ਨਵੀਂ ਦਿੱਲੀ— ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਭਾਰਤ ਦੇ ਲੀਜੈਂਡ (ਮਹਾਨ) ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਲੰਬੀ ਬੀਮਾਰੀ ਮਗਰੋਂ ਸੋਮਵਾਰ ਭਾਵ ਅੱਜ ਸਵੇਰੇ ਦਿਹਾਂਤ ਹੋ ਗਿਆ। ਬਲਬੀਰ ਸਿੰਘ ਦੇ ਦਿਹਾਂਤ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਉਹ 96 ਸਾਲ ਦੇ ਸਨ। ਉਨ੍ਹਾਂ ਨੂੰ ਬੀਤੀ 12 ਮਈ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਹਸਪਤਾਲ 'ਚ ਇਲਾਜ ਦੌਰਾਨ ਵੀ ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਸਿਹਤ ਵਿਗੜਦੀ ਚੱਲੀ ਗਈ। ਖੇਡ ਜਗਤ ਦੇ ਨਾਲ-ਨਾਲ ਦੇਸ਼ ਭਰ 'ਚ ਇਸ ਖਿਡਾਰੀ ਦੇ ਅਲਵਿਦਾ ਆਖ ਜਾਣ ਨਾਲ ਸੋਗ ਦੀ ਲਹਿਰ ਹੈ। ਕਈ ਨੇਤਾਵਾਂ ਨੇ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਲਬੀਰ ਸਿੰਘ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦਿਆਂ ਟਵਿੱਟਰ 'ਤੇ ਟਵੀਟ ਕੀਤਾ- ਪਦਮਸ਼੍ਰੀ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਜੀ ਦੇ ਦਿਹਾਂਤ ਬਾਰੇ ਜਾਣ ਕੇ ਦੁੱਖ ਹੋਇਆ। ਉਨ੍ਹਾਂ ਨੇ ਆਪਣੀ ਹਾਕੀ ਦੀ ਸਟਿਕ ਨਾਲ ਵਿਸ਼ਵ ਹਾਕੀ 'ਤੇ ਅਮਿਟ ਛਾਪ ਛੱਡੀ। ਮੈਂ ਕਿਸਮਤ ਵਾਲਾ ਸੀ ਕਿ ਮੈਂ ਜੀਵੰਤ ਅਤੇ ਹਮੇਸ਼ਾ ਖੁਸ਼ ਰਹਿਣ ਵਾਲੇ ਬਲਬੀਰ ਜੀ ਨੂੰ ਮਿਲਿਆ। ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ। ਅਮਿਤ ਸ਼ਾਹ ਨੇ ਬਲਬੀਰ ਸਿੰਘ ਨਾਲ ਆਪਣੀ ਪੁਰਾਣੀ ਤਸਵੀਰ ਵੀ ਟਵਿੱਟਰ 'ਤੇ ਸਾਂਝੀ ਕੀਤੀ ਹੈ।
ਦੱਸ ਦੇਈਏ ਕਿ ਬਲਬੀਰ ਦੇ ਪਰਿਵਾਰ ਵਿਚ ਧੀ ਸੁਸ਼ਬੀਰ ਅਤੇ ਤਿੰਨ ਪੁੱਤਰ- ਕੰਵਲਬੀਰ, ਕਰਣਬੀਰ ਅਤੇ ਗੁਰਬੀਰ ਹਨ। ਬਲਬੀਰ ਸਿੰਘ ਨੇ 1948 ਲੰਡਨ, 1952 ਹੇਲਸਿੰਕੀ ਅਤੇ 1956 ਮੈਲਬੌਰਨ ਓਲੰਪਿਕ 'ਚ ਭਾਰਤ ਨੂੰ ਸੋਨ ਤਮਗਾ ਦਿਵਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ।
ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇਗੀ : ਯੋਗੀ ਆਦਿੱਤਿਯਨਾਥ
NEXT STORY