁਖੀ ਹੋ ਕੇ ਅਹੁਦਾ ਛੱਡਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਆਪਣੀ ਹੱਦ ਪਾਰ ਕਰ ਰਹੇ ਹਨ ਅਤੇ ਕਾਂਗਰਸ ਨੇਤਾ ਉਨ੍ਹਾਂ 'ਤੇ ਰੋਕ ਲਗਾਉਣ। ਜ਼ਿਕਰਯੋਗ ਹੈ ਕਿ ਕੁਮਾਰਸਵਾਮੀ ਦਾ ਬਿਆਨ ਅਜਿਹੇ ਸਮੇਂ 'ਤੇ ਆਇਆ ਹੈ, ਜਦੋਂ ਸਿੱਧਰਮਈਆ ਦੇ ਸਮਰਥਕ ਵਿਧਾਇਕਾਂ ਨੇ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਦੱਸਿਆ ਸੀ। ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਨੇ ਸੋਮਵਾਰ ਨੂੰ ਸਿੱਧਰਮਈਆ ਸਮਰਥਕਾਂ ਦੇ ਬਿਆਨ 'ਤੇ ਮੀਡੀਆ ਨਾਲ ਗੱਲਬਾਤ 'ਚ ਕਿਹਾ,''ਕਾਂਗਰਸ ਲੀਡਰਸ਼ਿਪ ਨੂੰ ਇਨ੍ਹਾਂ ਸਾਰੇ ਮੁੱਦਿਆਂ ਨੂੰ ਦੇਖਣਾ ਹੋਵੇਗਾ। ਮੈਂ ਇਸ ਨੂੰ ਲੈ ਕੇ ਬਹੁਤ ਚਿੰਤਤ ਨਹੀਂ ਹਾਂ। ਜੇਕਰ ਉਹ ਇਨ੍ਹਾਂ ਸਾਰਿਆਂ ਨਾਲ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਮੈਂ ਅਹੁਦਾ ਛੱਡਣ ਲਈ ਤਿਆਰ ਹਾਂ। ਉਹ ਹੱਦ ਪਾਰ ਕਰ ਰਹੇ ਹਨ, ਕਾਂਗਰਸ ਨੇਤਾਵਾਂ ਨੂੰ ਆਪਣੇ ਵਿਧਾਇਕਾਂ ਨੂੰ ਕੰਟਰੋਲ 'ਚ ਰੱਖਣਾ ਹੋਵੇਗਾ।'' ਇਸ ਦੌਰਾਨ ਮੁੱਖ ਮੰਤਰੀ ਕੁਮਾਰਸਵਾਮੀ ਦੇ ਅਹੁਦਾ ਛੱਡਣ ਦੀ ਧਮਕੀ 'ਤੇ ਕਾਂਗਰਸ ਵਲੋਂ ਵੀ ਬਿਆਨ ਆਇਆ ਹੈ। ਰਾਜ ਦੇ ਉੱਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਜੀ ਪਰਮੇਸ਼ਵਰਾ ਨੇ ਕਿਹਾ,''ਸਿੱਧਰਮਈਆ ਸਰਵਸ਼੍ਰੇਸ਼ਠ ਮੁੱਖ ਮੰਤਰੀ ਰਹੇ ਹਨ। ਉਹ ਸਾਡੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ। ਵਿਧਾਇਕਾਂ ਲਈ ਸਿੱਧਰਮਈਆ ਮੁੱਖ ਮੰਤਰੀ ਹਨ। ਉਨ੍ਹਾਂ ਨੇ ਆਪਣੀ ਰਾਏ ਰੱਖੀ ਹੈ, ਇਸ 'ਚ ਗਲਤ ਕੀ ਹੈ? ਅਸੀਂ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ ਕੁਮਾਰਸਵਾਮੀ ਤੋਂ ਖੁਸ਼ ਹਾਂ।''
ਟਕਰਾਅ ਕਾਰਨ ਕੈਬਨਿਟ ਬੈਠਕ ਹੋਈ ਰੱਦ
ਜ਼ਿਕਰਯੋਗ ਹੈ ਕਿ ਕਰਨਾਟਕ 'ਚ ਸੱਤਾਧਾਰੀ ਜੇ.ਡੀ.ਐੱਸ-ਕਾਂਗਰਸ ਗਠਜੋੜ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਸੱਤਾ ਨੂੰ ਲੈ ਕੇ ਟਕਰਾਅ ਜਾਰੀ ਹੈ। ਇਸ ਟਕਰਾਅ ਦਾ ਨਤੀਜਾ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਹੈ।'' ਤਾਜ਼ਾ ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਸਿੱਧਰਮਈਆ ਦੇ ਸਮਰਥਕਾਂ ਨੇ ਐਤਵਾਰ ਨੂੰ ਇਕ ਇਵੈਂਟ 'ਚ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਉਹ ਕਾਂਗਰਸ ਦੇ ਮੰਤਰੀ ਸੀ. ਪੁਤਰੰਗਾ ਸ਼ੈੱਟੀ ਨਾਲ ਮੌਜੂਦ ਸਨ। ਉਨ੍ਹਾਂ ਦੇ ਸਮਰਥਕਾਂ ਨੇ ਇੱਥੇ ਕਿਹਾ ਕਿ ਆਪਣੇ ਨੇਤਾ (ਸਿੱਧਰਮਈਆ) ਨੂੰ ਹੁਣ ਵੀ ਮੁੱਖ ਮੰਤਰੀ ਮੰਨਦੇ ਹਨ। ਕਰਨਾਟਕ ਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਾਂਗਰਸ ਵਿਧਾਇਕ ਐੱਸ.ਟੀ. ਸੋਮਸ਼ੇਖਰ ਨੇ ਕਿਹਾ,''ਗਠਜੋੜ ਦੀ ਸਰਕਾਰ ਨੂੰ 7 ਮਹੀਨੇ ਹੋ ਚੁਕੇ ਹਨ ਪਰ ਵਿਕਾਸ ਦੇ ਨਾਂ 'ਤੇ ਕੁਝ ਨਹੀਂ ਹੋਇਆ। ਜੇਕਰ ਸਿੱਧਰਮਈਆ ਨੂੰ ਮੁੱਖ ਮੰਤਰੀ ਦੇ ਰੂਪ 'ਚ 5 ਸਾਲ ਹੋਰ ਮਿਲੇ ਤਾਂ ਸਾਨੂੰ ਸਹੀ ਮਾਇਨਿਆਂ 'ਚ ਵਿਕਾਸ ਦੇਖਣ ਨੂੰ ਮਿਲਦਾ।''
IRCTC ਘਪਲਾ : ਲਾਲੂ, ਰਾਬੜੀ ਤੇ ਤੇਜਸਵੀ ਨੂੰ ਮਿਲੀ ਜ਼ਮਾਨਤ
NEXT STORY