ਨਵੀਂ ਦਿੱਲੀ— ਜੇਕਰ ਤੁਸੀਂ ਹਾਲੇ ਤਕ ਆਪਣੀ ਗੱਡੀ ਦੀ ਨੰਬਰ ਪਲੇਟ ਨੂੰ ਹਾਈ ਸਕਿਊਰਿਟੀ ਨੰਬਰ ਪਲੇਟ 'ਚ ਤਬਦੀਲ ਨਹੀਂ ਕਰਵਾਇਆ ਤਾਂ ਤੁਹਾਨੂੰ ਦਿੱਲੀ ਦੀਆਂ ਸੜਕਾਂ 'ਤੇ ਕਾਰ ਚਲਾਉਣ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿੱਲੀ 'ਚ ਅੱਜ ਤੋਂ ਭਾਵ ਸ਼ਨੀਵਾਰ 13 ਅਕਤੂਬਰ ਤੋਂ ਸਾਰੀਆਂ ਗੱਡੀਆਂ ਲਈ ਹਾਈ ਸਕਿਊਰਿਟੀ ਨੰਬਰ ਪਲੇਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਦਿੱਲੀ ਦੀਆਂ ਰਜ਼ਿਸਟ੍ਰੇਸ਼ਨ ਵਾਲੀਆਂ ਜਿਨ੍ਹਾਂ ਕਾਰਾਂ 'ਤੇ ਹਾਈ ਸਕਿਊਰਿਟੀ ਨੰਬਰ ਪਲੇਟ ਨਹੀਂ ਮਿਲੇਗੀ, ਉਨ੍ਹਾਂ ਗੱਡੀਆਂ ਦੇ ਮਾਲਿਕਾਂ 'ਤੇ 500 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ ਤੇ ਉਨ੍ਹਾਂ ਨੂੰ ਕਰੀਬ 3 ਮਹੀਨੇ ਲਈ ਜੇਲ ਵੀ ਜਾਣਾ ਪੈ ਸਕਦਾ ਹੈ। ਉਂਝ ਹੁਣ ਸਾਰੀਆਂ ਨਵੀਂ ਗੱਡੀਆਂ 'ਚ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਏ ਜਾ ਰਹੇ ਹਨ। ਸਰਕਾਰ ਦੇ ਇਸ ਕਦਮ ਨਾਲ ਪੁਰਾਣੀਆਂ ਗੱਡੀਆਂ ਦੇ ਮਾਲਿਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਸਕਦੀ ਹੈ ਜੋ ਲਗਾਤਾਰ ਪੁਰਾਣੀ ਨੰਬਰ ਪਲੇਟ ਨਾਲ ਹੀ ਗੱਡੀਆਂ ਚਲਾ ਰਹੇ ਹਨ। ਦਿੱਲੀ ਆਵਾਜਾਈ ਵਿਭਾਗ ਦੇ ਅੰਕੜਿਆਂ ਮੁਤਾਬਕ, ਇਥੇ ਕਰੀਬ 40 ਲੱਖ ਮੋਟਰ ਗੱਡੀਆਂ ਹਨ ਜੋ ਪੁਰਾਣੀ ਨੰਬਰ ਪਲੇਟ ਨਾਲ ਚੱਲ ਰਹੀਆਂ ਹਨ।
ਇਸ ਤੋਂ ਪਹਿਲਾਂ ਸਰਕਾਰ ਨੇ ਸੂਚਨਾ ਜਾਰੀ ਕਰਕੇ ਸਾਰੇ ਕਾਰ ਤੇ ਬਾਈਕ ਵਾਲਿਆਂ ਨੂੰ ਆਪਣੀ ਨੰਬਰ ਪਲੇਟ ਬਦਲਵਾਉਣ ਨੂੰ ਕਿਹਾ ਸੀ। ਇਹ ਪ੍ਰਕਿਰਿਆ 2 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਵਾਹਨਾਂ ਦੀ ਚੋਰੀ ਨੂੰ ਰੋਕਣ ਤੇ ਗਲਤ ਕੰਮ ਲਈ ਇਸਤੇਮਾਲ ਹੋਣ ਤੋਂ ਰੋਕਣ ਲਈ ਇਹ ਪ੍ਰਕਿਰਿਆ ਸੁਰੂ ਕੀਤੀ ਗਈ ਸੀ। ਹਾਈ ਸਕਿਊਰਿਟੀ ਨੰਬਰ ਪਲੇਟ ਐਲੁਮੀਨੀਅਮ ਦੀ ਬਣੀ ਤੇ ਚਮਕੀਲੇ ਟੇਪ ਵਾਲੀ ਹੁੰਦੀ ਹੈ। ਇਸ ਤੋਂ ਇਲਾਵਾ ਨੰਬਰ ਪਲੇਟ ਤੇ ਗੱਡੀ ਦੇ ਇੰਜਣ ਬਾਰੇ ਜਾਣਕਾਰੀ ਨਾਲ ਹੀ ਚੇਸਿਸ ਨੰਬਰ ਤੇ ਲੇਜ਼ਰ ਬ੍ਰਾਂਡਿੰਗ ਨਾਲ 10 ਅੰਕਾਂ ਦਾ ਪ੍ਰਮਾਨੈਂਟ ਪਛਾਣ ਸੰਖਿਆ ਵੀ ਦਰਜ ਹੈ। ਦੱਸ ਦਈਏ ਕਿ ਟੂ ਵੀਲਰ ਲਈ ਹਾਈ ਸਕਿਊਰਿਟੀ ਨੰਬਰ ਪਲੇਟ ਦੇ 67 ਰੁਪਏ ਤੇ ਫੋਰ ਵੀਲਰ ਲਈ 213 ਰੁਪਏ ਦੇਣੇ ਹੋਣਗੇ। ਗੱਡੀ ਮਾਲਕਾਂ ਦੀ ਸੁਵਿਧਾ ਲਈ ਦਿੱਲੀ 'ਚ ਨੰਬਰ ਪਲੇਟ ਬਦਲਵਾਉਣ ਲਈ 13 ਸੈਂਟਰ ਬਣਾਏ ਗਏ ਸਨ।
ਜੰਮੂ-ਕਸ਼ਮੀਰ 'ਚ ਤੀਸਰੇ ਗੇੜ ਦੀਆਂ ਨਗਰ ਨਿਗਮ ਚੋਣਾਂ ਅੱਜ (ਪੜ੍ਹੋ 13 ਅਕਤੂਬਰ ਦੀਆਂ ਖਾਸ ਖਬਰਾਂ)
NEXT STORY