ਜੇਨੇਵਾ, (ਏਜੰਸੀਆਂ)–ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਮੁੜ ਪ੍ਰਮਾਣੂ ਜੰਗ ਦੀ ਧਮਕੀ ਦਿੱਤੀ ਹੈ।ਜੇਨੇਵਾ ਵਿਚ ਪਹਿਲੇ ਕੌਮਾਂਤਰੀ ਸ਼ਰਨਾਰਥੀ (ਗਲੋਬਲ ਰਿਫਿਊਜੀ) ਫੋਰਮ ਦੀ ਬੈਠਕ ਵਿਚ ਬੋਲਦਿਆਂ ਇਮਰਾਨ ਨੇ ਭਾਰਤ ਦੇ ਨਾਗਰਿਕਤਾ ਕਾਨੂੰਨ ਨੂੰ ਦੱਖਣੀ ਏਸ਼ੀਆ ਦਾ ਵੱਡਾ ਸ਼ਰਨਾਰਥੀ ਸੰਕਟ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਖੇਤਰੀ ਟੈਨਸ਼ਨ ਵਧੇਗੀ, ਸਗੋਂ 2 ਪ੍ਰਮਾਣੂ ਸੰਪੰਨ ਦੇਸ਼ਾਂ ਵਿਚ ਟਕਰਾਅ ਵੀ ਹੋ ਸਕਦਾ ਹੈ।
ਇਮਰਾਨ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ ਨੂੰ ਭਾਰਤ ਦੇ ਅੰਦਰੂਨੀ ਮੁੱਦਿਆਂ ਨੂੰ ਕੌਮਾਂਤਰੀ ਸਟੇਜਾਂ ’ਤੇ ਉਛਾਲਣ ਦੀ ਪਾਕਿਸਤਾਨ ਦੀ ਪੁਰਾਣੀ ਆਦਤ ਦੱਸਿਆ। ਜੇਨੇਵਾ ਵਿਚ ਯੂ. ਐੱਨ. ਵਲੋਂ ਆਯੋਜਿਤ ਪ੍ਰੋਗਰਾਮ ਵਿਚ ਇਮਰਾਨ ਨੇ ਭਾਰਤ ਦੇ ਨਾਗਰਿਕਤਾ ਕਾਨੂੰਨ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ 3 ਦੇਸ਼ਾਂ ਦੇ ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਵਿਤਕਰੇ ਭਰਿਆ ਹੈ। ਇਸ ਫੈਸਲੇ ਨਾਲ ਪੂਰੇ ਦੱਖਣੀ ਏਸ਼ੀਆ ਵਿਚ ਸ਼ਰਨਾਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਇਸ ਮੌਕੇ ’ਤੇ ਇਮਰਾਨ ਨੇ ਇਕ ਵਾਰ ਮੁੜ ਕਸ਼ਮੀਰ ਦਾ ਰਾਗ ਅਲਾਪਿਆ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਹੁਣ ਕਸ਼ਮੀਰ ਦੇ ਹਾਲਾਤ ’ਤੇ ਬਿਆਨ ਦੇਣਾ ਚਾਹੀਦਾ ਹੈ।
ਇਮਰਾਨ ਦੇ ਬਿਆਨ ’ਤੇ ਤਿੱਖੀ ਟਿੱਪਣੀ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਭਾਰਤ ਦੇ ਅੰਦਰੂਨੀ ਮਾਮਲਿਆਂ ਗੈਰ-ਜ਼ਰੂਰੀ ਦਖਲ ਦੇਣ ਲਈ ਕੌਮਾਂਤਰੀ ਸਟੇਜ ਦੀ ਵਰਤੋਂ ਕਰ ਰਹੇ ਹਨ। ਸਾਰੀ ਦੁਨੀਆ ਇਹ ਗੱਲ ਜਾਣਦੀ ਹੈ ਕਿ ਪਿਛਲੇ 72 ਸਾਲਾਂ ਵਿਚ ਪਾਕਿਸਤਾਨ ਨੇ ਆਪਣੇ ਦੇਸ਼ ਵਿਚ ਰਹਿੰਦੇ ਘੱਟ ਗਿਣਤੀਆਂ ’ਤੇ ਅੱਤਿਆਚਾਰ ਕੀਤਾ ਹੈ। ਇਸ ਕਾਰਣ ਹੀ ਉਹ ਭਾਰਤ ਵਿਚ ਸ਼ਰਨ ਲੈਣ ਲਈ ਮਜਬੂਰ ਹੋਏ ਹਨ। ਪਾਕਿਸਤਾਨ ਨੂੰ ਧਾਰਮਿਕ ਘੱਟ ਗਿਣਤੀ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਉਹ ਉਥੇ ਸਤਿਕਾਰਯੋਗ ਢੰਗ ਨਾਲ ਰਹਿ ਸਕਣ।
ਭਾਰਤ ਦੇ ਮੁਸਲਿਮ ਸ਼ਰਨਾਰਥੀਆਂ ਨੂੰ ਨਹੀਂ ਦਿਆਂਗੇ ਥਾਂ : ਪਾਕਿ ਪੀ. ਐੱਮ.
ਭਾਰਤ ਵਿਚ ਨਾਗਰਿਕਤਾ (ਸੋਧ) ਕਾਨੂੰਨ ਨੂੰ ਲੈ ਕੇ ਹੋ ਰਹੇ ਵਿਰੋਧ ਵਿਖਾਵਿਆਂ ਦਰਮਿਆਨ ਇਮਰਾਨ ਖਾਨ ਨੇ ਇਕ ਹੋਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਭਾਰਤ ਦੇ ਨਵੇਂ ਕਾਨੂੰਨ ਕਾਰਣ ਜੇ ਵੱਡੀ ਗਿਣਤੀ ਵਿਚ ਮੁਸਲਮਾਨ ਭਾਰਤ ਛੱਡਣ ਲਈ ਮਜਬੂਰ ਹੁੰਦੇ ਹਨ ਤਾਂ ਪਾਕਿਸਤਾਨ ਉਨ੍ਹਾਂ ਨੂੰ ਸ਼ਰਨ ਨਹੀਂ ਦੇਵੇਗਾ। ਜੇਨੇਵਾ ਵਿਚ ਉਨ੍ਹਾਂ ਕਿਹਾ ਕਿ ਭਾਰਤ ਦੇ ਇਸ ਨਵੇਂ ਕਾਨੂੰਨ ਕਾਰਣ ਲੱਖਾਂ ਮੁਸਲਮਾਨਾਂ ਨੂੰ ਭਾਰਤ ਛੱਡਣਾ ਪਏਗਾ। ਇਸ ਕਾਰਣ ਪੂਰੀ ਦੁਨੀਆ ਵਿਚ ਸ਼ਰਨਾਰਥੀਆਂ ਦੀ ਸਮੱਸਿਆ ਪੈਦਾ ਹੋਵੇਗੀ। ਭਾਰਤ ਤੋਂ ਬਾਹਰ ਨਿਕਲਣ ਵਾਲੇ ਮੁਸਲਮਾਨਾਂ ਨੂੰ ਪਾਕਿਸਤਾਨ ਵਿਚ ਕੋਈ ਥਾਂ ਨਹੀਂ ਮਿਲੇਗੀ।
ਯੂ.ਪੀ. 'ਚ ਠੰਡ ਦਾ ਕਹਿਰ, 2 ਦਿਨਾਂ ਲਈ ਸਕੂਲ ਬੰਦ
NEXT STORY