ਪਾਲੀ (ਰਾਜਸਥਾਨ) : ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੋਜਤ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਵਿਆਹ ਦੀ ਚਾਹਤ ਵਿੱਚ ਇੱਕ 11 ਸਾਲਾ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਦੋਸ਼ੀ ਨੇ ਇੱਕ ਤਾਂਤਰਿਕ ਦੇ ਕਹਿਣ 'ਤੇ ਬੱਚੇ ਦੀ 'ਨਰ ਬਲੀ' ਦਿੱਤੀ ਤਾਂ ਜੋ ਉਸ ਦਾ ਰੁਕਿਆ ਹੋਇਆ ਵਿਆਹ ਹੋ ਸਕੇ।
ਪੁਲਸ ਅਨੁਸਾਰ, ਸ਼ਿਵਪੁਰਾ ਥਾਣਾ ਖੇਤਰ ਦੇ ਇੱਕ ਪਿੰਡ ਦਾ ਰਹਿਣ ਵਾਲਾ 11 ਸਾਲਾ ਬੱਚਾ ਦੁਪਹਿਰ ਵੇਲੇ ਮਦਰਸੇ ਤੋਂ ਪੜ੍ਹ ਕੇ ਆਪਣੇ ਘਰ ਜਾ ਰਿਹਾ ਸੀ। ਰਸਤੇ ਵਿੱਚ ਪਿੰਡ ਦੇ ਹੀ ਇੱਕ ਨੌਜਵਾਨ ਨੇ ਉਸ ਨੂੰ ਵਰਗਲਾ ਕੇ ਜੰਗਲ ਵਿੱਚ ਇੱਕ ਤਾਲਾਬ ਕੋਲ ਲੈ ਗਿਆ। ਉੱਥੇ ਦੋਸ਼ੀ ਨੇ ਬੱਚੇ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਦੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਤਾਂ ਜੋ ਉਹ ਚੀਕ ਨਾ ਸਕੇ। ਇਸ ਤੋਂ ਬਾਅਦ ਤੰਤਰ-ਮੰਤਰ ਕਰਦੇ ਹੋਏ ਇੱਕ ਤੇਜ਼ਧਾਰ ਹਥਿਆਰ ਨਾਲ ਬੱਚੇ ਦਾ ਬੇਰਹਿਮੀ ਨਾਲ ਗਲਾ ਵੱਢ ਦਿੱਤਾ।
ਕਤਲ ਕਰਨ ਤੋਂ ਬਾਅਦ ਦੋਸ਼ੀ ਇੰਨਾ ਸ਼ਾਤਰ ਸੀ ਕਿ ਉਹ ਖੁਦ ਬੱਚੇ ਦੇ ਘਰ ਪਹੁੰਚ ਗਿਆ ਅਤੇ ਉਸ ਦੇ ਦਾਦਾ ਨੂੰ ਦੱਸਿਆ ਕਿ ਤੁਹਾਡੇ ਪੋਤੇ ਦੀ ਲਾਸ਼ ਤਾਲਾਬ ਦੇ ਕਿਨਾਰੇ ਪਈ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਹਾਲਾਂਕਿ, ਪੁਲਸ ਨੇ ਅਗਲੇ ਹੀ ਦਿਨ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਦੀ ਸਖ਼ਤੀ ਅੱਗੇ ਦੋਸ਼ੀ ਟੁੱਟ ਗਿਆ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਸ ਦਾ ਵਿਆਹ ਨਹੀਂ ਸੀ ਹੋ ਰਿਹਾ, ਜਿਸ ਕਾਰਨ ਉਹ ਇੱਕ ਤਾਂਤਰਿਕ ਕੋਲ ਗਿਆ ਸੀ। ਤਾਂਤਰਿਕ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ 'ਨਰ ਬਲੀ' ਦੇਵੇਗਾ ਤਾਂ ਹੀ ਉਸ ਦਾ ਵਿਆਹ ਹੋਵੇਗਾ, ਜਿਸ ਤੋਂ ਬਾਅਦ ਉਸ ਨੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਇੱਕ ਟੁੱਟੀ ਹੋਈ ਮਟਕੀ ਅਤੇ ਤੰਤਰ-ਮੰਤਰ ਨਾਲ ਸਬੰਧਤ ਹੋਰ ਸਾਮਾਨ ਬਰਾਮਦ ਹੋਇਆ ਹੈ। ਐਫ.ਐਸ.ਐਲ. (FSL) ਦੀ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਪੁਲਸ ਹੁਣ ਉਸ ਤਾਂਤਰਿਕ ਦੀ ਭਾਲ ਕਰ ਰਹੀ ਹੈ ਜਿਸ ਨੇ ਨੌਜਵਾਨ ਨੂੰ ਕਤਲ ਲਈ ਉਕਸਾਇਆ ਸੀ। ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਹੁਣ ਅਜਿਹੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ, ਦਿੱਲੀ-NCR 'ਚ 1 ਅਕਤੂਬਰ ਤੋਂ ਲਾਗੂ ਹੋਵੇਗਾ ਨਿਯਮ
NEXT STORY