ਸਪੋਰਟਸ ਡੈਸਕ- 23 ਫਰਵਰੀ ਨੂੰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਚੈਂਪੀਅਨਜ਼ ਟਰਾਫੀ ਦੇ ਬੇਹੱਦ ਅਹਿਮ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਸਾਲ 2017 ਦੀ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਇਸ ਹਾਰ ਮਗਰੋਂ ਪਾਕਿਸਤਾਨ ਦਾ ਇਸ ਟੂਰਨਾਮੈਂਟ 'ਚ ਸਫ਼ਰ ਲਗਭਗ ਖ਼ਤਮ ਹੋ ਗਿਆ ਹੈ, ਜਦਕਿ ਭਾਰਤ ਦੀ ਸੈਮੀਫਾਈਨਲ 'ਚ ਜਗ੍ਹਾ ਪੱਕੀ ਹੋ ਗਈ ਹੈ।

ਭਾਰਤ ਦੀ ਇਸ ਜਿੱਤ 'ਚ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡੀ ਤੇ ਆਪਣੇ ਵਨਡੇ ਕਰੀਅਰ ਦਾ 51ਵਾਂ ਸੈਂਕੜਾ ਲਗਾਇਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਪੂਰੀ ਟੀਮ 49.4 ਓਵਰਾਂ 'ਚ 241 ਦੌੜਾਂ ਬਣਾ ਕੇ ਢੇਰ ਹੋ ਗਈ।
ਕੋਹਲੀ (100) ਦੇ ਨਾਬਾਦ ਸੈਂਕੜੇ ਤੋਂ ਬਾਅਦ ਸ਼੍ਰੇਅਸ ਅਈਅਰ ਦੇ (56) ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ 42.3 ਓਵਰਾਂ 'ਚ ਹੀ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਤੇ 6 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਹਾਰ ਨਾਲ ਪਾਕਿਸਤਾਨ, ਜੋ ਟੂਰਨਾਮੈਂਟ ਦਾ ਮੇਜ਼ਬਾਨ ਦੇਸ਼ ਹੈ ਤੇ ਪਿਛਲੀ ਚੈਂਪੀਅਨਜ਼ ਟਰਾਫੀ ਦੀ ਜੇਤੂ ਟੀਮ ਵੀ ਹੈ, ਹੁਣ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ।

ਪਾਕਿਸਤਾਨ ਦੀ ਹਾਰ ਦੇ ਨਾਲ-ਨਾਲ ਪ੍ਰਯਾਗਰਾਜ ਮਹਾਕੁੰਭ ਤੋਂ ਸੁਰਖੀਆਂ ਵਿੱਚ ਆਏ ਆਈ.ਆਈ.ਟੀ. ਬਾਬਾ ਦਾ ਦਾਅਵਾ ਵੀ ਝੂਠਾ ਸਾਬਤ ਹੋ ਗਿਆ ਹੈ, ਜਿਸ ਨੇ ਮੈਚ ਤੋਂ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਪਾਕਿਸਤਾਨ ਇਸ ਮੈਚ ਵਿੱਚ ਭਾਰਤ ਨੂੰ ਹਰਾ ਦੇਵੇਗਾ।
ਆਈ.ਆਈ.ਟੀ. ਬਾਬਾ ਨੇ ਮੈਚ ਤੋਂ ਪਹਿਲਾਂ ਇੱਕ ਬਿਆਨ ਦਿੱਤਾ ਸੀ, ਜਿਸ 'ਚ ਉਸ ਨੇ ਭਵਿੱਖਬਾਣੀ ਕਰਦਿਆਂ ਕਿਹਾ ਸੀ, ''ਇਸ ਵਾਰ ਭਾਰਤ ਨਹੀਂ ਜਿੱਤੇਗਾ। ਵਿਰਾਟ ਨੂੰ ਕਹੋ ਕਿ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰੇ। ਜੇ ਮੈਂ ਕਿਹਾ ਹੈ ਕਿ ਭਾਰਤ ਨਹੀਂ ਜਿੱਤੇਗਾ, ਤਾਂ ਇਹ ਨਹੀਂ ਜਿੱਤੇਗਾ।"

ਇਸ ਤੋਂ ਪਹਿਲਾਂ ਵੀ ਉਸ ਦਾ ਇੱਕ ਬਿਆਨ ਵਾਇਰਲ ਹੋਇਆ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਸ ਨੇ ਹੀ ਟੀਮ ਇੰਡੀਆ ਨੂੰ 2024 ਦਾ ਟੀ-20 ਵਿਸ਼ਵ ਕੱਪ ਵੀ ਜਿਤਾਇਆ ਸੀ। ਆਈ.ਆਈ.ਟੀ. ਬਾਬਾ ਨੇ ਕਿਹਾ ਸੀ ਕਿ ਉਸ ਨੇ ਖੁਦ ਰੋਹਿਤ ਸ਼ਰਮਾ ਨੂੰ ਆਪਣੇ 'ਮਨ ਦੀਆਂ ਗੱਲਾਂ' ਨਾਲ ਦੱਸਿਆ ਸੀ ਕਿ ਉਸ ਨੂੰ ਗੇਂਦਬਾਜ਼ੀ ਲਈ ਕਿਸ ਨੂੰ ਚੁਣਨਾ ਚਾਹੀਦਾ ਹੈ।
ਆਈ.ਆਈ.ਟੀ. ਬਾਬਾ ਦੀ ਗੱਲ ਕਰੀਏ ਤਾਂ ਉਹ ਪਹਿਲੀ ਵਾਰ ਪ੍ਰਯਾਗਰਾਜ ਮਹਾਕੁੰਭ ਵਿੱਚ ਦਿਖਾਈ ਦਿੱਤਾ ਸੀ। ਉਸ ਨੇ ਦੱਸਿਆ ਸੀ ਕਿ ਉਸ ਨੇ ਆਈ.ਆਈ.ਟੀ. ਮੁੰਬਈ ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਿਆ ਤੇ ਕਈ ਚੈਨਲਾਂ ਨੇ ਉਸ ਦਾ ਇੰਟਰਵਿਊ ਵੀ ਲਿਆ, ਜਿਸ ਮਗਰੋਂ ਉਹ ਕਾਫ਼ੀ ਮਸ਼ਹੂਰ ਹੋ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਹਰ ਮਾਮਲੇ ’ਚ ਸ਼ੁਰੂਆਤੀ ਜਾਂਚ ਲਾਜ਼ਮੀ ਨਹੀਂ : ਸੁਪਰੀਮ ਕੋਰਟ
NEXT STORY