ਨੈਸ਼ਨਲ ਡੈਸਕ- ਬਰਸਾਤ ਦਾ ਮੌਸਮ ਹਿਮਾਚਲ ’ਚ ਸਭ ਤੋਂ ਸਹਾਵਣਾ ਮੌਸਮ ਹੁੰਦਾ ਹੈ। ਦੂਰ ਪਹਾੜ ’ਤੇ ਜਦ ਬੱਦਲ ਘੰਣੇ ਸ਼ੁਰੂ ਹੁੰਦੇ ਹਨ ਤਾਂ ਵਾਦੀਆਂ ਮੋਰ ਦੀ ਧੁੰਨ ’ਤੇ ਨੱਚਣ ਲੱਗਦੀਆਂ ਹਨ ਪਰ ਇਸ ਵਾਰ ਅਜਿਹਾ ਮੀਂਹ ਪਿਆ ਕਿ ਉਸ ਨੇ ਸਾਰੀ ਤਸਵੀਰ ਬਦਲ ਦਿੱਤੀ। ਕੁਦਰਤ ਨੇ ਅਜਿਹੀ ਤਬਾਹੀ ਮਚਾਈ ਕਿ ਜਿਥੇ ਦੇਖੋ ਲੋਕਾਂ ਦੀਆਂ ਚੀਕਾਂ, ਹੜ੍ਹ ਨੇ ਅਜਿਹੇ ਜ਼ਖਮ ਦਿੱਤੇ ਕਿ ਲੋਕਾਂ ਨੂੰ ਉਸ ਤੋਂ ਠੀਕ ਹੋਣ ’ਚ ਉਮਰ ਲੱਗ ਜਾਵੇਗੀ।
ਲਗਭਗ 3 ਹਜ਼ਾਰ ਘਰ ਪੂਰੀ ਤਰ੍ਹਾਂ ਢਹਿ ਗਏ ਤਾਂ 10 ਹਜ਼ਾਰ ਬੁਰੀ ਤਰ੍ਹਾਂ ਨੁਕਸਾਨੇ ਗਏ। 400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਸੜਕਾਂ, ਜ਼ਮੀਨ ਦੇ ਰੁੜ੍ਹਨ ਦਾ ਤਾਂ ਪੂਰਾ ਹਿਸਾਬ ਲਗਾਉਣਾ ਹੀ ਮੁਸ਼ਕਲ ਹੈ। ਕੋਈ ਪਿੰਡ ਅਜਿਹਾ ਨਹੀਂ ਹੈ, ਜਿਥੇ ਮੀਂਹ ਨੇ ਤਬਾਹੀ ਨਾ ਮਚਾਈ ਹੋਵੇ। ਅਜਿਹੇ ’ਚ ਸਰਕਾਰ ਦੇ ਸਾਹਮਣੇ ਹੁਣ ਹਿਮਾਚਲ ਦੇ ਮੁੜ-ਨਿਰਮਾਣ ਦੀ ਚੁਣੌਤੀ ਹੈ। ਇਸ ਚੁਣੌਤੀ ਤੋਂ ਕਿਵੇਂ ਪਾਰ ਪਾਉਣਗੇ, ਇਸ ਨੂੰ ਲੈ ਕੇ ‘ ਜਗ ਬਾਣੀ’ ਟੀ. ਵੀ. ਦੇ ਸੰਜੀਵ ਸ਼ਰਮਾ ਨੇ ਸੂਬੇ ਦੇ ਮੁੱਖ ਮੰਤਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਉਸ ਦੇ ਮੁੱਖ ਅੰਸ਼-
ਛੇਤੀ ਉਸੇ ਅੰਦਾਜ਼ ’ਚ ਹੱਸਦਾ-ਖੇਡਦਾ ਨਜ਼ਰ ਆਏਗਾ ਹਿਮਾਚਲ
ਮੁੱਖ ਮੰਤਰੀ ਨੇ ‘ਜਗ ਬਾਣੀ’ ਨਾਲ ਗੱਲਬਾਤ ’ਚ ਭਰੋਸਾ ਪ੍ਰਗਟਾਇਆ ਕਿ ਅਸੀਂ ਹੜ੍ਹ ਦੇ ਜ਼ਖਮਾਂ ਤੋਂ ਪਾਰ ਪਾ ਲਵਾਂਗੇ ਅਤੇ 4 ਸਾਲਾਂ ’ਚ ਸੂਬੇ ਨੂੰ ਆਤਮਨਿਰਭਰ ਬਣਾ ਦੇਵਾਂਗੇ। 10 ਸਾਲਾਂ ’ਚ ਸੂਬੇ ਨੂੰ ਹਿੰਦੋਸਤਾਨ ਦਾ ਸਭ ਤੋਂ ਖੁਸ਼ਹਾਲ ਤੇ ਅਮੀਰ ਸੂਬਾ ਬਣਾ ਦੇਵਾਂਗੇ। ਅਸੀਂ ਇਕ ਯੋਜਨਾ ਤਹਿਤ ਕੰਮ ਕਰ ਰਹੇ ਹਾਂ ਅਤੇ ਆਫਤ ਨਾ ਆਉਂਦੀ ਤਾਂ ਤੁਸੀਂ ਉਸ ਦੇ ਸੰਕੇਤ ਹੁਣ ਤੱਕ ਦੇਖਣਾ ਵੀ ਸ਼ੁਰੂ ਕਰ ਦਿੰਦੇ। ਪਹਿਲਾ ਨਿਵੇਸ਼ ਦੇ ਨਾਂ ’ਤੇ ਸੂਬੇ ਦੀ ਜਾਇਦਾਦ ਨੂੰ ਲੁੱਟਿਆ ਗਿਆ। ਅਸੀਂ ਇਸ ’ਤੇ ਬ੍ਰੇਕ ਲਾਉਣ ਦਾ ਫੈਸਲਾ ਕੀਤਾ ਹੈ। ਬਾਹਰੀ ਕੰਪਨੀਆਂ ਕਮਾਉਣ ਪਰ 60 ਫੀਸਦੀ ਖੁਦ ਕਮਾਉਣ ਤੇ 40 ਫੀਸਦੀ ਸੂਬੇ ਨੂੰ ਵੀ ਮਿਲੇ। ਕੁਝ ਕਰ ਕੇ ਦਿਖਾਵਾਂਗੇ ਤਾਂ ਹਰ ਹਿਮਾਚਲੀ ਮਾਣ ਮਹਿਸੂਸ ਕਰੇਗਾ।
ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਕਿੰਨਾ ਸਮਾਂ ਲੱਗ ਜਾਵੇਗਾ ਇਸ ਤ੍ਰਾਸਦੀ ਤੋਂ ਉਭਰਨ ’ਚ?
ਇਹ ਹਿਮਾਚਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਮੈਂ ਆਪਣੀ ਜ਼ਿੰਦਗੀ ’ਚ ਇੰਨੀ ਤਬਾਹੀ ਨਹੀਂ ਦੇਖੀ, ਨਾ ਹੀ ਬਜ਼ੁਰਗਾਂ ਤੋਂ ਅਜਿਹਾ ਸੁਣਿਆ। ਲਗਭਗ 400 ਲੋਕ ਸਾਨੂੰ ਛੱਡ ਕੇ ਚਲੇ ਗਏ। ਪਾਣੀ, ਸਿੰਚਾਈ ਦੀਆਂ ਹਜ਼ਾਰਾਂ ਯੋਜਨਾਵਾਂ ਰੁੜ੍ਹ ਗਈਆਂ। ਘਰ, ਸੜਕਾਂ ਸਭ ਰੁੜ੍ਹ ਗਿਆ। ਮੈਂ ਧੰਨਵਾਦੀ ਹਾਂ ਸੂਬੇ ਦੇ ਮੁਲਾਜ਼ਮਾਂ ਦਾ, ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ, ਵਿਧਾਇਕਾਂ ਦਾ ਜਿਨ੍ਹਾਂ ਨੇ 48 ਘੰਟਿਆਂ ਦੇ ਅੰਦਰ-ਅੰਦਰ ਬਿਜਲੀ-ਪਾਣੀ ਬਹਾਲ ਕੀਤਾ। ਹੁਣ ਲੋਕਾਂ ਦੇ ਘਰਾਂ, ਸੜਕਾਂ ਆਦਿ ਦਾ ਮੁੜ-ਨਿਰਮਾਣ ਦਾ ਕੰਮ ਹੈ। ਇਕ-ਇਕ ਪ੍ਰਭਾਵਿਤ ਦਾ ਮੁੜ-ਵਸੇਬਾ ਕਰਾਂਗੇ। ਉਸ ਲਈ ਪੈਸਾ ਲੱਗੇਗਾ ਪਰ ਅਸੀਂ ਦ੍ਰਿੜ-ਸੰਕਲਪ ਹਾਂ ਕਿ ਸਾਰਿਆਂ ਦੀ ਪੂਰੀ ਮਦਦ ਹੋਵੇ।
ਪਰ ਇਹ ਪੈਸਾ ਆਏਗਾ ਕਿੱਥੋਂ, ਸਰਕਾਰ ਕੋਲ ਤਾਂ ਇੰਨਾ ਪੈਸਾ ਹੈ ਨਹੀਂ। ਕੇਂਦਰ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਹੈ, ਕੀ ਉਹ ਮਦਦ ਆ ਰਹੀ ਹੈ, ਜੋ ਚਾਹੀਦੀ ਹੈ?
ਬਿਲਕੁਲ ਇਹ ਸਭ ਕੇਂਦਰੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੈ। ਅਸੀਂ ਹਰ ਕੇਂਦਰੀ ਮੰਤਰੀ ਨੂੰ ਮਿਲ ਰਹੇ ਹਾਂ। ਸਭ ਤੋਂ ਮਦਦ ਮੰਗ ਰਹੇ ਹਾਂ। ਅਸੀਂ ਸੰਘੀ ਢਾਂਚੇ ’ਚ ਰਹਿੰਦੇ ਹਾਂ। ਹਿਮਾਚਲ ਵਰਗੇ ਛੋਟੇ ਜਿਹੇ ਸੂਬਾ ਦਾ ਤਾਂ ਕੇਂਦਰ ਦੀ ਮਦਦ ਤੋਂ ਬਿਨਾਂ ਇਕ ਕਦਮ ਵੀ ਚੱਲਣਾ ਸੰਭਵ ਨਹੀਂ ਹੈ। ਸਾਡਾ ਨੁਕਸਾਨ ਲਗਭਗ 12 ਹਜ਼ਾਰ ਕਰੋੜ ਦਾ ਹੈ। ਇਸ ਦੀ ਪੂਰਤੀ ਕਰਨ ’ਚ ਸਮਾਂ ਲੱਗੇਗਾ ਪਰ ਅਸੀਂ ਆਸਵੰਦ ਹਾਂ ਕਿ ਇਕ ਸਾਲ ਦੇ ਅੰਦਰ ਫਿਰ ਤੋਂ ਉਹੀ ਹਿਮਾਚਲ ਬਣਾ ਦੇਵਾਂਗੇ, ਜੋ ਹੜ੍ਹ ਤੋਂ ਪਹਿਲਾਂ ਸੀ ਅਤੇ ਉੱਜੜ ਗਿਆ ਹੈ। ਇਸ ਲਈ ਜੋ ਵੀ ਕਰਨਾ ਪਿਆ, ਅਸੀਂ ਕਰਾਂਗੇ।
ਤੁਸੀਂ ਲਗਾਤਾਰ ਇਸ ਨੂੰ ਰਾਸ਼ਟਰੀ ਆਫਤ ਐਲਾਨੇ ਜਾਣ ਦੀ ਮੰਗ ਕਰ ਰਹੇ ਹੋ ਪਰ ਸੂਬਾ ਭਾਜਪਾ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੀ?
ਇਹ ਤਾਂ ਭਾਜਪਾ ਜਾਣੇ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ ਪਰ ਇੰਨਾ ਜ਼ਰੂਰ ਹੈ ਕਿ ਇਹ ਮੰਗ ਕਾਂਗਰਸ ਸਰਕਾਰ ਦੀ ਨਹੀਂ ਹੈ।...ਇਹ ਹਿਮਾਚਲ ਦੀ ਮੰਗ ਹੈ ਅਤੇ ਉਹ ਵੀ ਹਿਮਾਚਲ ਦਾ ਹਿੱਸਾ ਹਨ। ਜਨਤਾ ਦੇਖ ਰਹੀ ਹੈ। ਜਿਥੋਂ ਤੱਕ ਸਾਡੀ ਸਰਕਾਰ ਦੀ ਗੱਲ ਹੈ, ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਸ ਦਾ ਵੀ ਨੁਕਸਾਨ ਹੋਇਆ ਹੈ, ਉਸ ਦੀ ਹਰ ਸੰਭਵ ਮਦਦ ਹੋਵੇਗੀ। ਸਾਡੇ ਕੋਲ ਜਿੰਨੇ ਵੀ ਸ੍ਰੋਤ ਹਨ, ਉਨ੍ਹਾਂ ਸਾਰਿਆਂ ਨੂੰ ਲਗਾ ਕੇ ਅਸੀਂ ਸਾਰਿਆਂ ਦੀ ਪੂਰੀ ਮਦਦ ਕਰਾਂਗੇ। ਜਿਥੇ ਨਿਯਮ-ਕਾਨੂੰਨ ਬਦਲਣੇ ਪੈਣਗੇ, ਉਥੇ ਉਹ ਕੰਮ ਵੀ ਕੀਤਾ ਜਾਵੇਗਾ। ਕੋਈ ਬਿਨਾਂ ਮਦਦ ਦੇ ਨਹੀਂ ਰਹੇਗਾ। ਜੋ ਮੁਆਵਜ਼ਾ ਰਾਸ਼ੀ ਸੀ, ਉਹ ਹੁਣ ਤੱਕ ਸਿਰਫ 5 ਹਜ਼ਾਰ ਸੀ, ਅਸੀਂ ਉਸ ਨੂੰ ਵਧਾ ਕੇ ਵੱਧ ਕੀਤਾ ਹੈ। ਜਾਨਵਰਾਂ ਤੱਕ ਦਾ ਮੁਆਵਜ਼ਾ ਜ਼ਰੂਰੀ ਹੈ। ਕੁਝ ਚੀਜ਼ਾਂ ਰਹੀਆਂ ਹਨ, ਜਿਨ੍ਹਾਂ ਨੂੰ ਆਉਂਦੇ ਵਿਧਾਨ ਸਭਾ ਇਜਲਾਸ ’ਚ ਪੂਰਾ ਕੀਤਾ ਜਾਵੇਗਾ। ਜ਼ਮੀਨ ਦੇਣੀ ਪਵੇਗੀ, ਜ਼ਮੀਨ ਦੇਵਾਂਗੇ, ਪੈਸਾ ਦੇਣਾ ਪਿਆ ਤਾਂ ਪੈਸਾ ਦੇਵਾਗੇ। ਸਾਰਿਆਂ ਨੂੰ ਮੁੜ ਵਸਾਵਾਂਗੇ।
ਕੇਂਦਰੀ ਮਦਦ ਨੂੰ ਲੈ ਕੇ ਬੜੀ ਕਨਫਿਊਜ਼ਨ ਹੈ, ਅਸਲ ’ਚ ਹੁਣ ਤੱਕ ਕਿੰਨੀ ਮਦਦ ਮਿਲੀ ?
ਹੁਣ ਤੱਕ ਜੋ ਵੀ ਪੈਸਾ ਆਇਆ ਹੈ, ਉਹ ਆਫਤ ਪ੍ਰਬੰਧਨ ਦਾ ਉਹ ਪੈਸਾ ਹੈ, ਜੋ ਸਾਨੂੰ ਹਰ ਸਾਲ ਮਿਲਣਾ ਤੈਅ ਹੀ ਸੀ। ਉਸ ਦੀਆਂ 2 ਕਿਸ਼ਤਾਂ ਆਉਂਦੀਆਂ ਹਨ। ਪਹਿਲੀ ਜੁਲਾਈ ’ਚ ਤੇ ਦੂਜੀ ਦਸੰਬਰ ’ਚ ਆਉਂਦੀ ਹੈ। ਆਫਤ ਆਵੇ ਜਾਂ ਨਾ ਆਵੇ, ਉਹ ਮਿਲਣੀ ਹੀ ਹੁੰਦੀ ਹੈ। ਉਨ੍ਹਾਂ ਜੁਲਾਈ ਵਾਲੀ ਕਿਸ਼ਤ ਜੁਲਾਈ ’ਚ ਦਿੱਤੀ ਅਤੇ ਦਸੰਬਰ ਵਾਲੀ ਐਡਵਾਂਸ ’ਚ ਦੇ ਦਿੱਤੀ।
ਸੱਚਾਈ ਇਹ ਹੈ ਕਿ ਇਸ ਤੋਂ ਇਲਾਵਾ ਜੈਰਾਮ ਸਰਕਾਰ ਦੇ ਸਮੇਂ ਦੀ 315 ਕਰੋੜ ਦੀ ਜੋ ਮਦਦ ਏ. ਜੀ. ਦੇ ਇਤਰਾਜ਼ ਕਾਰਨ ਬਕਾਇਆ ਸੀ, ਉਸ ’ਚ 189 ਕਰੋੜ ਆਇਆ ਹੈ। ਇਸ ਤੋਂ ਇਲਾਵਾ ਐੱਨ. ਡੀ. ਆਰ. ਐੱਫ. ਨੂੰ 200 ਕਰੋੜ ਆਇਆ ਹੈ। ਹੋਰ ਕੋਈ ਪੈਸਾ ਅਜਿਹਾ ਨਹੀਂ ਹੈ, ਜੋ ਸਿਰਫ ਇਸ ਨੁਕਸਾਨ ਦੀ ਮਦਦ ਹੋਵੇ। ਜੋ ਵੀ ਆਇਆ ਰੂਟੀਨ ਦਾ ਪੈਸਾ ਆਇਆ ਹੈ। ਭਾਜਪਾ ਗੁੰਮਰਾਹ ਕਰਨਾ ਛੱਡੇ। ਹਾਂ ਹਿਮਾਚਲ ਲਈ ਮਦਦ ਦਿਵਾਉਣ ਲਈ ਅੱਗੇ ਆਏ।
ਮੰਦਰਾਂ ਦੇ ਪੈਸੇ ਨਾਲ ਵੀ ਮਦਦ ਲੈਣ ਸਬੰਧੀ ਕੋਈ ਕਦਮ ਚੁੱਕਿਆ ਜਾ ਰਿਹਾ ਹੈ। ਉਥੇ ਵੀ ਖੂਬ ਫੰਡ ਹੈ।
ਦੇਖੋ ਸੱਚ ਤਾਂ ਇਹ ਹੈ ਕਿ ਉਹ ਪੈਸਾ ਵੀ ਲੋਕਾਂ ਦਾ ਹੈ, ਲੋਕਾਂ ਨੂੰ ਹੀ ਦੇਣਾ ਹੈ, ਮਦਦ ਕਰੀ ਹੈ। ਆਸਥਾ ਦਾ ਵਿਸ਼ਾ ਹੈ, ਇਸ ਲਈ ਅਸੀਂ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਕਿ ਲੋਕ ਨਿਰਾਸ਼ ਹੋਣ, ਮੰਦਰ ਕਮੇਟੀਆਂ ਖੁੱਦ ਅੱਗੇ ਆ ਕੇ ਅਜਿਹਾ ਕਰਨ ਤਾਂ ਜ਼ਿਆਦਾ ਬਿਹਤਰ। ਮੰਦਰ ਟ੍ਰਸਟ ਮਦਦ ਕਰ ਵੀ ਰਹੇ ਹਨ। ਤੇ ਅਜੇ ਹੋਰ ਦੇਖਦੇ ਹਾਂ ਕਿ ਕੀ ਕਰਨਾ ਹੈ।
ਟੂਰਿਜ਼ਮ ਸੂਬੇ ਦਾ ਮੁੱਖ ਉਦਯੋਗ ਹੈ। ਉਸ ਨੂੰ ਪਟੜੀ ’ਤੇ ਲਿਆਉਣ ਲਈ ਕੋਈ ਵਿਸ਼ੇਸ਼ ਯੋਜਨਾ?
ਟੂਰਿਜ਼ਮ ਦਾ ਪਿਛਲੇ 2 ਮਹੀਨਿਆਂ ’ਚ ਵੱਡਾ ਨੁਕਸਾਨ ਹੋਇਆ ਹੈ। ਜੀ. ਐੱਸ. ਟੀ. ਦੇ ਲਿਹਾਜ਼ ਨਾਲ ਅਸੀਂ -8 ’ਤੇ ਚਲੇ ਗਏ ਹਾਂ। ਇਸ ਤੋਂ ਇਲਾਵਾ ਆਬਕਾਰੀ ਕਰ ਦਾ ਨੁਕਸਾਨ ਹੋਇਆ ਹੈ। ਇਨ੍ਹਾਂ 2 ਸੈਕਟਰਾਂ ’ਚ 2 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ, ਜੋ ਮੀਂਹ ਤੋਂ ਇਲਾਵਾ ਹੈ ਪਰ ਸਭ ਛੇਤੀ ਹੀ ਠੀਕ ਹੋਵੇਗਾ, ਅਸੀਂ ਦਿਨ-ਰਾਤ ਮਿਹਨਤ ਕਰ ਰਹੇ ਹਾਂ।
ਸਟਾਫ ਸਿਲੈਕਸ਼ਨ ਕਮਿਸ਼ਨ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਸੀ।
ਮੁੱਖ ਮੰਤਰੀ ਨੇ ਦੱਸਿਆ ਕਿ ਹਮੀਰਪੁਰ ਸਥਿਤ ਸਟਾਫ ਸਿਲੈਕਸ਼ਨ ਕਮਿਸ਼ਨ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਸੀ, ਇਸ ਲਈ ਇਸ ਨੂੰ ਬੰਦ ਕਰਨਾ ਜ਼ਰੂਰੀ ਸੀ। ਦੀਪਕ ਸਾਨਨ ਕਮੇਟੀ ਦੀ ਇਕ ਰਿਪੋਰਟ ਆ ਗਈ ਹੈ, ਦੂਜੀ ਅਕਤੂਬਰ ’ਚ ਆ ਜਾਵੇਗੀ। ਅਸੀਂ ਛੇਤੀ ਹੀ ਸਿਲਕੈਸ਼ਨ ਕਮਿਸ਼ਨ ਬਣਾਵਾਂਗੇ ਅਤੇ ਭਰਤੀ ਟੈਸਟ ਸ਼ੁਰੂ ਹੋਣਗੇ ਅਤੇ ਰਹੀ ਗੱਲ ਉਮਰ ਹੱਦ ਦੀ ਤਾਂ ਅਸੀਂ ਉਮਰ ਹੱਦ ’ਚ ਛੋਟ ਦੇਵਾਂਗੇ ਤਾਂ ਕਿਸੇ ਦਾ ਨੁਕਸਾਨ ਨਾ ਹੋਵੇ। ਅਸੀਂ ਭਾਜਪਾ ਸਰਕਾਰ ਨਹੀਂ ਹਾਂ ਕਿ ਪੇਪਰ ਵਿਕ ਰਹੇ ਹਨ ਅਤੇ ਕੋਈ ਕਾਰਵਾਈ ਨਹੀਂ ਹੋ ਰਹੀ। ਜੋ ਭਰਤੀਆਂ ਹੋ ਰਹੀਆਂ ਹਨ, ਉਹ ਕੋਰਟ ’ਚ ਫਸ ਰਹੀਆਂ ਹਨ ਅਤੇ ਕਿਸੇ ਨੂੰ ਕੋਈ ਫਰਕ ਨਹੀਂ। ਇਹ ਸਾਰਾ ਪੰਗਾ ਭਾਜਪਾ ਦਾ ਪਾਇਆ ਹੋਇਆ ਹੈ, ਅਸੀਂ ਤਾਂ ਸਿਰਫ ਉਸ ਨੂੰ ਭੁਗਤ ਰਹੇ ਹਾਂ ਪਰ ਸਭ ਠੀਕ ਕਰਾਂਗੇ ਅਤੇ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇਗਾ। ਨੌਕਰੀ ਲਈ ਯੋਗਤਾ ਹੀ ਇਕਲੌਤਾ ਪੈਮਾਨਾ ਹੋਵੇਗਾ।
ਤੁਸੀਂ ਕਿਹਾ ਕਿ ਸਾਲ ’ਚ ਹੀ ਅਸੀਂ ਹਿਮਾਚਲ ’ਚ ਹੜ੍ਹ ਦੇ ਜ਼ਖਮ ਭਰ ਦੇਵਾਂਗੇ ਪਰ ਭਾਜਪਾ ਤਾਂ ਕਹਿੰਦੀ ਹੈ ਕਿ ਉਦੋਂ ਤੱਕ ਤੁਹਾਡੀ ਸਰਕਾਰ ਹੀ ਟੁੱਟ ਜਾਵੇਗੀ?
ਮੈਂ ਸਹੁੰ ਚੁੱਕਣ ਤੋਂ ਬਾਅਦ ਹੀ ਅਜਿਹਾ ਸੁਣ ਰਿਹਾ ਹਾਂ। ਮੈਂ ਇਸ ਲਈ ਕਿਹਾ ਸੀ ਕਿ ਮੰਤਰੀ ਮੰਡਲ ਬਾਅਦ ’ਚ ਬਣਾ ਲਵਾਂਗੇ, ਪਹਿਲਾਂ ਤੁਸੀਂ ਸਰਕਾਰ ਡੇਗ ਲਓ। ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ, ਮੈਂ ਸੇਵਾ ਲਈ ਆਇਆ ਹਾਂ। ਭਾਜਪਾ ਨੂੰ ਸੇਵਾ ਦੀ ਚਿੰਤਾ ਨਹੀਂ, ਸਿਰਫ ਸੱਤਾ ਦਾ ਲਾਲਚ ਹੈ। ਫਰਕ ਸਾਫ ਹੈ ਅਤੇ ਜਨਤਾ ਵੀ ਇਸ ਨੂੰ ਸਮਝਦੀ ਹੈ, ਇਸੇ ਲਈ ਅਸੀਂ ਉਨ੍ਹਾਂ ਬਾਹਰ ਕੱਢ ਕੇ ਸੱਤਾ ’ਚ ਆਏ।
ਸੂਬੇ ਦੇ ਹਿੱਤ ਲਈ ਗਿਆ ਰਾਸ਼ਟਰਪਤੀ ਦੇ ਰਾਤਰੀ ਭੋਜ ’ਚ
ਮੁੱਖ ਮੰਤਰੀ ਨੇ ਦੱਸਿਆ ਕਿ ਉਹ ਜੀ-20 ਦੇ ਰਾਤਰੀ ਭੋਜ ’ਚ ਸਿਰਫ ਇਸ ਲਈ ਗਏ ਤਾਂ ਕਿ ਉਥੇ ਹਿਮਾਚਲ ਲਈ ਮਦਦ ਮੰਗ ਸਕਾਂ। ਮੈਂ ਮੌਕਾ ਪਾਉਂਦੇ ਹੀ ਪ੍ਰਧਾਨ ਮੰਤਰੀ ਜੀ ਨੂੰ ਗੁਜਰਾਤ ਅਤੇ ਉਤਰਾਖੰਡ ਦੀ ਤਰਜ਼ ’ਤੇ ਵਿਸ਼ੇਸ਼ ਸਹਾਇਤਾ ਪੈਕੇਜ ਮੰਗਿਆ। ਉਥੇ ਆਏ ਮੁੱਖ ਮੰਤਰੀਆਂ ਨੂੰ ਵੀ ਮਦਦ ਦੀ ਅਪੀਲ ਕੀਤੀ। ਮੈਂ ਪ੍ਰਧਾਨ ਮੰਤਰੀ ਜੀ ਨੂੰ ਇਹ ਵੀ ਕਿਹਾ ਕਿ ਭਾਜਪਾ ਦੇ ਸੂਬੇ ਦੇ ਸੰਸਦ ਮੈਂਬਰਾਂ ਨੇ ਮਦਦ ਨਹੀਂ ਕੀਤੀ। ਹਿਮਾਚਲ ਪ੍ਰੇਸ਼ਾਨ ਹੈ, ਸਾਨੂੰ ਤੁਹਾਡਾ ਸਹਿਯੋਗ ਚਾਹੀਦਾ। ਮੋਦੀ ਜੀ ਨੇ ਭਰੋਸਾ ਦਿੱਤਾ ਹੈ, ਉਮੀਦ ਹੈ ਕਿ ਛੇਤੀ ਰਾਹਤ ਆਏਗੀ।
ਮੇਰਾ ਉਸ ਰਾਤਰੀ ਭੋਜ ’ਚ ਜਾਣ ਦਾ ਇਕਲੌਤਾ ਮਕਸਦ ਇਹੀ ਸੀ ਕਿਉਂਕਿ ਮੈਂ ਆਪਣੇ ਲੋਕਾਂ ਦਾ ਦਰਦ ਦੇਖਿਆ ਹੈ। ਮੈਂ ਦੁਖੀ ਹਾਂ ਤੇ ਦ੍ਰਿੜ ਸੰਕਲਪ ਹਾਂ ਕਿ ਜਿਥੋਂ ਵੀ ਮਦਦ ਮੰਗਣੀ ਪਈ ਮੰਗਾਂਗਾ। ਮੈਂ ਬਾਕਾਇਦਾ ਉਥੇ ਮਦਦ ਮੰਗਣ ਦੀ ਪਲਾਨਿੰਗ ਕਰ ਕੇ ਗਿਆ ਸੀ।
ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ
NEXT STORY