ਨਵੀਂ ਦਿੱਲੀ, (ਯੂ. ਐੱਨ. ਆਈ.)- ਦੱਖਣ-ਪੱਛਮੀ ਮਾਨਸੂਨ ਅਗਲੇ 4 ਦਿਨਾਂ ’ਚ ਕੇਰਲ ਅਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ’ਚ ਪਹੁੰਚ ਜਾਏਗਾ। ਇਸ ਨਾਲ ਭਿਆਨਕ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਪਰ ਪੰਜਾਬ ਤੇ ਹਰਿਆਣਾ ’ਚ ਅਜੇ ਲੂ ਚਲਦੀ ਰਹੇਗੀ।
ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਕਿਹਾ ਕਿ ਸਮੁੰਦਰੀ ਤੂਫਾਨ ‘ਰੇਮਲ’ ਹੁਣ ਪੂਰਬੀ ਬੰਗਲਾਦੇਸ਼ ਤੋਂ ਪੂਰਬ ਤੇ ਉੱਤਰ-ਪੂਰਬ ਵੱਲ ਵਧ ਗਿਆ ਹੈ। ਇਹ ਬੁੱਧਵਾਰ ਸਵੇਰ ਤੱਕ ਕਮਜ਼ੋਰ ਹੋ ਕੇ ਪੂਰਬੀ ਆਸਾਮ ਅਤੇ ਆਸ-ਪਾਸ ਦੇ ਖੇਤਰਾਂ ’ਚ ਘੱਟ ਦਬਾਅ ਵਾਲੇ ਖੇਤਰ ’ਚ ਬਦਲ ਜਾਏਗਾ। ਦੱਖਣੀ-ਪੱਛਮੀ ਮਾਨਸੂਨ ਦੇ ਬੰਗਾਲ ਤੇ ਬੰਗਲਾਦੇਸ਼ ਤੋਂ ਲੰਘਣ ਪਿੱਛੋਂ ਅਗਲੇ 7 ਦਿਨਾਂ ਤੱਕ ਉੱਤਰੀ-ਪੂਰਬੀ ਭਾਰਤ ’ਚ 30-40 ਕਿ. ਮੀ. ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਪੂਰਬੀ ਆਸਾਮ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਤੇ ਮਣੀਪੁਰ ’ਚ ਕਈ ਥਾਵਾਂ ’ਤੇ ਹਲਕੀ ਵਰਖਾ ਹੋਈ।
ਉੱਤਰੀ-ਪੱਛਮੀ ਤੇ ਮੱਧ ਭਾਰਤ ’ਚ ਚੱਲ ਰਹੀ ਭਿਆਨਕ ਗਰਮੀ ਦੀ ਲਹਿਰ ਦੇ 30 ਮਈ ਤੋਂ ਹੌਲੀ ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਤੇ ਦਿੱਲੀ ਦੇ ਕੁਝ ਹਿੱਸਿਆਂ ’ਚ ਲੂ ਚੱਲਣ ਦੀ ਸੰਭਾਵਨਾ ਹੈ।
ਕਰਨਾਟਕ ਦੇ ਗ੍ਰਹਿ ਮੰਤਰੀ ਦਾ ਐਲਾਨ, ਪ੍ਰਜਵਲ ਰੇਵੰਨਾ ਨੂੰ ਭਾਰਤ ਪਰਤਦੇ ਹੀ ਕਰਾਂਗੇ ਗ੍ਰਿਫਤਾਰ
NEXT STORY