ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਵੱਖਵਾਦੀ ਸਮੂਹ ਹੁਰੀਅਤ ਕਾਨਫਰੰਸ ਦੇ ਇਕ ਹੋਰ ਹਿੱਸੇ 'ਜੰਮੂ ਕਸ਼ਮੀਰ ਜਨ ਅੰਦੋਲਨ' ਨੇ ਵੱਖਵਾਦ ਨੂੰ ਰੱਦ ਕਰ ਦਿੱਤਾ ਹੈ ਅਤੇ ਦੇਸ਼ ਦੀ ਏਕਤਾ ਪ੍ਰਤੀ ਪੂਰੀ ਵਚਨਬੱਧਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਹੁਰੀਅਤ ਨਾਲ ਜੁੜੇ 12 ਸੰਗਠਨਾਂ ਨੇ ਸੰਵਿਧਾਨ 'ਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਵੱਖਵਾਦ ਨਾਲ ਸਬੰਧ ਤੋੜ ਲਏ ਹਨ। ਸ਼ਾਹ ਨੇ 'ਐਕਸ' 'ਤੇ ਲਿਖਿਆ ਕਿ ਮੋਦੀ ਸਰਕਾਰ ਦੇ ਅਧੀਨ ਜੰਮੂ-ਕਸ਼ਮੀਰ ਵਿਚ ਏਕਤਾ ਦੀ ਭਾਵਨਾ ਹੈ। ਇਕ ਹੋਰ ਹੁਰੀਅਤ ਨਾਲ ਸਬੰਧਤ ਸੰਗਠਨ ਨੇ ਵੱਖਵਾਦ ਨੂੰ ਖਾਰਜ ਕਰ ਦਿੱਤਾ ਹੈ ਅਤੇ ਭਾਰਤ ਦੀ ਏਕਤਾ ਪ੍ਰਤੀ ਪੂਰੀ ਵਚਨਬੱਧਤਾ ਦਾ ਐਲਾਨ ਕੀਤਾ ਹੈ। ਮੈਂ ਉਨ੍ਹਾਂ ਦੇ ਇਸ ਕਦਮ ਦਾ ਦਿਲੋਂ ਸਵਾਗਤ ਕਰਦਾ ਹਾਂ। ਹੁਣ ਤੱਕ ਹੁਰੀਅਤ ਨਾਲ ਜੁੜੇ 12 ਸੰਗਠਨਾਂ ਨੇ ਵੱਖਵਾਦ ਨਾਲ ਸਬੰਧ ਤੋੜ ਲਏ ਹਨ, ਭਾਰਤ ਦੇ ਸੰਵਿਧਾਨ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ।
ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਏਕ ਭਾਰਤ ਸ੍ਰੇਸ਼ਠ ਭਾਰਤ' ਦੇ ਦ੍ਰਿਸ਼ਟੀਕੋਣ ਦੀ ਜਿੱਤ ਹੈ। 'ਜੰਮੂ ਕਸ਼ਮੀਰ ਇਸਲਾਮਿਕ ਪੋਲੀਟੀਕਲ ਪਾਰਟੀ', 'ਜੰਮੂ-ਕਸ਼ਮੀਰ ਮੁਸਲਿਮ ਡੈਮੋਕ੍ਰੇਟਿਕ ਲੀਗ' ਅਤੇ 'ਕਸ਼ਮੀਰ ਫ੍ਰੀਡਮ ਫਰੰਟ' ਨੇ 8 ਅਪ੍ਰੈਲ ਨੂੰ ਹੁਰੀਅਤ ਕਾਨਫਰੰਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਹੁਰੀਅਤ ਤੋਂ ਵੱਖ ਹੋਣ ਦਾ ਐਲਾਨ ਕਰਨ ਵਾਲੇ ਹੋਰ ਸਮੂਹਾਂ ਵਿਚ ਸ਼ਾਹਿਦ ਸਲੀਮ ਦੀ ਅਗਵਾਈ ਵਾਲੀ 'ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ', ਐਡਵੋਕੇਟ ਸ਼ਫੀ ਰੇਸ਼ੀ ਦੀ ਅਗਵਾਈ ਵਾਲੀ 'ਜੰਮੂ ਐਂਡ ਕਸ਼ਮੀਰ ਡੈਮੋਕ੍ਰੇਟਿਕ ਪੋਲੀਟੀਕਲ ਮੂਵਮੈਂਟ' ਅਤੇ ਮੁਹੰਮਦ ਸ਼ਰੀਫ ਸਰਤਾਜ ਦੀ ਅਗਵਾਈ ਵਾਲੀ 'ਜੰਮੂ ਐਂਡ ਕਸ਼ਮੀਰ ਫ੍ਰੀਡਮ ਮੂਵਮੈਂਟ' ਸ਼ਾਮਲ ਹਨ।
ਜਦੋਂ ਸਮੂਹਾਂ ਨੇ 25 ਮਾਰਚ ਨੂੰ ਇਹ ਐਲਾਨ ਕੀਤਾ ਸੀ, ਤਾਂ ਸ਼ਾਹ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਸਰਕਾਰ ਦੀਆਂ ਏਕੀਕਰਨ ਨੀਤੀਆਂ ਨੇ ਜੰਮੂ ਅਤੇ ਕਸ਼ਮੀਰ ਤੋਂ ਵੱਖਵਾਦ ਨੂੰ "ਖਤਮ" ਕਰ ਦਿੱਤਾ ਹੈ। ਹੁਰੀਅਤ ਦੇ ਦੋ ਹੋਰ ਹਿੱਸੇ 'ਜੰਮੂ ਕਸ਼ਮੀਰ ਤਹਿਰੀਕੀ ਇਸਤੇਕਲਾਲ' ਅਤੇ 'ਜੰਮੂ ਕਸ਼ਮੀਰ ਤਹਿਰੀਕ-ਏ-ਇਸਤਿਕਮਤ' ਨੇ ਵੀ ਗੱਠਜੋੜ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। 'ਜੰਮੂ-ਕਸ਼ਮੀਰ ਤਹਿਰੀਕ-ਏ-ਇਸਤੀਕਲਾਲ' ਦੀ ਅਗਵਾਈ ਗ਼ੁਲਾਮ ਨਬੀ ਸੋਫ਼ੀ ਕਰ ਰਹੇ ਹਨ ਜਦਕਿ 'ਜੰਮੂ-ਕਸ਼ਮੀਰ ਤਹਿਰੀਕ-ਏ-ਇਸਤੀਕਮਤ' ਦੀ ਅਗਵਾਈ ਗੁਲਾਮ ਨਬੀ ਵਾਰ ਕਰ ਰਹੇ ਹਨ।
ਪਤੀ ਨੇ ਫੋਨ 'ਤੇ ਪਤਨੀ ਨੂੰ ਦਿੱਤਾ ਤਿੰਨ ਤਲਾਕ, ਮਾਮਲਾ ਦਰਜ
NEXT STORY